1500 ਕਰੋੜ ਦੇ 32 ਗਰੁੱਪਾਂ ਦੇ ਟੈਂਡਰਾਂ ਸਬੰਧੀ ਫੀਲਡ ’ਚ ਉਤਰੇ ਐਕਸਾਈਜ਼ ਕਮਿਸ਼ਨਰ

03/24/2023 1:35:24 AM

ਜਲੰਧਰ (ਪੁਨੀਤ) : ਨਵੀਂ ਐਕਸਾਈਜ਼ ਪਾਲਿਸੀ ਲਾਗੂ ਹੋਣ ਵਿੱਚ ਇਕ ਹਫ਼ਤੇ ਦੇ ਲਗਭਗ ਸਮਾਂ ਬਾਕੀ ਰਹਿ ਗਿਆ ਹੈ ਪਰ ਅਜੇ ਵੀ ਪੰਜਾਬ ਦੇ 32 ਗਰੁੱਪਾਂ ਦੀ ਵਿਕਰੀ ਨਹੀਂ ਹੋ ਸਕੀ। ਬਾਕੀ ਬਚੇ ਗਰੁੱਪਾਂ ਨੂੰ ਵੇਚਣ ਪ੍ਰਤੀ ਠੇਕੇਦਾਰਾਂ ਦਾ ਧਿਆਨ ਕੇਂਦਰਿਤ ਕਰਨ ਦੇ ਮੰਤਵ ਨਾਲ ਪੰਜਾਬ ਦੇ ਐਕਸਾਈਜ਼ ਕਮਿਸ਼ਨਰ ਆਈ. ਏ. ਐੱਸ. ਅਧਿਕਾਰੀ ਵਰੁਣ ਰੂਜ਼ਮ ਫੀਲਡ ਵਿਚ ਉਤਰੇ ਅਤੇ ਠੇਕੇਦਾਰਾਂ ਨਾਲ ਮੀਟਿੰਗ ਕਰ ਕੇ ਸ਼ਰਾਬ ਦੀ ਨਾਜਾਇਜ਼ ਵਿਕਰੀ ਰੋਕਣ ਦਾ ਭਰੋਸਾ ਦਿੱਤਾ।

ਪੰਜਾਬ ਦੇ 3 ਜ਼ੋਨਾਂ ਅਧੀਨ ਆਉਂਦੇ 171 ਗਰੁੱਪਾਂ ਵਿਚੋਂ 139 ਦੀ ਵਿਕਰੀ ਹੋ ਚੁੱਕੀ ਹੈ ਅਤੇ ਬਾਕੀ ਬਚੇ 1500 ਕਰੋੜ ਦੀ ਕੀਮਤ ਦੇ 32 ਗਰੁੱਪਾਂ ਲਈ ਈ-ਟੈਂਡਰ ਮੰਗੇ ਗਏ ਹਨ। ਇਨ੍ਹਾਂ ਗਰੁੱਪਾਂ ਵਿੱਚ ਜਲੰਧਰ ਜ਼ੋਨ ਦੇ 10, ਪਟਿਆਲਾ ਦੇ 13 ਅਤੇ ਫਿਰੋਜ਼ਪੁਰ ਜ਼ੋਨ ਦੇ 9 ਗਰੁੱਪ ਸ਼ਾਮਲ ਹਨ। ਵਿਭਾਗ ਵੱਲੋਂ ਇਨ੍ਹਾਂ ਗਰੁੱਪਾਂ ਦੀ ਰਿਜ਼ਰਵ ਪ੍ਰਾਈਸ (ਰਾਖਵੀਂ ਕੀਮਤ) ’ਚ 4.50 ਫੀਸਦੀ ਦੀ ਕਟੌਤੀ ਕਰ ਕੇ ਟੈਂਡਰ ਮੰਗੇ ਗਏ ਹਨ, ਜਿਸ ਤਹਿਤ ਸ਼ੁੱਕਰਵਾਰ ਦੁਪਹਿਰ ਤੱਕ ਅਪਲਾਈ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ : ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨਾਲ ਵਾਪਰਿਆ ਹਾਦਸਾ, ਨਹਿਰ 'ਚ ਡਿੱਗਣ ਨਾਲ ਹੋਈ ਮੌਤ

