30 ਰੁਪਏ ਮਹਿੰਗੀ ਹੋਈ ਬੀਅਰ ’ਤੇ ਐਕਸ਼ਨ: ਐਕਸਾਈਜ਼ ਵਿਭਾਗ ਨੇ ਲਿਆ ਵੱਡਾ ਫ਼ੈਸਲਾ
Monday, Apr 03, 2023 - 04:58 PM (IST)
ਜਲੰਧਰ (ਪੁਨੀਤ)- ਨਵੇਂ ਠੇਕੇਦਾਰਾਂ ਨੇ ਗਰੁੱਪਾਂ ਦਾ ਸੰਚਾਲਨ ਸ਼ੁਰੂ ਕਰਦੇ ਹੀ ਬੀਅਰ ਦੀਆਂ ਕੀਮਤਾਂ ’ਚ 30 ਰੁਪਏ ਪ੍ਰਤੀ ਬੋਤਲ ਦਾ ਵਾਧਾ ਕਰਦੇ ਹੋਏ ਖ਼ਪਤਕਾਰਾਂ ਨੂੰ ਵੱਡਾ ਝਟਕਾ ਦਿੱਤਾ ਹੈ। ਉੱਥੇ ਹੀ ਠੇਕੇਦਾਰਾਂ ਨੂੰ ਮਨਮਰਜ਼ੀ ਨੂੰ ਰੋਕਣ ਲਈ ਵਿਭਾਗ ਨੇ ਵਾਧੂ ਫ਼ੈਸਲਾ ਲੈਂਦੇ ਹੋਏ ਬੀਅਰ ਦੀਆਂ ਕੀਮਤਾਂ ਖ਼ੁਦ ਨਿਰਧਾਰਿਤ ਕਰਨ ਦਾ ਫ਼ੈਸਲਾ ਲਿਆ ਹੈ। ਵਿਭਾਗ ਵੱਲੋਂ ਇਸ ਸਬੰਧੀ ਸੋਮਵਾਰ ਨੂੰ ਮੀਟਿੰਗ ਬੁਲਾਈ ਗਈ, ਜਿਸ ’ਚ ਅਹਿਮ ਫ਼ੈਸਲੇ ਲਈ ਜਾਣਗੇ। ਇਸ ’ਚ ਬੀਅਰ ਦੀਆਂ ਕੀਮਤਾਂ ਨਿਰਧਾਰਿਤ ਕਰਨ ਦੀ ਰੂਪਰੇਖਾ ਨੂੰ ਫਾਈਨਲ ਕੀਤਾ ਜਾਵੇਗਾ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਨਵੀਂ ਪਾਲਿਸੀ ਤਹਿਤ ਠੇਕੇਦਾਰਾਂ ਦੀ ਮਨਮਰਜ਼ੀ ਰੋਕਣ ਲਈ ਐਕਸਾਈਜ਼ ਵਿਭਾਗ ਵੱਲੋਂ ਪਹਿਲੀ ਵਾਰ ਬੀਅਰ ਦੀਆਂ ਕੀਮਤਾਂ ਨਿਰਧਾਰਿਤ ਕੀਤੀਆਂ ਜਾਣਗੀਆਂ। ਇਸ ਮੁਤਾਬਕ ਵਿਭਾਗ ਘੱਟੋ-ਘੱਟ ਤੇ ਵੱਧ ਤੋਂ ਵੱਧ ਕੀਮਤ ਤੈਅ ਕਰੇਗਾ ਤੇ ਠੇਕੇਦਾਰਾਂ ਨੂੰ ਇਨ੍ਹਾਂ ਕੀਮਤਾਂ ਅਨੁਸਾਰ ਹੀ ਬੀਅਰ ਦੀ ਵਿਕਰੀ ਕਰਨੀ ਪਵੇਗੀ। ਇਸ ਤੋਂ ਵੱਧ ਕੀਮਤ ਵਸੂਲ ਕਰਨ ਵਾਲੇ ਠੇਕੇਦਾਰਾਂ ਵਿਰੁੱਧ ਬਣਦੀ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਨਵੇਂ ਠੇਕੇਦਾਰਾਂ ਵੱਲੋਂ ਚਾਰਜ ਲੈਣ ਤੋਂ ਬਾਅਦ 150 ਰੁਪਏ ’ਚ ਵਿਕਣ ਵਾਲੀ ਬੀਅਰ ਦੀਆਂ ਕੀਮਤਾਂ ’ਚ 30 ਰੁਪਏ ਦਾ ਵਾਧਾ ਕਰ ਕੇ 180 ਰੁਪਏ ਪ੍ਰਤੀ ਬੋਤਲ ਦੀ ਕੀਮਤ ਡਿਸਪਲੇ ਕੀਤੇ ਗਏ ਹਨ, ਜਿਸ ਨਾਲ ਖਪਤਕਾਰਾਂ ਨੂੰ ਵੱਡਾ ਝਟਕਾ ਲੱਗਾ ਹੈ। ਦੱਸਿਆ ਜਾ ਰਿਹਾ ਹੈ ਕਿ ਕਈ ਠੇਕਿਆਂ ’ਤੇ ਬੀਅਰ ਦੀਆਂ ਕੀਮਤਾਂ ਨੂੰ ਲੈ ਕੇ ਖਪਤਕਾਰਾਂ ਨੂੰ ਨਿਰਾਸ਼ ਵਾਪਸ ਪਰਤਣਾ ਪਿਆ।
ਇਹ ਵੀ ਪੜ੍ਹੋ : ਖੇਤੀ ਉਤਪਾਦਨ ਲਈ ਚੰਗੀ ਖ਼ਬਰ, ਪੌਂਗ ਡੈਮ ਝੀਲ ’ਚ ਪਾਣੀ ਦਾ ਪੱਧਰ ਪਿਛਲੇ ਸਾਲ ਨਾਲੋਂ ਵਧਿਆ
ਅਧਿਕਾਰੀਆਂ ਦਾ ਕਹਿਣਾ ਹੈ ਕਿ ਗਰਮੀਆਂ ਦੇ ਸੀਜ਼ਨ ’ਚ ਬੀਅਰ ਦੀ ਵਿਕਰੀ ਵੱਡੇ ਪੱਧਰ ’ਤੇ ਹੁੰਦੀ ਹੈ। ਅਜਿਹੇ ’ਚ ਠੇਕੇਦਾਰਾਂ ਵੱਲੋਂ ਮਨਮਰਜ਼ੀ ਤੋਂ ਵਧ ਕੀਮਤ ਸਬੰਧੀ ਵਸੂਲਣ ਸਬੰਧੀ ਸ਼ਿਕਾਇਤਾਂ ਮਿਲਦੀਆਂ ਰਹਿੰਦੀਆਂ ਹਨ। ਇਸੇ ਨੂੰ ਮੱਦੇਨਜ਼ਰ ਐਕਸਾਈਜ਼ ਵਿਭਾਗ ਨੇ ਪੰਜਾਬ ਭਰ ’ਚ ਬੀਅਰ ਦੀਆਂ ਕੀਮਤਾਂ ਆਪਣੇ ਕੰਟਰੋਲ ’ਚ ਰੱਖਣ ਦਾ ਅਹਿਮ ਤੇ ਫੈਸਲਾਕੁੰਨ ਫ਼ੈਸਲਾ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪਿਛਲੇ ਦਿਨੀਂ 150 ਰੁਪਏ ਦੇ ਵਧ ਤੋਂ ਵਧ ਕੀਮਤ ’ਤੇ ਵਿਕਣ ਵਾਲੀ ਬੀਅਰ ਦੀਆਂ ਕੀਮਤਾਂ ’ਚ ਕੁਝ ਵਾਧਾ ਹੋਣਾ ਤੈਅ ਮੰਨਿਆ ਜਾ ਰਿਹਾ ਹੈ ਪਰ ਇਸ ’ਤੇ ਆਖਰੀ ਫ਼ੈਸਲਾ ਸੋਮਵਾਰ ਨੂੰ ਪਤਾ ਲੱਗ ਸਕੇਗਾ। ਅਧਿਕਾਰੀਆਂ ਨੇ ਕਿਹਾ ਕਿ ਸੋਮਵਾਰ ਤਕ ਠੇਕੇਦਾਰ ਆਪਣੀ ਮਰਜ਼ੀ ਦੀਆਂ ਕੀਮਤਾਂ ਮੁਤਾਬਕ ਬੀਅਰ ਦੀ ਵਿਕਰੀ ਕਰਨ ਨੂੰ ਆਜ਼ਾਦ ਹਨ ਪਰ ਮੰਗਲਵਾਰ ਤੋਂ ਵਿਭਾਗ ਵਲੋਂ ਨਿਰਧਾਰਿਤ ਕੀਤੀਆਂ ਗਈਆਂ ਕੀਮਤਾਂ ਮੁਤਾਬਕ ਵਿਕਰੀ ਕਰਨਾ ਜ਼ਰੂਰੀ ਹੋ ਜਾਵੇਗਾ। ਹਰੇਕ ਠੇਕੇਦਾਰ ਨੂੰ ਆਪਣੇ ਗਰੁੱਪਾਂ ਨਾਲ ਸਬੰਧਤ ਠੇਕਿਆਂ ’ਤੇ ਬੀਅਰ ਦੀ ਕੀਮਤ ਵਧੀਆ ਢੰਗ ਨਾਲ ਡਿਸਪਲੇ ਕਰਨੇ ਹੋਣਗੇ ਤਾਂ ਕਿ ਖਪਤਕਾਰਾਂ ਨੂੰ ਕੀਮਤਾਂ ਦਾ ਆਸਾਨੀ ਨਾਲ ਪਤਾ ਲੱਗ ਸਕੇ।
ਗੁਆਂਢੀ ਸੂਬਿਆਂ ਦੇ ਮੁਕਾਬਲੇ ਬੀਅਰ ਕੀਤੀ ਰਿਕਾਰਡ ਵਿਕਰੀ
ਗੁਆਂਢੀ ਸੂਬਿਆਂ ਦੇ ਮੁਕਾਬਲੇ ਪੰਜਾਬ ’ਚ ਬੀਅਰ ਦੀ ਰਿਕਾਰਡ ਵਿਕਰੀ ਹੁੰਦੀ ਰਹੀ ਹੈ, ਜਿਸ ਨਾਲ ਠੇਕੇਦਾਰਾਂ ਨੂੰ ਵੱਡਾ ਲਾਭ ਹੁੰਦਾ ਆਇਆ ਹੈ। ਠੇਕਿਆਂ ’ਤੇ ਬੀਅਰ ਦਾ ਸੀਜ਼ਨ ਅਪ੍ਰੈਲ ਤੋਂ ਸ਼ੁਰੂ ਹੋ ਜਾਂਦਾ ਹੈ ਜੋ ਕਿ ਲੱਗਭਗ 5-6 ਮਹੀਨੇ ਤਕ ਜ਼ੋਰਾਂ-ਸ਼ੋਰਾਂ ਨਾਲ ਚੱਲਦਾ ਹੈ। ਇਸ ਦੌਰਾਨ ਬੀਅਰ ਦੀ ਵਿਕਰੀ ਨੂੰ ਵਧਾਉਣ ਲਈ ਠੇਕੇਦਾਰਾਂ ਵਲੋਂ ਕਈ ਤਰ੍ਹਾਂ ਦੇ ਲੁਭਾਵਣੇ ਆਫਰ ਕੱਢੇ ਜਾਂਦੇ ਹਨ। ਇਸ ਵਾਰ ਬੀਅਰ ਦੀ ਵਿਕਰੀ ਦੇ ਸੀਜ਼ਨ ਨੂੰ ਲੈ ਕੇ ਠੇਕੇਦਾਰ ਖਾਸ ਉਤਸ਼ਾਹਿਤ ਨਜ਼ਰ ਆ ਰਹੇ ਹਨ। ਹੁਣ ਵਿਭਾਗ ਵੱਲੋਂ ਤੈਅ ਕੀਤੇ ਜਾਣ ਵਾਲੇ ਮਾਪਦੰਡ ਖਪਤਕਾਰਾਂ ਲਈ ਕੀ ਨਵਾਂ ਲੈ ਕੇ ਆਉਂਦੇ ਹਨ, ਇਹ ਦੇਖਣ ਯੋਗ ਹੋਵੇਗਾ।
ਇਹ ਵੀ ਪੜ੍ਹੋ : ‘ਅੰਨਦਾਤਾ’ ’ਤੇ ਕੁਦਰਤ ਦੀ ਮਾਰ, ਬੇਮੌਸਮੀ ਮੀਂਹ ਤੇ ਗੜਿਆਂ ਨਾਲ ਪੰਜਾਬ ’ਚ ਕਣਕ ਦੀ 20 ਫ਼ੀਸਦੀ ਫ਼ਸਲ ਖ਼ਰਾਬ
ਸ਼ਰਾਬ ਦੀਆਂ ਕੀਮਤਾਂ ਨੂੰ ਲੈ ਕੇ ਵਿਭਾਗ ਰੱਖੇਗਾ ਨਜ਼ਰ
