ਸਾਬਕਾ ਫੌਜੀ ਨੂੰ ਪਹਿਲਾਂ ਕੀਤਾ ਅਗਵਾ ਫਿਰ ਕਤਲ

03/15/2019 11:18:51 AM

ਮੁਕੇਰੀਆਂ (ਨਾਗਲਾ, ਬਲਬੀਰ)—ਸਾਬਕਾ ਫੌਜੀ ਦਰਸ਼ਨ ਲਾਲ ਵਾਸੀ ਬਟਾਲਾ (ਮੁਕੇਰੀਆਂ), ਜਿਸ ਨੂੰ 12 ਮਾਰਚ ਨੂੰ ਥਾਣਾ ਹਾਜੀਪੁਰ ਅਧੀਨ ਆਉਂਦੇ ਪਿੰਡਾਂ ਦੇ 2 ਨੌਜਵਾਨਾਂ ਵੱਲੋਂ ਅਗਵਾ ਕੀਤਾ ਗਿਆ ਸੀ, ਦਾ ਇਨ੍ਹਾਂ ਨੌਜਵਾਨਾਂ ਵੱਲੋਂ ਬੇਰਹਿਮੀ ਨਾਲ ਕਤਲ ਕਰ ਦਿੱਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। 

ਇਸ ਸਬੰਧੀ ਪ੍ਰੈੱਸ ਕਾਨਫਰੰਸ ਦੌਰਾਨ ਡੀ.ਐੱਸ.ਪੀ. ਰਵਿੰਦਰ ਸਿੰਘ ਸਮੇਤ ਪੁਲਸ ਅਧਿਕਾਰੀਆਂ ਦੀ ਮੌਜੂਦਗੀ 'ਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮ੍ਰਿਤਕ ਦੇ ਭਰਾ ਬਲਕਾਰ ਸਿੰਘ ਵੱਲੋਂ ਅਗਵਾ ਸਬੰਧੀ ਸੂਚਨਾ ਦੇਣ 'ਤੇ ਐੱਸ.ਐੱਸ.ਪੀ. ਹੁਸ਼ਿਆਰਪੁਰ ਦੀ ਨਿਗਰਾਨੀ ਹੇਠ ਵੱਖ-ਵੱਖ ਟੀਮਾਂ ਬਣਾ ਕੇ ਥਾਣਾ ਮੁਖੀ ਮੁਕੇਰੀਆਂ ਅਰਜੁਨ ਸਿੰਘ, ਏ.ਐੱਸ.ਆਈ. ਸੁਖਦੇਵ ਸਿੰਘ ਤੇ ਏ.ਐੱਸ.ਆਈ. ਰਵਿੰਦਰ ਸਿੰਘ ਨੇ ਦੋਸ਼ੀ ਰਾਹੁਲ ਸ਼ਰਮਾ ਪੁੱਤਰ ਅਸ਼ਵਨੀ ਕੁਮਾਰ ਵਾਸੀ ਹਾਜੀਪੁਰ ਤੇ ਸੰਜੀਵ ਕੁਮਾਰ ਉਰਫ਼ ਸੰਜੂ ਪੁੱਤਰ ਗਿਆਨ ਚੰਦ ਵਾਸੀ ਸਨੇਹੜਾ, ਥਾਣਾ ਹਾਜੀਪੁਰ ਨੂੰ ਵੱਖ-ਵੱਖ ਥਾਵਾਂ ਤੋਂ ਕਾਬੂ ਕਰ ਲਿਆ ਜਿਨ੍ਹਾਂ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਉਹ ਸਾਬਕਾ ਫੌਜੀ ਦਰਸ਼ਨ ਲਾਲ ਦੇ ਨਾਲ ਪਹਿਲਾਂ ਜਲੰਧਰ ਗਏ ਸਨ। ਉਨ੍ਹਾਂ ਦੱਸਿਆ ਕਿ ਵਾਪਸ ਆਉਂਦੇ ਸਮੇਂ ਉਨ੍ਹਾਂ ਰਸਤੇ 'ਚ ਕੋਲਡ ਡਰਿੰਕ 'ਚ ਨਸ਼ੇ ਦੀਆਂ ਗੋਲੀਆਂ ਮਿਲਾ ਕੇ ਉਸ ਨੂੰ ਪਿਲਾ ਦਿੱਤੀਆਂ ਜਿਸ ਕਾਰਨ ਉਹ ਬੇਹੋਸ਼ ਹੋ ਗਿਆ। ਉਨ੍ਹਾਂ ਦੱਸਿਆ ਕਿ ਹੁਸ਼ਿਆਰਪੁਰ ਤੋਂ ਤਲਵਾੜਾ ਨੂੰ ਜਾਂਦੇ ਰਸਤੇ 'ਚ ਉਨ੍ਹਾਂ  ਕਾਰ ਰੋਕ ਕੇ ਗੱਡੀ 'ਚ ਪਏ ਪਰਨੇ ਨਾਲ ਦਰਸ਼ਨ ਲਾਲ ਦਾ ਗਲਾ ਘੁੱਟ ਦਿੱਤਾ ਤੇ ਬਾਅਦ 'ਚ ਤੇਜ਼ਧਾਰ ਹਥਿਆਰ ਨਾਲ ਸੱਟਾਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਲਾਸ਼ ਨੂੰ ਖੁਰਦ-ਬੁਰਦ ਕਰਨ ਲਈ ਆਈ.ਟੀ.ਆਈ. ਤਲਵਾੜਾ ਨਜ਼ਦੀਕ ਨਹਿਰ 'ਚ ਸੁੱਟ ਦਿੱਤੀ ਤੇ ਉਸ ਦੀ ਕਾਰ ਪਿੰਡ ਅੱਜੋਵਾਲ ਨੇੜੇ ਸੜਕ ਕਿਨਾਰੇ ਖੜ੍ਹੀ ਕਰ ਕੇ ਫ਼ਰਾਰ ਹੋ ਗਏ। ਡੀ.ਐੱਸ.ਪੀ. ਰਵਿੰਦਰ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਨੇ ਮੰਨਿਆ ਕਿ

