ਸੈਕਟਰ-53 ਦੇ ਹਾਊਸਿੰਗ ਪ੍ਰਾਜੈਕਟ ਨੂੰ ਮਿਲੀ ਵਾਤਾਵਰਣ ਕਲੀਅਰੈਂਸ

07/17/2018 5:27:11 AM

ਚੰਡੀਗਡ਼੍ਹ, (ਰਾਜਿੰਦਰ)- ਚੰਡੀਗਡ਼੍ਹ ਹਾਊਸਿੰਗ ਬੋਰਡ ਸ਼ਹਿਰ ਵਾਸੀਆਂ ਲਈ ਨਿਊ ਹਾਊਸਿੰਗ ਸਕੀਮ ਲਾਂਚ ਕਰਨ ਵਾਲਾ ਹੈ, ਕਿਉਂਕਿ ਬੋਰਡ ਦੇ ਸੈਕਟਰ-53 ਦੇ ਹਾਊਸਿੰਗ ਪ੍ਰਾਜੈਕਟ ਨੂੰ ਵਾਤਾਵਰਣ ਕਲੀਅਰੈਂਸ ਮਿਲ ਗਈ ਹੈ। ਹੁਣ ਬੋਰਡ ਲਈ ਇਥੇ ਵੱਖ-ਵੱਖ ਕੈਟਾਗਰੀ ਦੇ 492 ਦੇ ਲਗਭਗ ਫਲੈਟਾਂ ਦਾ ਨਿਰਮਾਣ ਕਰਨ ਦਾ ਰਸਤਾ ਸਾਫ਼ ਹੋ ਗਿਆ ਹੈ। 2008 ਤੋਂ ਬਾਅਦ ਬੋਰਡ ਦੀ ਇਹ ਸਭ ਤੋਂ ਵੱਡੀ ਹਾਊਸਿੰਗ ਸਕੀਮ ਦੱਸੀ ਜਾ ਰਹੀ ਹੈ, ਜਿਸ ’ਚ ਈ. ਡਬਲਯੂ. ਐੱਸ. ਤੋਂ ਇਲਾਵਾ, ਇਕ ਬੈੱਡਰੂਮ, ਦੋ ਬੈੱਡਰੂਮ ਅਤੇ ਤਿੰਨ ਬੈੱਡਰੂਮ ਦੇ ਫਲੈਟ ਤਿਆਰ ਕੀਤੇ ਜਾਣਗੇ। ਇਸ ਸਕੀਮ ’ਚ ਵੀ ਫਲੈਟ ਸੈਕਟਰ-63 ਦੀ ਹਾਊਸਿੰਗ ਸਕੀਮ ਦੀ ਤਰ੍ਹਾਂ ਮਲਟੀਸਟੋਰੀ ਹੋਣਗੇ। ਫਲੈਟ ਦੇ ਰੇਟ ਬੋਰਡ ਮਾਰਕੀਟ ਦੀ ਸਟੱਡੀ ਤੋਂ ਬਾਅਦ ਤੈਅ ਕਰੇਗਾ। ਈ. ਡਬਲਯੂ. ਐੱਸ. ਤੋਂ ਲੈ ਕੇ ਐੱਚ. ਆਈ. ਜੀ. ਦੇ ਫਲੈਟ ਤੱਕ ਦਾ ਡਿਜ਼ਾਈਨ ਆਰਕੀਟੈਕਟ ਫਰਮ ਤਿਆਰ ਕਰੇਗੀ। ਹਾਊਸਿੰਗ ਬੋਰਡ ਆਪਣੀ ਇਸ ਹਾਊਸਿੰਗ ਸਕੀਮ ਦੇ ਫਲੈਟ ਇਸ ਤਰ੍ਹਾਂ ਡਿਜ਼ਾਈਨ ਕਰੇਗਾ ਕਿ ਕਿਸੇ ਨੂੰ ਵੀ ਇਨ੍ਹਾਂ ’ਚ ਲੋਡ਼ ਮੁਤਾਬਕ ਬਦਲਾਅ ਕਰਨ ਦੀ ਲੋਡ਼ ਹੀ ਨਾ ਪਵੇ। ਫਲੈਟਾਂ ’ਚ ਲੋਕਾਂ ਦੀਆਂ ਵਰਤਮਾਨ ਜ਼ਰੂਰਤਾਂ ਦਾ ਪੂਰਾ ਧਿਆਨ ਰੱਖਿਆ ਜਾਵੇਗਾ। ਜ਼ਿਕਰਯੋਗ ਹੈ ਕਿ ਮੌਜੂਦਾ ਫਲੈਟਾਂ ’ਚ ਲੋਕਾਂ ਨੇ ਆਪਣੀਆਂ ਜ਼ਰੂਰਤਾਂ ਅਨੁਸਾਰ ਬਦਲਾਅ ਕਰਕੇ ਵਾਧੂ ਨਿਰਮਾਣ ਕਰ ਲਿਆ ਹੈ। ਹੁਣ ਇਸ ਨਿਰਮਾਣ ਨੂੰ ਨੀਡ ਬੇਸਡ ਚੇਂਜ ਦੇ ਤਹਿਤ ਰੈਗੂਲਰ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਇਸ ਸਬੰਧ ’ਚ ਚੀਫ ਇੰਜੀਨੀਅਰ ਰਜੀਵ ਸਿੰਗਲਾ ਨੇ ਦੱਸਿਆ ਕਿ ਵਾਤਾਵਰਣ ਕਲੀਅਰੈਂਸ ਕਰਨ ਤੋਂ ਬਾਅਦ ਹੁਣ ਸਟਰਕਚਰਲ ਡਿਜ਼ਾਈਨ ਕਰਵਾਇਆ ਜਾਵੇਗਾ ਅਤੇ ਉਸ ਤੋਂ ਬਾਅਦ ਇਸਦਾ ਐਸਟੀਮੇਟ ਤਿਆਰ ਕਰਕੇ ਉਹ ਟੈਂਡਰ ਕਰ ਦੇਣਗੇ, ਜਿਸ ਤੋਂ ਬਾਅਦ ਇਸਦਾ ਕੰਮ ਸ਼ੁਰੂ ਹੋ ਜਾਵੇਗਾ।
ਹਾਊਸਿੰਗ ਬੋਰਡ ਦੇ ਇਹ ਫਲੈਟ ਅਜਿਹੇ ਹੋਣਗੇ ਕਿ ਇਹ ਕਿਸੇ ਵੀ ਪ੍ਰਾਈਵੇਟ ਬਿਲਡਰ ਦੇ ਫਲੈਟਾਂ ਨੂੰ ਪੂਰੀ ਤਰ੍ਹਾਂ ਟੱਕਰ ਦੇਣਗੇ। ਬੋਰਡ ਸਿਰਫ ਬਾਕਸ ਟਾਈਪ ਸਟਰਕਚਰਜ਼ ਦੀ ਤਰ੍ਹਾਂ ਫਲੈਟ ਤਿਆਰ ਨਹੀਂ ਕਰੇਗਾ, ਇਹ ਫਲੈਟ ਹਾਊਸਿੰਗ ਸੈਕਟਰ ਦੇ ਹਿਸਾਬ ਨਾਲ ਸਭ ਤੋਂ ਬਿਹਤਰ ਹੋਣਗੇ। ਇਹੀ ਨਹੀਂ ਬੋਰਡ ਦੇ ਫਲੈਟਾਂ ’ਚ ਸਹੂਲਤਾਂ ਦਾ ਵੀ ਵਿਸਥਾਰ ਕੀਤਾ ਜਾ ਰਿਹਾ ਹੈ। ਚੰਡੀਗਡ਼੍ਹ ਹਾਊਸਿੰਗ ਬੋਰਡ ਸ਼ਹਿਰ ’ਚ ਹੁਣ ਤਕ ਲਗਭਗ 60 ਹਜ਼ਾਰ ਫਲੈਟ ਬਣਾ ਚੁੱਕਿਆ ਹੈ। ਇਨ੍ਹਾਂ ’ਚ ਈ. ਡਬਲਯੂ. ਐੱਸ. ਤੋਂ ਲੈ ਕੇ ਐੱਲ. ਆਈ. ਜੀ., ਐੱਮ. ਆਈ. ਜੀ. ਅਤੇ ਐੱਚ. ਆਈ. ਜੀ. ਦੇ ਫਲੈਟਾਂ ਤਕ ਸ਼ਾਮਲ ਹਨ। ਇਨ੍ਹਾਂ ’ਚੋਂ ਹਰ ਹਾਊਸਿੰਗ ਸਕੀਮ ਦਾ ਡਿਜ਼ਾਈਨ ਇਕ-ਦੂਜੇ ਨਾਲ ਮਿਲਦਾ-ਜੁਲਦਾ ਹੈ। ਜ਼ਿਕਰਯੋਗ ਹੈ ਕਿ ਹਾਊਸਿੰਗ ਬੋਰਡ ਨੇ ਅਪ੍ਰੈਲ 2016 ’ਚ ਇਹ ਸਕੀਮ ਲਾਂਚ ਕੀਤੀ ਸੀ ਪਰ ਵੱਖ-ਵੱਖ ਵਿਭਾਗਾਂ ’ਚ ਅਪਰੂਵਲ ਨਾ ਮਿਲਣ  ਕਾਰਨ ਫਿਲਹਾਲ ਇਸਦਾ ਕੰਮ ਲਟਕਿਆ ਹੋਇਆ ਸੀ।
