ਐਕਸਾਈਜ਼ ਵਿਭਾਗ ਵੱਲੋਂ ਦਰਿਆ ਬਿਆਸ ਕੰਢਿਓਂ ਨਸ਼ੇ ਦਾ ਵੱਡਾ ਜ਼ਖ਼ੀਰਾ ਬਰਾਮਦ
Saturday, Oct 15, 2022 - 04:48 PM (IST)

ਘੁਮਾਣ (ਗੋਰਾਇਆ) : ਪੰਜਾਬ ਸਰਕਾਰ ਵੱਲੋਂ ਨਸ਼ੇ ਦੇ ਖ਼ਾਤਮੇ ਲਈ ਐਕਸਾਈਜ਼ ਵਿਭਾਗ ਨੂੰ ਦਿੱਤੀਆਂ ਸਖ਼ਤ ਹਦਾਇਤਾਂ ਤਹਿਤ ਜ਼ਿਲ੍ਹਾ ਸਹਾਇਕ ਐਕਸਾਈਜ਼ ਕਮਿਸ਼ਨਰ ਗੁਰਦਾਸਪੁਰ ਪਵਨਜੀਤ ਸਿੰਘ ਦੀ ਅਗਵਾਈ ’ਚ ਅੱਜ ਬਿਆਸ ਦਰਿਆ ਕੰਢੇ ਵੱਸੇ ਪਿੰਡਾਂ ’ਚ ਸ਼ਰਾਬ ਤੇ ਲਾਹਣ ਦਾ ਵੱਡਾ ਜ਼ਖ਼ੀਰਾ ਬਰਾਮਦ ਕੀਤਾ ਗਿਆ ਹੈ। ਇਸ ਸਬੰਧ ’ਚ ਰਜਿੰਦਰਾ ਵਾਈਨ ਦੇ ਜੀ.ਐੱਮ. ਤੇਜਿੰਦਰਪਾਲ ਸਿੰਘ ਤੇਜੀ ਨੇ ਦੱਸਿਆ ਕਿ ਐਕਸਾਈਜ਼ ਈ.ਟੀ.ਓ. ਰਜਿੰਦਰ ਤਨਵਰ, ਈ.ਟੀ.ਓ. ਗੌਤਮ ਗੋਬਿੰਦ, ਐਕਸਾਈਜ਼ ਇੰਸਪੈਕਟਰ ਗੁਲਜ਼ਾਰ ਮਸੀਹ, ਇੰਸਪੈਕਟਰ ਦੀਪਕ ਕੁਮਾਰ, ਇੰਸਪੈਕਟਰ ਅਵਤਾਰ ਸਿੰਘ, ਇੰਸਪੈਕਟਰ ਅਜੇ ਕੁਮਾਰ, ਏ.ਐੱਸ.ਆਈ. ਦਲਬੀਰ ਸਿੰਘ, ਏ.ਐੱਸ.ਆਈ. ਜਸਵਿੰਦਰ ਸਿੰਘ, ਹੌਲਦਾਰ ਹਰਜਿੰਦਰ ਸਿੰਘ, ਹੌਲਦਾਰ ਮੋਹਨ, ਸਿਪਾਹੀ ਜੋਗਾ ਸਿੰਘ ਤੇ ਸਰਕਲ ਇੰਚਾਰਜ ਜਤਿੰਦਰ, ਸਰਕਲ ਸ਼੍ਰੀ ਹਰਗੋਬਿੰਦਪੁਰ ਸਾਹਿਬ ’ਤੇ ਆਧਾਰਿਤ ਰੇਡ ਪਾਰਟੀ ਟੀਮ ਨੂੰ ਪਿਛਲੇ ਸਮੇਂ ਤੋਂ ਸੂਚਨਾ ਪ੍ਰਾਪਤ ਹੋਈ ਸੀ ਕਿ ਦਰਿਆ ਬਿਆਸ ਕੰਢੇ ਵਸੇ ਪਿੰਡ ਬੁੱਢਾਬਾਲਾ ਅਤੇ ਦਰਿਆ ਬਿਆਸ ਅੰਦਰ ਬਣੇ ਟਾਪੂ ਵਿਚ ਲਾਹਣ ਤੇ ਸ਼ਰਾਬ ਦਾ ਵੱਡਾ ਜ਼ਖ਼ੀਰਾ ਮਿਲ ਸਕਦਾ ਹੈ।