ਉਨ੍ਹਾਂ ਆਪਣੇ 2 ਮੋਟਰਸਾਈਕਲ 80 ਹਜ਼ਾਰ 'ਚ ਦਰਸ਼ਨ ਲਾਲ ਕੋਲ ਗਹਿਣੇ ਰੱਖੇ ਸੀ, ਜਿਸ ਕਰ ਕੇ ਉਨ੍ਹਾਂ ਆਪਸ 'ਚ ਸਲਾਹ ਬਣਾਈ ਕਿ ਉਹ ਦਰਸ਼ਨ ਲਾਲ ਦਾ ਕਤਲ ਕਰ ਕੇ ਆਪਣੇ ਮੋਟਰਸਾਈਕਲ ਇਹ ਕਹਿ ਕੇ ਵਾਪਸ ਲੈ ਲੈਣਗੇ ਕਿ ਉਨ੍ਹਾਂ ਪੈਸੇ  ਪਹਿਲਾਂ ਹੀ  ਵਾਪਸ ਦੇ ਦਿੱਤੇ ਹਨ ਜਿਸ ਕਾਰਨ ਉਨ੍ਹਾਂ ਵਾਰਦਾਤ ਨੂੰ ਅੰਜਾਮ ਦਿੱਤਾ। ਡੀ.ਐੱਸ.ਪੀ. ਨੇ ਦੱਸਿਆ ਕਿ ਦਰਸ਼ਨ ਲਾਲ ਦੀ ਲਾਸ਼ ਪਾਵਰ ਹਾਊਸ ਨੰ. 1 ਪਿੰਡ ਰੋਲੀ ਤੋਂ ਬਰਾਮਦ ਕਰ ਲਈ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਦੇ ਜੁਰਮ 'ਚ ਧਾਰਾ 302 ਏ, 201, 34 ਦਾ ਵਾਧਾ ਕੀਤਾ ਗਿਆ ਹੈ ਤੇ ਮਾਣਯੋਗ ਅਦਾਲਤ 'ਚ ਪੇਸ਼ ਕਰ ਕੇ ਰਿਮਾਂਡ ਹਾਸਲ ਕਰ ਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ।


Shyna

Content Editor

Related News