ਪਰਦੇਸਾਂ ''ਚ ਮੌਜਾਂ ਲੁੱਟ ਰਹੇ ''ਮੁਲਾਜ਼ਮਾਂ'' ਨੂੰ ਕਟਾਉਣੀ ਪਵੇਗੀ ਵਾਪਸੀ ਦੀ ਟਿਕਟ
Tuesday, Jul 16, 2019 - 10:33 AM (IST)

ਚੰਡੀਗੜ੍ਹ : 'ਐਕਸ ਇੰਡੀਆ ਲੀਵ' ਲੈ ਕੇ ਪਰਦੇਸਾਂ 'ਚ ਮੌਜਾਂ ਲੁੱਟ ਰਹੇ ਪੰਜਾਬ ਦੇ ਮੁਲਾਜ਼ਮਾਂ ਨੂੰ ਹੁਣ ਵਾਪਸੀ ਦੀ ਟਿਕਟ ਕਟਾਉਣੀ ਪਵੇਗੀ ਕਿਉਂਕਿ ਅਜਿਹੇ ਮੁਲਾਜ਼ਮਾਂ 'ਤੇ ਨਕੇਲ ਕੱਸਣ ਲਈ ਸਰਕਾਰ ਨੇ ਸਾਰੇ ਵਿਭਾਗਾਂ ਨੂੰ ਚਿੱਠੀ ਲਿਖ ਕੇ ਅਫਸਰਾਂ ਦੀ ਸੂਚੀ ਮੰਗ ਲਈ ਹੈ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਕਹਿਣਾ ਹੈ ਕਿ ਅਜਿਹੇ ਸਮੇਂ 'ਚ ਜਦੋਂ ਪੰਜਾਬ ਦੇ ਕਈ ਵਿਭਾਗਾਂ 'ਚ ਸਟਾਫ ਦੀ ਕਮੀ ਹੈ, ਕਈ ਅਫਸਰ ਲੰਬੇ ਸਮੇਂ ਤੋਂ 'ਐਕਸ ਇੰਡੀਆ ਲੀਵ' ਲੈ ਕੇ ਵਿਦੇਸ਼ਾਂ 'ਚ ਬੈਠੇ ਹੋਏ ਹਨ।
ਸੀਨੀਅਰ ਅਫਸਰਾਂ ਨਾਲ ਗੰਢ-ਤੁੱਪ ਕਰਕੇ ਕਈ ਲੋਕ ਵਾਰ-ਵਾਰ 'ਐਕਸ ਇੰਡੀਆ ਲੀਵ' ਅੱਗੇ ਵਧਾ ਰਹੇ ਹਨ ਪਰ ਹੁਣ ਅਜਿਹਾ ਨਹੀਂ ਹੋਵੇਗਾ। ਭਵਿੱਖ 'ਚ ਸਬੰਧਿਤ ਵਿਭਾਗ ਦੇ ਮੰਤਰੀ ਜਾਂ ਪ੍ਰਿੰਸੀਪਲ ਸਕੱਤਰ ਹੀ ਲੀਵ ਐਕਸਟੈਂਸ਼ਨ ਦੀ ਮਨਜ਼ੂਰੀ ਦੇ ਸਕਣਗੇ। ਜ਼ਿਕਰਯੋਗ ਹੈ ਕਿ ਪੰਜਾਬ ਦੇ ਵੱਖ-ਵੱਖ ਸਰਕਾਰੀ ਵਿਭਾਗਾਂ 'ਚ 40 ਹਜ਼ਾਰ ਤੋਂ ਜ਼ਿਆਦਾ ਅਹੁਦੇ ਖਾਲੀ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 5 ਦਿਨ ਪਹਿਲਾਂ ਹੀ ਵਿਭਾਗਾਂ ਤੋਂ ਖਾਲੀ ਅਹੁਦਿਆਂ ਦੀ ਪੂਰੀ ਜਾਣਕਾਰੀ ਮੰਗੀ ਹੈ। 'ਐਕਸ ਇੰਡੀਆ ਲੀਵ' ਲੈ ਕੇ ਵਿਦੇਸ਼ ਗਏ ਕਈ ਅਫਸਰ ਉੱਥੋਂ ਦੀ ਨਾਗਰਿਕਤਾ ਵੀ ਹਾਸਲ ਕਰ ਚੁੱਕੇ ਹਨ। ਸਿਹਤ, ਸਿੱਖਿਆ ਅਤੇ ਪੁਲਸ ਵਿਭਾਗ ਦੇ ਸਭ ਤੋਂ ਜ਼ਿਆਦਾ ਅਫਸਰ 'ਐਕਸ ਇੰਡੀਆ ਲੀਵ' ਲੈ ਕੇ ਵਿਦੇਸ਼ ਗਏ ਹੋਏ ਹਨ।