ਵੱਖ-ਵੱਖ ਸ਼੍ਰੇਣੀਆਂ ਦੇ ਇੰਨੇ ਫਲੈਟ ਬਣਾਉਣ ਦੀ ਹੈ ਯੋਜਨਾ
ਹਾਊਸਿੰਗ ਬੋਰਡ ਦੀ ਸੈਕਟਰ-53 ਦੀ ਹਾਊਸਿੰਗ ਸਕੀਮ ’ਚ ਈ. ਡਬਲਯੂ. ਐੱਸ. ਦੇ 80, ਇਕ  ਬੈੱਡਰੂਮ ਦੇ 120, ਦੋ ਬੈੱਡਰੂਮ ਦੇ 100 ਅਤੇ ਤਿੰਨ ਬੈੱਡਰੂਮ ਦੇ 192 ਫਲੈਟ ਤਿਆਰ ਕੀਤੇ ਜਾਣਗੇ। ਹਾਊਸਿੰਗ ਬੋਰਡ ਨੇ ਇਸ ਤੋਂ ਪਹਿਲਾਂ ਅਪ੍ਰੈਲ 2016 ’ਚ 200 ਦੋ ਬੈੱਡਰੂਮ ਫਲੈਟਾਂ ਦੀ ਹਾਊਸਿੰਗ ਸਕੀਮ ਲਾਂਚ ਕੀਤੀ ਸੀ। ਮਹਿੰਗੇ ਰੇਟ ਹੋਣ ਕਾਰਨ ਇਸ ਸਕੀਮ ਨੂੰ ਉਤਸ਼ਾਹ ਨਹੀਂ ਮਿਲਿਆ ਸੀ। ਹਾਊਸਿੰਗ ਬੋਰਡ ਨੇ ਦੋ ਬੈੱਡਰੂਮ ਫਲੈਟਾਂ ਦਾ ਰੇਟ 69 ਲੱਖ ਰੁਪਏ ਰੱਖਿਆ ਸੀ।
ਬੇਸਮੈਂਟ ’ਚ ਹੋਵੇਗੀ ਪਾਰਕਿੰਗ
ਸੀ. ਐੱਚ. ਬੀ. ਦੀ ਯੋਜਨਾ ਹੈ ਕਿ ਇਸ ਵਾਰ ਟੂ ਲੈਵਲ ਬੇਸਮੈਂਟ ਪਾਰਕਿੰਗ ਦਾ ਨਿਰਮਾਣ ਦੋ ਅਤੇ ਤਿੰਨ ਬੈੱਡਰੂਮ ਫਲੈਟ ਲਈ ਕੀਤਾ ਜਾਵੇਗਾ, ਉਥੇ ਹੀ ਇਕ ਬੈੱਡਰੂਮ ਫਲੈਟ ਲਈ ਵਨ ਲੈਵਲ ਬੇਸਮੈਂਟ ਪਾਰਕਿੰਗ ਦਾ ਨਿਰਮਾਣ ਕਰਵਾਇਆ ਜਾਵੇਗਾ। ਜਾਣਕਾਰੀ ਅਨੁਸਾਰ ਬੋਰਡ ਨੇ 8 ਏਕਡ਼ ਦੇ ਲਗਭਗ ਜ਼ਮੀਨ ਦੀ ਇਸ ਪ੍ਰਾਜੈਕਟ ਲਈ ਨਿਸ਼ਾਨਦੇਹੀ ਕਰ ਲਈ ਹੈ। ਵਾਤਾਵਰਣ ਕਲੀਅਰੈਂਸ ਲਈ ਹੀ ਬੋਰਡ ਨੇ ਕੰਸਲਟੈਂਟਸ ਦੀਆਂ ਸੇਵਾਵਾਂ ਲਈਆਂ ਸਨ। ਹਾਲੇ ਫਿਲਹਾਲ ਬੋਰਡ ਦੇ ਸਾਰੇ ਮਕਾਨਾਂ ’ਚ ਲੋਕਾਂ ਨੇ ਜ਼ਰੂਰਤ ਮੁਤਾਬਕ ਬਦਲਾਅ ਕੀਤੇ ਹੋਏ ਹਨ, ਜਿਸ  ਕਾਰਨ ਲੋਕ ਨੀਡ ਬੇਸ ਚੇਂਜ ਦੀ ਮੰਗ ਕਰ ਰਹੇ ਹਨ। ਇਹੀ ਕਾਰਨ ਹੈ ਕਿ ਇਹ ਚੇਂਜਸ ਬੋਰਡ ਲਈ ਮੁਸੀਬਤ ਬਣੇ ਹੋਏ ਹਨ ਕਿਉਂਕਿ ਇਨ੍ਹਾਂ ਨੂੰ ਰੈਗੂਲਰ ਕਰਨਾ ਉਸਦੇ ਲਈ ਮੁਸ਼ਕਲ ਹੋ ਰਿਹਾ ਹੈ।
 


Related News