ਟੈਂਡਰ ਪ੍ਰਕਿਰਿਆ ਵਿਚਕਾਰ ਐਕਸਾਈਜ਼ ਕਮਿਸ਼ਨਰ ਵਰੁਣ ਰੂਜ਼ਮ ਅੱਜ ਦੁਪਹਿਰ 3 ਵਜੇ ਬੱਸ ਸਟੈਂਡ ਨੇੜੇ ਸਥਿਤ ਜੀ. ਐੱਸ. ਟੀ. ਭਵਨ ਪਹੁੰਚੇ ਅਤੇ ਇਥੇ ਜਲੰਧਰ, ਅੰਮ੍ਰਿਤਸਰ, ਮੋਹਾਲੀ, ਨਵਾਂਸ਼ਹਿਰ ਸਮੇਤ ਕਈ ਥਾਵਾਂ ਤੋਂ ਆਏ ਠੇਕੇਦਾਰਾਂ ਨਾਲ ਮੀਟਿੰਗ ਵਿਚ ਉਨ੍ਹਾਂ ਕਿਹਾ ਕਿ ਨਵੀਂ ਐਕਸਾਈਜ਼ ਪਾਲਿਸੀ ‘ਇਨਵੈਸਟਰ ਫਰੈਂਡਲੀ’ ਹੈ। ਠੇਕੇਦਾਰ ਦੂਜੇ ਸ਼ਹਿਰਾਂ ਵਿਚ ਜਾ ਕੇ ਨਿਵੇਸ਼ ਕਰਨ। ਉਨ੍ਹਾਂ ਨੂੰ ਵਪਾਰ ਕਰਨ ਵਿਚ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਨਹੀਂ ਆਵੇਗੀ। ਚੰਡੀਗੜ੍ਹ ਤੋਂ ਹੋਣ ਵਾਲੀ ਸ਼ਰਾਬ ਦੀ ਸਮੱਗਲਿੰਗ ਨੂੰ ਰੋਕਣਾ ਉਨ੍ਹਾਂ ਦੇ ਏਜੰਡੇ ਵਿਚ ਮੁੱਖ ਤੌਰ ’ਤੇ ਸ਼ਾਮਲ ਹੈ। ਜਲੰਧਰ ਜ਼ੋਨ ਦੇ ਠੇਕਿਆਂ ਵਿਚ ਨਿਵੇਸ਼ ਕਰਨ ਪ੍ਰਤੀ ਗੰਭੀਰਤਾ ਦਿਖਾਉਣ ਲਈ ਦੂਜੇ ਸ਼ਹਿਰਾਂ ਤੋਂ ਆਏ ਠੇਕੇਦਾਰਾਂ ਨਾਲ ਮੀਟਿੰਗ ਦੌਰਾਨ ਉਨ੍ਹਾਂ ਕਿਹਾ ਕਿ ਨਵੇਂ ਠੇਕੇਦਾਰਾਂ ਨੂੰ ਮੱਦੇਨਜ਼ਰ ਰੱਖਦਿਆਂ ‘ਇਨਵੈਸਟਰ ਫਰੈਂਡਲੀ’ ਨਵੀਂ ਐਕਸਾਈਜ਼ ਪਾਲਿਸੀ ਬਣਾਈ ਗਈ ਹੈ। ਵਿਭਾਗ ਗਲੀ-ਮੁਹੱਲਿਆਂ ’ਚ ਹੋਣ ਵਾਲੀ ਨਾਜਾਇਜ਼ ਸ਼ਰਾਬ ਦੀ ਵਿਕਰੀ ਹਰ ਹਾਲ ਵਿਚ ਰੋਕੇਗਾ। ਇਸਦੇ ਲਈ ਜ਼ੋਨ ਦੇ ਡਿਪਟੀ ਕਮਿਸ਼ਨਰ ਦੀ ਨਿਗਰਾਨੀ ਵਿਚ ਟੀਮਾਂ ਬਣਾ ਕੇ ਵੱਡੇ ਪੱਧਰ ’ਤੇ ਕੰਮ ਹੋਣਗੇ।

ਇਹ ਵੀ ਪੜ੍ਹੋ : 10 ਸਾਲਾ ਬੱਚੀ ਨਾਲ ਪ੍ਰਿੰਸੀਪਲ ਨੇ ਕੀਤੀਆਂ ਗੰਦੀਆਂ ਹਰਕਤਾਂ, ਮਾਂ ਨੇ ਲਾਏ ਪੁਲਸ 'ਤੇ ਗੰਭੀਰ ਦੋਸ਼

