15 ਦਿਨ ਬਾਅਦ ਵੀ ਦੋਸ਼ੀ ਦੀ ਗ੍ਰਿਫਤਾਰੀ ਨਾ ਹੋਣ ''ਤੇ ਪਰਿਵਾਰ ਨੇ ਲਾਇਆ ਧਰਨਾ

07/24/2017 6:19:52 AM

ਲੁਧਿਆਣਾ, (ਪੰਕਜ)- ਟਾਟਾ ਸਫਾਰੀ ਦੀ ਲਪੇਟ ਵਿਚ ਆ ਕੇ ਮਾਰੇ ਗਏ ਮੋਟਰਸਾਈਕਲ ਸਵਾਰ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਦੋਸ਼ੀ ਗੱਡੀ ਚਾਲਕ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਗਿੱਲ ਨਹਿਰ 'ਤੇ ਟ੍ਰੈਫਿਕ ਜਾਮ ਕਰ ਕੇ ਧਰਨਾ ਲਾ ਦਿੱਤਾ।  ਜਾਮ ਲੱਗਣ ਦੀ ਖ਼ਬਰ ਸੁਣ ਕੇ ਘਟਨਾ ਸਥਾਨ 'ਤੇ ਪਹੁੰਚੇ ਥਾਣਾ ਡਾਬਾ ਇੰਚਾਰਜ ਨੇ ਪ੍ਰਦਰਸ਼ਨਕਾਰੀਆਂ ਨੂੰ ਸਮਝਾ ਕੇ ਮਾਮਲਾ ਸ਼ਾਂਤ ਕੀਤਾ ਅਤੇ ਜਲਦੀ ਹੀ ਦੋਸ਼ੀ ਨੂੰ ਗ੍ਰਿਫਤਾਰ ਕਰਨ ਦਾ ਭਰੋਸਾ ਦਿੱਤਾ। ਘਟਨਾ 5 ਜੁਲਾਈ ਰਾਤ ਦੀ ਹੈ, ਜਦ ਅਵਤਾਰ ਸਿੰਘ ਨਾਮਕ ਵਿਅਕਤੀ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਜਿਉਂ ਹੀ ਲੁਹਾਰਾ ਪੁਲ ਕੋਲ ਪਹੁੰਚਿਆ ਤਾਂ ਦੂਜੇ ਪਾਸੇ ਤੋਂ ਆ ਰਹੀ ਇਕ ਤੇਜ਼ ਰਫਤਾਰ ਟਾਟਾ ਸਫਾਰੀ ਨੇ ਇਸ ਨੂੰ ਟੱਕਰ ਮਾਰ ਦਿੱਤੀ। ਉਸ ਸਮੇਂ ਥਾਣਾ ਡਾਬਾ ਦੇ ਇੰਚਾਰਜ ਗੁਰਵਿੰਦਰ ਸਿੰਘ ਨੇ ਦੂਜੇ ਪਾਸੇ ਨਾਕਾ ਲਾਇਆ ਹੋਇਆ ਸੀ। ਉਨ੍ਹਾਂ ਨੇ ਤੁਰੰਤ ਜ਼ਖ਼ਮੀ ਅਵਤਾਰ ਸਿੰਘ ਨੂੰ ਚੁੱਕ ਕੇ ਸਿਵਲ ਹਸਪਤਾਲ ਭਰਤੀ ਕਰਵਾਇਆ ਪਰ ਉਸ ਦੀ ਮੌਤ ਹੋ ਗਈ। ਹਾਲਾਂਕਿ ਪੁਲਸ ਨੇ ਦੋਸ਼ੀ ਟਾਟਾ ਸਫਾਰੀ ਚਾਲਕ ਖਿਲਾਫ ਮਾਮਲਾ ਦਰਜ ਕਰ ਕੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ ਪਰ ਘਟਨਾ ਦੇ 15 ਦਿਨ ਬਾਅਦ ਵੀ ਦੋਸ਼ੀ ਦੀ ਗ੍ਰਿਫਤਾਰੀ ਨਾ ਹੋਣ ਤੋਂ ਨਾਰਾਜ਼ ਮ੍ਰਿਤਕ ਪਰਿਵਾਰਕ ਮੈਂਬਰਾਂ ਨੇ ਅੱਜ ਗਿੱਲ ਨਹਿਰ 'ਤੇ ਧਰਨਾ ਪ੍ਰਦਰਸ਼ਨ ਕੀਤਾ।  ਪ੍ਰਦਰਸ਼ਨਕਾਰੀਆਂ ਦਾ ਦੋਸ਼ ਸੀ ਕਿ ਪੁਲਸ ਨੇ ਮਾਮਲਾ ਦਰਜ ਕਰਕੇ ਖਾਨਾਪੂਰਤੀ ਤਾਂ ਕਰ ਦਿੱਤੀ ਪਰ ਪਰਿਵਾਰ ਉਜਾੜਨ ਵਾਲੇ ਨੂੰ ਹੁਣ ਤੱਕ ਗ੍ਰਿਫਤਾਰ ਨਹੀਂ ਕੀਤਾ। ਇਸੇ ਵਜ੍ਹਾ ਨਾਲ ਮਜਬੂਰ ਹੋ ਕੇ ਧਰਨਾ ਦੇਣਾ ਪਿਆ। ਥਾਣਾ ਇੰਚਾਰਜ ਨੇ ਸਪੱਸ਼ਟ ਕੀਤਾ ਕਿ ਕੁਝ ਲੋਕ ਘਟੀਆ ਰਾਜਨੀਤੀ ਕਰ ਕੇ ਸ਼ਹਿਰ ਦਾ ਮਾਹੌਲ ਖਰਾਬ ਕਰਨ ਲਈ ਯਤਨ ਕਰਦੇ ਰਹਿੰਦੇ ਹਨ। ਇਹ ਘਟਨਾ ਵੀ ਉਸੇ ਦਾ ਨਤੀਜਾ ਸੀ। ਉਧਰ ਪੀੜਤ ਪਰਿਵਾਰ ਨੇ ਸਪੱਸ਼ਟ ਕੀਤਾ ਕਿ ਜੇਕਰ ਪੁਲਸ ਨੇ ਜਲਦ ਦੋਸ਼ੀ ਨੂੰ ਗ੍ਰਿਫਤਾਰ ਨਾ ਕੀਤਾ ਤਾਂ ਉਹ ਅਗਲੀ ਵਾਰ ਪੁਲਸ ਕਮਿਸ਼ਨਰ ਸਾਹਮਣੇ ਵਿਰੋਧ ਜਤਾਉਣਗੇ। 


Related News