ਐਕਸਾਈਜ਼ ਵਿਭਾਗ ਵੱਲੋਂ 200 ਲਿਟਰ ਲਾਹਣ, 32 ਬੋਤਲਾਂ ਦੇਸੀ ਨਾਜਾਇਜ਼ ਸ਼ਰਾਬ ਬਰਾਮਦ
Tuesday, Aug 16, 2022 - 05:44 PM (IST)
ਬਟਾਲਾ/ਘੁਮਾਣ/ਨੌਸ਼ਹਿਰਾ ਮੱਝਾ ਸਿੰਘ (ਗੋਰਾਇਆ) : ਐਕਸਾਈਜ਼ ਵਿਭਾਗ ਵੱਲੋਂ ਸਰਕਲ ਫ਼ਤਿਹਗੜ੍ਹ ਚੂੜੀਆਂ ਤਹਿਤ ਆਉਂਦੇ ਪਿੰਡਾਂ ਵਿਚ ਚਲਾਏ ਸਰਚ ਅਭਿਆਨ ਤਹਿਤ ਲਾਹਣ ਤੇ ਸ਼ਰਾਬ ਬਰਾਮਦ ਕੀਤੀ ਗਈ। ਰਜਿੰਦਰਾ ਵਾਈਨ ਦੇ ਜੀ.ਐੱਮ. ਤੇਜਿੰਦਰਪਾਲ ਸਿੰਘ ਤੇਜੀ ਅਨੁਸਾਰ ਜ਼ਿਲ੍ਹਾ ਐਕਸਾਈਜ਼ ਸਹਾਇਕ ਕਮਿਸ਼ਨਰ ਪਵਨਜੀਤ ਸਿੰਘ ਅਤੇ ਐੱਸ.ਐੱਸ.ਪੀ. ਬਟਾਲਾ ਸਤਿੰਦਰ ਸਿੰਘ ਵੱਲੋਂ ਨਸ਼ਾ ਤਸਕਰਾਂ ਖ਼ਿਲਾਫ਼ ਮੁਹਿੰਮ ਤੇਜ਼ ਕਰਨ ਦੀਆਂ ਮਿਲੀਆਂ ਹਦਾਇਤਾਂ ’ਤੇ ਈ.ਟੀ.ਓ. ਐਕਸਾਈਜ਼ ਗੌਤਮ ਗੋਬਿੰਦ, ਐਕਸਾਈਜ਼ ਇੰਸਪੈਕਟਰ ਦੀਪਕ ਕੁਮਾਰ, ਐਕਸਾਈਜ਼ ਪੁਲਸ ਸਟਾਫ਼ ਏ.ਐੱਸ.ਆਈ. ਖ਼ੁਸ਼ਵੰਤ ਸਿੰਘ, ਏ.ਐੱਸ.ਆਈ. ਜਸਪਿੰਦਰ ਸਿੰਘ ਬਾਜਵਾ, ਗੁੱਲੂ ਮਰੜ ਸਰਕਲ ਇੰਚਾਰਜ, ਇੰਚਾਰਜ ਪ੍ਰਿੰਸ ’ਤੇ ਆਧਾਰਿਤ ਰੇਡ ਪਾਰਟੀ ਟੀਮ ਨੂੰ ਮਿਲੀ ਗੁਪਤ ਸੂਚਨਾ ਦੇ ਆਧਾਰ ’ਤੇ ਅਲੀਵਾਲ ਡਰੇਨ ’ਤੇ ਛਾਪੇਮਾਰੀ ਕਰਦਿਆਂ ਹੋਇਆਂ ਪਲਾਸਟਿਕ ਦੇ ਚਾਰ ਡਰੰਮਾਂ ਵਿਚ 200 ਲਿਟਰ ਲਾਹਣ ਬਰਾਮਦ ਹੋਈ।
ਇਸੇ ਤਰ੍ਹਾਂ ਸਰਕਲ ਫ਼ਤਿਹਗੜ੍ਹ ਚੂੜੀਆਂ ਦੇ ਪਿੰਡ ਡੋਗਰ ’ਚ ਛਾਪੇਮਾਰੀ ਕਰਦਿਆਂ ਹੋਇਆਂ 32 ਬੋਤਲਾਂ ਕੱਢੀ ਹੋਈ ਨਾਜਾਇਜ਼ ਦੇਸੀ ਰੂੜੀ ਮਾਰਕਾ ਸ਼ਰਾਬ ਜੋ ਕਿ ਪੈਪਸੀ ਦੀਆਂ 8 ਬੋਤਲਾਂ ਵਿਚ ਭਰੀ ਹੋਈ ਸੀ, ਬਰਾਮਦ ਕਰ ਲਈ ਗਈ ਜਿਸਨੂੰ ਬਾਅਦ ਵਿੱਚ ਐਕਸਾਈਜ਼ ਵਿਭਾਗ ਵੱਲੋਂ ਨਸ਼ਟ ਕਰ ਦਿੱਤਾ ਗਿਆ। ਇਸ ਮੌਕੇ ਜ਼ਿਲ੍ਹਾ ਸਹਾਇਕ ਐਕਸਾਈਜ਼ ਕਮਿਸ਼ਨਰ ਪਵਨਜੀਤ ਸਿੰਘ ਨੇ ਨਸ਼ਾ ਤਸਕਰਾਂ ਨੂੰ ਤਾੜਨਾ ਕੀਤੀ ਹੈ ਕਿ ਉਹ ਸ਼ਰਾਬ ਦਾ ਧੰਦਾ ਛੱਡ ਦੇਣ, ਨਹੀਂ ਤਾਂ ਵਿਭਾਗ ਉਨਾਂ ਦੇ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਨ ਤੋਂ ਗੁਰੇਜ਼ ਨਹੀਂ ਕਰੇਗਾ।