ਅੱਜ ਦੀ ਮੀਟਿੰਗ ਦੌਰਾਨ ਜਲੰਧਰ ਜ਼ੋਨ ਦੇ ਡਿਪਟੀ ਕਮਿਸ਼ਨਰ ਐਕਸਾਈਜ਼ ਪਰਮਜੀਤ ਸਿੰਘ, ਅਸਿਸਟੈਂਟ ਕਮਿਸ਼ਨਰ ਸੁਖਵਿੰਦਰ ਿਸੰਘ, ਹਨੂਮੰਤ ਸਿੰਘ, ਗੁਰਦਾਸਪੁਰ ਤੋਂ ਵਿਸ਼ੇਸ਼ ਰੂਪ ਵਿਚ ਆਏ ਰਾਹੁਲ ਭਾਟੀਆ, ਹਰਜੋਤ ਸਿੰਘ ਅਤੇ ਨੀਰਜ ਸ਼ਰਮਾ ਸਮੇਤ ਅੰਮ੍ਰਿਤਸਰ, ਮੋਹਾਲੀ ਅਤੇ ਨਵਾਂਸ਼ਹਿਰ ਤੋਂ ਪਹੁੰਚੇ 2 ਦਰਜਨ ਤੋਂ ਵੱਧ ਅਧਿਕਾਰੀ ਮੌਜੂਦ ਰਹੇ।

ਨਵੀਂ ਪਾਲਿਸੀ ’ਚ ਕਈ ਠੇਕੇਦਾਰਾਂ ਨੇ ਬਦਲੇ ਸ਼ਹਿਰ

ਅਧਿਕਾਰੀਆਂ ਨੇ ਕਿਹਾ ਕਿ ਨਵੀਂ ਪਾਲਿਸੀ ਦੌਰਾਨ ਵੇਖਣ ਵਿਚ ਆਇਆ ਹੈ ਕਿ ਠੇਕੇਦਾਰ ਆਪਣੇ ਕੰਮ ਸਥਾਨ ਵਿਚ ਬਦਲਾਅ ਕਰਦਿਆਂ ਦੂਜੇ ਸ਼ਹਿਰਾਂ ਵਿਚ ਨਿਵੇਸ਼ ਕਰ ਰਹੇ ਹਨ, ਜਿਸ ਦਾ ਲਾਭ ਸਿੱਧੇ ਤੌਰ ’ਤੇ ਖਪਤਕਾਰਾਂ ਨੂੰ ਮਿਲੇਗਾ। ਇਸ ਨਾਲ ਠੇਕੇਦਾਰਾਂ ਦਾ ਸਿੰਡੀਕੇਟ ਟੁੱਟੇਗਾ ਅਤੇ ਜ਼ਿਆਦਾ ਵਿਕਰੀ ਕਰਨ ਲਈ ਠੇਕੇਦਾਰਾਂ ਨੂੰ ਸ਼ਰਾਬ ਦੀਆਂ ਕੀਮਤਾਂ ਵਿਚ ਕਮੀ ਲਿਆਉਣੀ ਹੋਵੇਗੀ। ਜਲੰਧਰ ਦੇ ਬੱਸ ਸਟੈਂਡ ਅਤੇ ਮਾਡਲ ਟਾਊਨ ਵਿਚ ਨਵੇਂ ਠੇਕੇਦਾਰ ਆ ਚੁੱਕੇ ਹਨ। ਕੁੱਲ ਮਿਲਾ ਕੇ ਨਵੇਂ ਠੇਕੇਦਾਰਾਂ ਦੇ ਆਉਣ ਨਾਲ ਸ਼ਰਾਬ ਦੀਆਂ ਕੀਮਤਾਂ ਵਿਚ ਕਮੀ ਆਵੇਗੀ।

ਅੱਜ ਸ਼ਾਮੀਂ 4 ਵਜੇ ਖੋਲ੍ਹੇ ਜਾਣਗੇ ਟੈਂਡਰ

ਵਿਭਾਗ ਸ਼ੁੱਕਰਵਾਰ ਸ਼ਾਮੀਂ 4 ਵਜੇ ਤੋਂ ਬਾਅਦ ਟੈਂਡਰ ਖੋਲ੍ਹੇਗਾ ਅਤੇ ਇਸ ਦੇ ਤੁਰੰਤ ਬਾਅਦ ਜਾਂਚ-ਪੜਤਾਲ ਕਰ ਕੇ ਟੈਂਡਰ ਅਲਾਟਮੈਂਟ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ। ਟੈਂਡਰ ਸਫਲ ਹੋਣ ’ਤੇ ਠੇਕੇਦਾਰ ਨੂੰ ਨਿਰਧਾਰਿਤ ਰਕਮ ਮੌਕੇ ’ਤੇ ਜਮ੍ਹਾ ਕਰਵਾਉਣੀ ਹੋਵੇਗੀ, ਜਦੋਂ ਕਿ ਪਹਿਲੀ ਕਿਸ਼ਤ ਜਮ੍ਹਾ ਕਰਵਾਉਣ ਲਈ 48 ਘੰਟੇ ਦਾ ਸਮਾਂ ਦਿੱਤਾ ਜਾਵੇਗਾ।


Mandeep Singh

Content Editor

Related News