ਉੱਥੇ ਹੀ ਸ਼ਰਾਬ ਦੀਆਂ ਕੀਮਤਾਂ ਨੂੰ ਲੈ ਕੇ ਵਿਭਾਗ ਵੱਲੋਂ ਠੇਕੇਦਾਰਾਂ ਦੀ ਕਾਰਜਪ੍ਰਣਾਲੀ ’ਤੇ ਪੂਰੀ ਨਜ਼ਰ ਰੱਖੀ ਜਾਵੇਗੀ। ਠੇਕੇਦਾਰਾਂ ਵੱਲੋਂ ਸ਼ੁਰੂਆਤੀ ਤੌਰ ’ਤੇ 20 ਫੀਸਦੀ ਦੇ ਲਗਭਗ ਕੀਮਤ ਵਧਾਈ ਗਈ ਹੈ ਜੋ ਕਿ ਖਪਤਕਾਰਾਂ ਨੂੰ ਪਹੁੰਚ ਤੋਂ ਦੂਰ ਲੱਗ ਰਹੇ ਹਨ। ਪੰਜਾਬ ’ਚ ਸਸਤੀ ਸ਼ਰਾਬ ਦੀਆਂ ਆਸਾਂ ਲਾਈ ਬੈਠੇ ਖ਼ਪਤਕਾਰਾਂ ਵੱਲੋਂ ਠੇਕੇ ਟੁੱਟਣ ’ਤੇ ਬਹੁਤ ਸਸਤੀਆਂ ਕੀਮਤਾਂ ’ਤੇ ਮਾਲ ਸਟਾਕ ਕੀਤਾ ਜਾ ਚੁੱਕਾ ਹੈ ਤੇ ਹੁਣ ਮਹਿੰਗੀ ਕੀਮਤ ’ਚ ਸ਼ਰਾਬ ਖ਼ਰੀਦਣਾ ਉਨ੍ਹਾਂ ਦੀ ਜੇਬ ’ਤੇ ਬਹੁਤ ਅਸਰ ਪਾਵੇਗਾ।
ਖ਼ਪਤਕਾਰਾਂ ਦੀ ਸਹੂਲਤ ਦਾ ਧਿਆਨ ਰੱਖਿਆ ਜਾਵੇਗਾ : ਡਿਪਟੀ ਕਮਿਸ਼ਨਰ
ਡਿਪਟੀ ਕਮਿਸਨਰ ਐਕਸਾਈਜ਼ ਪਰਮਜੀਤ ਸਿੰਘ ਨੇ ਕਿਹਾ ਕਿ ਨਵੀਂ ਪਾਲਿਸੀ ਤਹਿਤ ਠੇਕੇਦਾਰਾਂ ਵੱਲੋਂ ਸੰਚਾਲਨ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ’ਚ ਖ਼ਪਤਕਾਰਾਂ ਦੀ ਸਹੂਲਤ ਦਾ ਪੂਰਾ ਧਿਆਨ ਰੱਖਿਆ ਜਾਵੇਗਾ। ਸਬੰਧਤ ਐਕਸਾਈਜ਼ ਇੰਸਪੈਕਟਰ ਰੁਟੀਨ ’ਚ ਠੇਕਿਆਂ ’ਤੇ ਜਾਂਚ ਕਰਨਗੇ। ਬੀਅਰ ਦੀ ਕੀਮਤ ਨਿਰਧਾਰਿਤ ਕਰ ਕੇ ਉਨ੍ਹਾਂ ਨੂੰ ਡਿਸਪਲੇ ਕਰਨਾ ਯਕੀਨੀ ਬਣਾਇਆ ਜਾਵੇਗਾ।
ਇਹ ਵੀ ਪੜ੍ਹੋ : ਯੂ. ਕੇ. ’ਚ ਦੋਹਰੀ ਜ਼ਿੰਦਗੀ ਜੀਅ ਰਿਹੈ KLF ਦਾ ਮੁਖੀ ਰਣਜੋਧ ਸਿੰਘ, ਅੰਮ੍ਰਿਤਪਾਲ ਨਾਲ ਹੈ ਸਿੱਧਾ ਕੁਨੈਕਸ਼ਨ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।