ਬੇਅਦਬੀ ਕਾਂਡ ਦੇ ਗਵਾਹ ਸਾਬਕਾ ਵਿਧਾਇਕ ਹਰਬੰਸ ਸਿੰਘ ਜਲਾਲ ਨੇ ਫਿਰ ਬਦਲਿਆ ਬਿਆਨ
Friday, Aug 24, 2018 - 04:42 PM (IST)

ਬਠਿੰਡਾ— ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਨੂੰ ਲੈ ਕੇ ਕਈ ਤਰ੍ਹਾਂ ਦੇ ਵਿਵਾਦ ਚਰਚਾ ਵਿਚ ਆ ਰਹੇ ਹਨ ਪਹਿਲਾਂ ਹਿੰਮਤ ਸਿੰਘ ਜਿਸ ਨੂੰ ਮੁੱਖ ਗਵਾਹ ਦੱਸਿਆ ਜਾ ਰਿਹਾ ਸੀ ਉਹ ਆਪਣੇ ਬਿਆਨ ਤੋਂ ਮੁੱਕਰ ਗਿਆ ਕਿ ਉਸ ਕੋਲੋਂ ਜਬਰਦਸਤੀ ਦਸਤਖਤ ਲਏ ਗਏ ਹਨ। ਇਸ ਤੋਂ ਬਾਅਦ ਹੁਣ ਸਾਬਕਾ ਵਿਧਾਇਕ ਹਰਬੰਸ ਸਿੰਘ ਜਲਾਲ ਵੀ ਇਹ ਆਖ ਰਹੇ ਹਨ ਕਿ ਉਨ੍ਹਾਂ ਨੇ ਜਸਟਿਸ ਰਣਜੀਤ ਸਿੰਘ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਮਾਮਲੇ 'ਤੇ ਕੋਈ ਲਿਖਤੀ ਸਟੇਟਮੈਂਟ ਨਹੀਂ ਦਿੱਤੀ ਹੈ ਪਰ ਬਾਅਦ ਵਿਚ ਆਪਣੇ ਬਿਆਨਾਂ ਤੋਂ ਪਲਟਦੇ ਹੋਏ ਜਲਾਲ ਨੇ ਕਿਹਾ ਕਿ ਉਨ੍ਹਾਂ ਦੀ ਉਮਰ 77 ਸਾਲ ਹੋ ਗਈ ਹੈ ਅਤੇ ਯਾਦਦਾਸ਼ਤ ਵੀ ਕਾਫੀ ਕਮਜ਼ੋਰ ਹੈ। ਕੋਈ ਯਾਦ ਕਰਾ ਦੇਵੇ ਤਾਂ ਯਾਦ ਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਉਨ੍ਹਾਂ ਨੂੰ ਇਹ ਯਾਦ ਨਹੀਂ ਸੀ ਕਿ ਕੋਈ ਲਿਖਤੀ ਬਿਆਨ ਕਲਮਬੱਧ ਕਰਾਏ ਹਨ ਪਰ ਹੁਣ ਯਾਦ ਆਇਆ ਹੈ ਕਿ ਕਮਿਸ਼ਨ ਨੂੰ ਕੁੱਝ ਲਿਖ ਕੇ ਜ਼ਰੂਰ ਦਿੱਤਾ ਹੈ ਪਰ ਕੀ ਲਿਖ ਕੇ ਦਿੱਤਾ ਹੈ, ਇਹ ਹਾਲੇ ਵੀ ਯਾਦ ਨਹੀਂ।
ਉਨ੍ਹਾਂ ਸਾਫ ਕੀਤਾ ਕਿ ਹੁਣ ਇਸ 'ਚ ਕੋਈ ਸ਼ੱਕ ਨਹੀਂ ਅਤੇ ਜਸਟਿਸ ਰਣਜੀਤ ਸਿੰਘ ਠੀਕ ਹੀ ਕਹਿ ਰਹੇ ਹਨ। ਸਾਬਕਾ ਵਿਧਾਇਕ ਨੇ ਕਿਹਾ ਕਿ ਉਹ ਜਸਟਿਸ ਰਣਜੀਤ ਸਿੰਘ ਨੂੰ 9 ਅਕਤੂਬਰ 2017 ਨੂੰ ਮਿਲੇ ਸਨ ਅਤੇ 'ਇਸ ਮੌਕੇ ਕੁਝ ਲਿਖ ਕੇ ਦਿੱਤੇ ਹੋਣ ਦੀ ਗੱਲ ਵੀ ਸਵੀਕਾਰ ਕਰਦਾ ਹਾਂ।' ਉਨ੍ਹਾਂ ਦੱਸਿਆ ਕਿ ਉਹ ਦੂਜੀ ਵਾਰ ਜਰਨੈਲ ਸਿੰਘ ਹਮੀਰਗੜ੍ਹ ਨੂੰ ਨਾਲ ਲੈ ਕੇ ਗਏ ਸਨ ਅਤੇ ਜਸਟਿਸ ਰਣਜੀਤ ਸਿੰਘ ਨੂੰ ਮਿਲੇ ਸਨ। ਸ੍ਰੀ ਜਲਾਲ ਨੇ ਆਖਿਆ ਕਿ ਜਸਟਿਸ ਰਣਜੀਤ ਸਿੰਘ ਦੀ ਕੋਰਟ ਵਿਚ ਦਰਜ ਕਰਾਏ ਬਿਆਨ ਕਮਿਸ਼ਨ ਦੀ ਰਿਪੋਰਟ ਦਾ ਹੀ ਹਿੱਸਾ ਹਨ। ਉਨ੍ਹਾਂ ਇਹ ਕਦੇ ਨਹੀਂ ਆਖਿਆ ਕਿ ਕਮਿਸ਼ਨ ਨੂੰ ਕੁਝ ਲਿਖ ਕੇ ਨਹੀਂ ਦਿੱਤਾ ਅਤੇ ਇਹ ਆਖਿਆ ਸੀ ਕਿ ਉਨ੍ਹਾਂ ਨੂੰ ਯਾਦ ਨਹੀਂ। ਉਨ੍ਹਾਂ ਇਹ ਵੀ ਕਿਹਾ ਕਿ ਇਕ ਜਾਂ ਦੋ ਦਿਨਾਂ ਵਿਚ ਉਹ ਚੰਡੀਗੜ੍ਹ ਵਿਚ ਮੀਡੀਆ ਨੂੰ ਮਿਲਣਗੇ। ਤੁਹਾਨੂੰ ਦੱਸ ਦੇਈਏ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਹੈਡ ਗ੍ਰੰਥੀ ਗੁਰਮੁਖ ਸਿੰਘ ਦੇ ਭਰਾ ਹਿੰਮਤ ਸਿੰਘ ਪਹਿਲਾਂ ਹੀ ਆਪਣੇ ਬਿਆਨ ਤੋਂ ਮੁੱਕਰ ਚੁੱਕੇ ਹਨ।