ਇਸ ’ਤੇ ਅੱਜ ਐਕਸਾਈਜ਼ ਸਹਾਇਕ ਕਮਿਸ਼ਨਰ ਪਵਨਜੀਤ ਸਿੰਘ ਅਤੇ ਸਮੁੱਚੀ ਐਕਸਾਈਜ਼ ਵਿਭਾਗ ਦੀ ਰੇਡ ਟੀਮ ਵੱਲੋਂ ਪੁਲਸ ਚੌਕੀ ਹਰਚੋਵਾਲ ਦੀ ਪੁਲਸ ਨਾਲ ਜਦ ਇੱਥੇ ਛਾਪੇਮਾਰੀ ਸ਼ੁਰੂ ਕੀਤੀ ਤਾਂ ਲੋਹੇ ਦੇ ਦੋ ਡਰੰਮਾਂ ਵਿਚ 400 ਲਿਟਰ ਲਾਹਣ ਤੇ 56 ਤਰਪਾਲਾਂ ਜਿਸ ਵਿਚ 82500 ਲਿਟਰ ਲਾਹਣ ਅਤੇ ਪਲਾਸਟਿਕ ਦੇ 13 ਕੈਨਾਂ ’ਚ 650 ਲਿਟਰ ਲਾਹਣ। ਇਸ ਤਰਾਂ ਕੁੱਲ ਮਿਲਾ ਕੇ ਰੇਡ ਟੀਮ ਨੂੰ 84000 ਲਿਟਰ ਲਾਹਣ ਬਰਾਮਦ ਹੋਈ ਜਿਸਨੂੰ ਐਕਸਾਈਜ਼ ਵਿਭਾਗ ਨੇ ਨਸ਼ਟ ਕਰ ਦਿੱਤਾ। ਉਧਰ, ਐਕਸਾਈਜ਼ ਵਿਭਾਗ ਦੇ ਸਹਾਇਕ ਕਮਿਸ਼ਨਰ ਪਵਨਜੀਤ ਸਿੰਘ ਨੇ ‘ਜਗਬਾਣੀ’ ਨੂੰ ਦੱਸਿਆ ਕਿ ਦਰਿਆ ਬਿਆਸ ’ਤੇ ਸ਼ਰਾਬ ਦਾ ਕਾਲਾ ਧੰਦਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਹਰ ਮਹੀਨੇ ਲੱਖਾਂ ਲਿਟਰ ਲਾਹਣ ਇੱਥੋਂ ਫੜੀ ਜਾ ਰਹੀ ਹੈ। ਐਕਸਾਈਜ਼ ਵਿਭਾਗ ਵੱਲੋਂ ਸਖ਼ਤੀ ਕਰਨ ਦੇ ਬਾਵਜੂਦ ਵੀ ਨਸ਼ਾ ਤਸਕਰ ਬਾਜ਼ ਨਹੀਂ ਆ ਰਹੇ। ਉਨ੍ਹਾਂ ਕਿਹਾ ਕਿ ਐਕਸਾਈਜ਼ ਵਿਭਾਗ ਇੱਥੇ ਨਸ਼ੇ ਦਾ ਕਾਰੋਬਾਰ ਕਿਸੇ ਕੀਮਤ ’ਤੇ ਹੋਣ ਨਹੀਂ ਦੇਵੇਗਾ। ਇਸ ਲਈ ਨਸ਼ਾ ਤਸਕਰ ਬਾਜ ਆਉਣ ਜਾਂ ਫਿਰ ਸਖ਼ਤ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ।