ਮੰਗਲਵਾਰ ਨੂੰ ਹੋਣ ਵਾਲਾ 12ਵੀਂ ਜਮਾਤ ਦਾ ਪੇਪਰ ਰੱਦ

Tuesday, Mar 20, 2018 - 07:32 PM (IST)

ਮੰਗਲਵਾਰ ਨੂੰ ਹੋਣ ਵਾਲਾ 12ਵੀਂ ਜਮਾਤ ਦਾ ਪੇਪਰ ਰੱਦ

ਲੁਧਿਆਣਾ (ਵਿੱਕੀ ਸ਼ਰਮਾ) : ਪੰਜਾਬ ਸਕੂਲ ਸਿੱਖਿਆ ਬੋਰਡ ਨੇ 12ਵੀਂ ਜਮਾਤ ਦੀ ਹੋਣ ਵਾਲੀ ਗਣਿਤ ਦੀ ਪ੍ਰੀਖਿਆ ਦਾ ਪੇਪਰ ਲੀਕ ਹੋਣ ਤੋਂ ਬਾਅਦ ਮੰਗਲਵਾਰ ਨੂੰ ਲਏ ਜਾਣ ਵਾਲੇ ਪੇਪਰ ਨੂੰ ਕਰੀਬ 2.45 ਮਿੰਟ 'ਤੇ ਰੱਦ ਕਰ ਦਿਤਾ ਹੈ। ਬੋਰਡ ਦੀ ਸੈਕਟਰੀ ਹਰਗੁਨਜੀਤ ਕੌਰ ਨੇ ਇਸ ਸੰਬੰਧੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਨਵੇਂ ਪੇਪਰ ਦੀ ਤਾਰੀਕ ਜਲਦ ਹੀ ਜਾਰੀ ਕੀਤੀ ਜਾਵੇਗੀ। ਉਧਰ ਪੇਪਰ ਕੈਂਸਲ ਹੋਣ ਦੀ ਸੂਚਨਾ ਜਦੋਂ ਵਿਦਿਆਰਥੀਆਂ ਤਕ ਪਹੁੰਚੀ ਤਾਂ ਉਨ੍ਹਾਂ ਦੇ ਚਿਹਰੇ ਦਾ ਰੰਗ ਉੱਡ ਗਿਆ।
ਦੱਸਣਯੋਗ ਹੈ ਕਿ ਸੋਮਵਾਰ ਰਾਤ 12ਵੀਂ ਜਮਾਤ ਦੀ ਸਲਾਨਾ ਪ੍ਰੀਖਿਆ ਅਧੀਨ ਹੋਣ ਵਾਲੇ ਗਣਿਤ ਦੇ ਪੇਪਰ ਲੀਕ ਹੋਣ ਦੀ ਅਫਵਾਹ ਫੈਲੀ ਸੀ ਜਿਸ ਤੋਂ ਬਾਅਦ ਬੋਰਡ ਨੇ ਨਵਾਂ ਪੇਪਰ ਜਾਰੀ ਕਰ ਦਿੱਤਾ। ਪੰਜਾਬ ਸਕੂਲ ਸਿੱਖਿਆ ਬੋਰਡ ਨੇ ਇਕ ਪੱਤਰ ਜਾਰੀ ਕਰਕੇ ਕਿਹਾ ਸੀ ਕਿ ਮਿਤੀ 20-03-2018 ਨੂੰ ਹੋਣ ਵਾਲਾ ਗਣਿਤ ਦਾ ਪ੍ਰਸ਼ਨ ਪੱਤਰ ਕੇਂਦਰ ਕੰਟਰੋਲਰ ਵਲੋਂ ਬੈਂਕ ਵਿਚੋਂ ਰਸੀਵ ਕੀਤਾ ਗਿਆ ਹੈ। ਉਹ ਪ੍ਰਸ਼ਨ ਪੱਤਰ ਨਾ ਖੋਲ੍ਹਿਆ ਅਤੇ ਵਰਤਿਆ ਜਾਵੇ। ਉਸ ਦੀ ਜਗ੍ਹਾ 'ਤੇ ਨਵਾਂ ਪ੍ਰਸ਼ਨ ਪੱਤਰ ਈ-ਮੇਲ ਰਾਹੀਂ ਭੇਜਿਆ ਗਿਆ ਪ੍ਰਸ਼ਨ ਪੱਤਰ ਜ਼ਿਲੇ ਵਿਚ ਪ੍ਰੀਖਿਆਰਥੀਆਂ ਦੀ ਗਿਣਤੀ ਅਨੁਸਾਰ ਕੇਂਦਰ ਕੰਟਰੋਲਜ਼ ਨੂੰ ਸੀਲ ਬੰਦ ਕਰਕੇ ਆਪਣੇ ਹਸਤਾਖਰਾਂ ਸਹਿਤ ਰਸੀਵ ਕਰਵਾਇਆ ਜਾਵੇ ਅਤੇ ਪ੍ਰੀਖਿਆਰਥੀਆਂ ਨੂੰ ਇਹ ਪ੍ਰਸ਼ਨ ਪੱਤਰ ਹੱਲ ਕਰਨ ਲਈ ਦੇਣਾ ਯਕੀਨੀ ਬਣਾਇਆ ਜਾਵੇ। ਪੇਪਰ ਖਤਮ ਹੋਣ ਤੋਂ ਬਾਅਦ ਇਹ ਸੀਲ ਬੰਦ ਪੈਕੇਟ ਉੱਤਰ ਪੱਤਰੀਆਂ ਜਮਾਂ ਕਰਵਾਉਂਦੇ ਸਮੇਂ ਸੰਬੰਧਤ ਖੇਤਰੀ ਦਫਤਰ ਜ਼ਿਲਾ ਮੈਨੇਜਰ ਕੋਲੋਂ ਜਮਾਂ ਕਰਵਾਉਣ ਉਪਰੰਤ ਰਸੀਦ ਪ੍ਰਾਪਤ ਕੀਤੀ ਜਾਵੇ। ਹੁਣ ਅਚਾਨਕ ਬੋਰਡ ਨੇ ਇਹ ਪੇਪਰ ਕੈਸਲ ਕਰ ਦਿੱਤਾ।
ਦੂਜੇ ਪਾਸੇ ਗਣਿਤ ਦਾ ਪੇਪਰ ਰੱਦ ਹੋਣ ਤੋਂ ਬਾਅਦ ਵਿਦਿਆਰਥੀਆਂ ਦੇ ਚਿਹਰੇ 'ਤੇ ਮਾਯੂਸੀ ਪਾਈ ਗਈ। ਪੇਪਰ ਦੇਣ ਆਏ ਵਿਦਿਆਰਥੀਆਂ ਦਾ ਕਹਿਣਆ ਸੀ ਕਿ ਉਹ ਪਿਛਲੇ ਕਾਫੀ ਸਮੇਂ ਤੋਂ ਗਣਿਤ ਦੇ ਪੇਪਰ ਦੀ ਤਿਆਰੀ ਕਰ ਰਹੇ ਹਨ, ਹੁਣ ਅਚਾਨਕ ਬੋਰਡ ਵਲੋਂ ਇਹ ਪੇਪਰ ਰੱਦ ਕਰ ਦਿੱਤਾ ਗਿਆ।


Related News