ਪਿਮਸ ''ਚ ਦਾਨ ਦਿੱਤੀ ਗਈ ਹਰ ਡੈੱਡ ਬਾਡੀ ਵੀ ਸ਼ੱਕ ਦੇ ਘੇਰੇ ''ਚ

09/24/2017 6:53:09 AM

ਜਲੰਧਰ, (ਅਮਿਤ)–ਉੱਤਰ ਪ੍ਰਦੇਸ਼ ਦੇ ਲਖਨਊ ਵਿਚ ਸਥਿਤ ਇਕ ਨਿੱਜੀ ਮੈਡੀਕਲ ਕਾਲਜ ਜੀ. ਸੀ. ਆਰ. ਜੀ. ਇੰਸਟੀਚਿਊਟ ਆਫ ਮੈਡੀਕਲ ਸਾਇੰਸ ਨੂੰ ਰਾਮ ਰਹੀਮ ਦੇ ਡੇਰੇ ਵੱਲੋਂ ਦਾਨ ਵਿਚ ਦਿੱਤੀਆਂ ਗਈਆਂ 14 ਡੈੱਡ ਬਾਡੀਜ਼ ਦੀ ਪ੍ਰਕਿਰਿਆ 'ਚ ਜਿਸ ਤਰ੍ਹਾਂ ਗਲਤੀਆਂ ਪਾਈਆਂ ਗਈਆਂ ਸਨ, ਠੀਕ ਉਸੇ ਤਰ੍ਹਾਂ ਹੀ ਪਿਮਸ ਵਿਚ ਡੇਰਾ ਅਨੁਯਾਈ ਪਰਿਵਾਰਾਂ ਨਾਲ ਸੰਬੰਧਤ ਆਈ ਹਰ ਡੈੱਡ ਬਾਡੀ ਵੀ ਸ਼ੱਕ ਦੇ ਘੇਰੇ ਵਿਚ ਆ ਗਈ ਹੈ ਕਿਉਂਕਿ ਮੈਡੀਕਲ ਕਾਲਜ ਵੱਲੋਂ ਇਸ ਮਾਮਲੇ ਵਿਚ ਵੀ ਭਾਰੀ ਲਾਪ੍ਰਵਾਹੀ ਕੀਤੇ ਜਾਣ ਦੀ ਗੱਲ ਸਾਹਮਣੇ ਆ ਰਹੀ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਿਮਸ ਵਿਚ ਆਈਆਂ ਡੈੱਡ ਬਾਡੀਜ਼ ਨੂੰ ਰਿਸੀਵ ਕਰਨ ਸਮੇਂ ਵਰਤੀ ਗਈ ਲਾਪ੍ਰਵਾਹੀ ਦਾ ਮਾਮਲਾ ਸਾਹਮਣੇ ਆਉਂਦਿਆਂ ਹੀ ਪੂਰੇ ਪਿਮਸ ਵਿਚ ਹੜਕੰਪ ਜਿਹਾ ਮੰਚ ਗਿਆ। ਪ੍ਰਬੰਧਕਾਂ ਨੂੰ ਹੱਥਾਂ-ਪੈਰਾਂ ਦੀ ਪੈ ਗਈ ਅਤੇ ਪ੍ਰਬੰਧਕਾਂ ਨੇ ਡੈੱਡ ਬਾਡੀ ਡੋਨੇਸ਼ਨ ਸੰਬੰਧੀ ਪੂਰੇ ਰਿਕਾਰਡ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ। ਡੇਰਾ ਸੱਚਾ ਸੌਦਾ ਦੇ ਰਾਮ ਰਹੀਮ ਦੇ ਨਾਲ ਕੁਨੈਕਸ਼ਨ ਸਾਹਮਣੇ ਆਉਣ 'ਤੇ ਪਿਮਸ 'ਚ ਲਾਸ਼ਾਂ ਨੂੰ ਦਾਨ ਲੈਂਦੇ ਸਮੇਂ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਪ੍ਰਕਿਰਿਆ ਦਾ ਪਾਲਣ ਨਾ ਕਰਨ 'ਤੇ ਇਸ ਪੂਰੇ ਮਾਮਲੇ ਦੀ ਸੀ. ਬੀ. ਆਈ. ਜਾਂਚ ਦੀ ਮੰਗ ਉਠਣ ਲੱਗੀ ਹੈ। ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਇਸ ਪੂਰੇ ਮਾਮਲੇ ਵਿਚ ਕਿੰਨੀਆਂ ਪਰਤਾਂ ਅਜੇ ਖੁੱਲ੍ਹਣੀਆਂ ਬਾਕੀ ਹਨ। ਪੂਰੇ ਮਾਮਲੇ 'ਚ ਸਰਕਾਰ ਦੀ ਢਿੱਲ ਵੀ ਉਸ ਲਈ ਕਈ ਤਰ੍ਹਾਂ ਦੀਆਂ ਮੁਸੀਬਤਾਂ ਖੜ੍ਹੀਆਂ ਕਰ ਸਕਦੀ ਹੈ।
ਕੀ-ਕੀ ਹਨ ਖਾਮੀਆਂ, ਕਿੱਥੇ ਵਰਤੀ ਗਈ ਲਾਪ੍ਰਵਾਹੀ?
ਪਿਮਸ ਪ੍ਰਬੰਧਕਾਂ ਵੱਲੋਂ ਆਪਣੀ ਗੱਡੀ ਭੇਜ ਕੇ ਡੈੱਡ ਬਾਡੀ ਮੰਗਵਾਉਣ ਦੇ ਮਾਮਲੇ ਵੀ ਸਵਾਲੀਆ ਨਿਸ਼ਾਨ ਖੜ੍ਹੇ ਕਰ ਰਹੇ ਹਨ ਕਿਉਂਕਿ ਇਸ ਦੌਰਾਨ ਕਾਨੂੰਨੀ ਪ੍ਰਕਿਰਿਆ ਦਾ ਸਹੀ ਢੰਗ ਨਾਲ ਪਾਲਣ ਕੀਤਾ ਗਿਆ ਹੈ ਜਾਂ ਨਹੀਂ, ਇਸ ਨੂੰ ਲੈ ਕੇ ਸਥਿਤੀ ਸਪੱਸ਼ਟ ਨਹੀਂ ਹੈ। ਪਿਮਸ ਵਿਚ ਲਿਆਂਦੀਆਂ ਗਈਆਂ ਡੈੱਡ ਬਾਡੀਜ਼ ਨਾਲ ਸੰਬੰਧਿਤ ਜ਼ਰੂਰੀ ਦਸਤਾਵੇਜ਼ਾਂ ਦੀ ਕਮੀ ਨੂੰ ਲੈ ਕੇ ਵੀ ਚਰਚਾ ਦਾ ਬਾਜ਼ਾਰ ਗਰਮ ਹੈ।
ਡੈੱਡ ਬਾਡੀ ਡੋਨੇਸ਼ਨ ਮਾਮਲੇ ਵਿਚ ਸੰਬੰਧਿਤ ਵਿਭਾਗਾਂ ਤੋਂ ਪਰਮਿਸ਼ਨ ਅਤੇ ਜ਼ਰੂਰੀ ਦਸਤਾਵੇਜ਼ਾਂ ਨੂੰ ਪੂਰਾ ਕਰਨ ਸੰਬੰਧੀ ਵੀ ਪਿਮਸ ਪ੍ਰਬੰਧਕਾਂ 'ਤੇ ਕਈ ਸਵਾਲੀਆ ਨਿਸ਼ਾਨ ਲੱਗਦੇ ਹਨ ਕਿਉਂਕਿ ਡੈੱਡ ਬਾਡੀ ਪ੍ਰਾਪਤ ਕਰਦੇ ਸਮੇਂ ਉਸ ਦਾ ਰਿਕਾਰਡ ਮੇਨਟੇਨ ਕਰਨ ਵਿਚ ਜੋ ਲਾਪ੍ਰਵਾਹੀਆਂ ਵਰਤੀਆਂ ਗਈਆਂ ਹਨ, ਉਸ ਵੱਲ ਪਿਮਸ ਦੇ ਕਿਸੇ ਵੀ ਅਧਿਕਾਰੀ ਨੇ ਅੱਜ ਤੱਕ ਕੋਈ ਧਿਆਨ ਨਹੀਂ ਦਿੱਤਾ ਹੈ, ਜਿਸ ਕਾਰਨ ਇੰਨੇ ਵੱਡੇ ਪੱਧਰ 'ਤੇ ਗੜਬੜ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ।
ਮਾਮਲੇ ਵਿਚ ਇਕ ਹੋਰ ਗੱਲ ਹੈਰਾਨ ਕਰਨ ਵਾਲੀ ਹੈ ਕਿ ਲਗਭਗ ਸਾਰੀਆਂ ਡੈੱਡ ਬਾਡੀਜ਼ ਦੇ ਡੋਨੇਸ਼ਨ ਸਮੇਂ ਲਏ ਗਏ ਲੈਟਰਜ਼ ਅੰਗਰੇਜ਼ੀ ਵਿਚ ਲਿਖੇ ਗਏ ਹਨ, ਜਦੋਂਕਿ ਉਸ ਦੇ ਉਪਰ ਹਸਤਾਖਰ ਕਰਨ ਵਾਲੇ ਦੇ ਸਾਈਨ ਪੰਜਾਬੀ ਵਿਚ ਹਨ। ਇੰਨਾ ਹੀ ਨਹੀਂ, ਮਰਨ ਵਾਲੇ ਦੇ ਉਨ੍ਹਾਂ ਨਾਲ ਸੰਬੰਧ ਸਥਾਪਿਤ ਕਰਨ ਲਈ ਕਿਸੇ ਵੀ ਕਿਸਮ ਦੀ ਪਛਾਣ ਵਾਲੇ ਪਰੂਫ ਵੀ ਨਹੀਂ ਲਏ ਗਏ ਹਨ। ਇੰਨਾ ਹੀ ਨਹੀਂ, ਡੈੱਡ ਬਾਡੀ ਡੋਨੇਸ਼ਨ ਪੱਤਰ ਵਿਚ ਮਰਨ ਵਾਲੇ ਪਰਿਵਾਰਾਂ ਦਾ ਕੋਈ ਫੋਨ ਨੰਬਰ ਤੱਕ ਨਹੀਂ ਦਿੱਤਾ ਗਿਆ ਹੈ, ਜਿਸ ਨਾਲ ਇਸ ਪੂਰੇ ਮਾਮਲੇ ਵਿਚ ਕਿਸੇ ਵੀ ਵੱਡੇ ਘਪਲੇ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਮਾਮਲੇ ਨੂੰ ਦਬਾਉਣ ਲਈ ਲੱਗ ਰਿਹਾ ਪੂਰਾ ਜ਼ੋਰ, ਗਲਤ ਢੰਗ ਨਾਲ ਬਣਾਏ ਜਾ ਰਹੇ ਹਨ ਦਸਤਾਵੇਜ਼
ਇੰਨੇ ਵੱਡੇ ਪੱਧਰ 'ਤੇ ਹੋਈ ਲਾਪ੍ਰਵਾਹੀ ਦੀ ਗੱਲ ਸਾਹਮਣੇ ਆਉਂਦਿਆਂ ਹੀ ਪੂਰੇ ਪਿਮਸ ਪ੍ਰਬੰਧਕਾਂ ਵੱਲੋਂ ਵੀ ਮਾਮਲੇ ਨੂੰ ਦਬਾਉਣ ਲਈ ਪੂਰਾ ਜ਼ੋਰ ਲਾਇਆ ਜਾ ਰਿਹਾ ਹੈ ਅਤੇ ਆਪਣੇ ਬਚਾਅ ਲਈ ਤਰ੍ਹਾਂ-ਤਰ੍ਹਾਂ ਦੇ ਜੁਗਾੜ ਲਾਉਣ ਦੀ ਵੀ ਚਰਚਾ ਹੈ। ਸੂਤਰਾਂ ਦੀ ਮਨੀਏ ਤਾਂ ਪ੍ਰਬੰਧਕਾਂ ਵੱਲੋਂ ਆਪਣੀਆਂ ਗਲਤੀਆਂ ਨੂੰ ਲੁਕਾਉਣ ਲਈ ਡੋਨੇਸ਼ਨ ਵਿਚ ਆਈਆਂ ਡੈੱਡ ਬਾਡੀਜ਼ ਦੇ ਅਧੂਰੇ ਦਸਤਾਵੇਜ਼ਾਂ ਨੂੰ ਗਲਤ ਢੰਗ ਨਾਲ ਬਣਾਉਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇੰਨਾ ਹੀ ਨਹੀਂ, ਹਸਪਤਾਲ ਪ੍ਰਸ਼ਾਸਨ ਵੱਲੋਂ ਪੂਰੇ ਹਸਪਤਾਲ ਵਿਚ ਜ਼ਿਆਦਾ ਸਖਤੀ ਵਰਤਣੀ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਜੋ ਕਿਸੇ ਕਿਸਮ ਦੀ ਲਾਪ੍ਰਵਾਹੀ ਆਮ ਜਨਤਾ ਦੇ ਸਾਹਮਣੇ ਨਾ ਆ ਸਕੇ।


Related News