ਸੰਤ ਸੀਚੇਵਾਲ ਨੇ ਭਾਜਪਾ ਉਮੀਦਵਾਰ ਨੂੰ ਸੌਂਪਿਆ ਵਾਤਾਵਰਣ ਦਾ ਏਜੰਡਾ, ਸੁੱਕ ਰਹੇ ਦਰਿਆਵਾਂ ਸਬੰਧੀ ਕਹੀਆਂ ਇਹ ਗੱਲਾਂ

05/16/2024 1:09:26 PM

ਸੁਲਤਾਨਪੁਰ ਲੋਧੀ (ਧੀਰ)-ਖਡੂਰ ਸਾਹਿਬ ਹਲਕੇ ਤੋਂ ਚੋਣ ਲੜ ਰਹੇ ਭਾਜਪਾ ਦੇ ਉਮੀਦਵਾਰ ਮਨਜੀਤ ਸਿੰਘ ਮੰਨਾ ਨੂੰ ਵਾਤਾਵਰਣ ਪ੍ਰੇਮੀ ਅਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਵਾਤਾਵਰਣ ਸੰਬੰਧੀ ਕੀਤੇ ਗਏ ਤਿੱਖੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ। ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਪਹੁੰਚੇ ਭਾਜਪਾ ਉਮੀਦਵਾਰ ਮਨਜੀਤ ਸਿੰਘ ਮੰਨਾ ਨੂੰ ਵਾਤਾਵਰਣ ਏਜੰਡਾ ਸੌਂਪਦਿਆ ਸੰਤ ਸੀਚੇਵਾਲ ਨੇ ਕਿਹਾ ਕਿ ਪੰਜਾਬ ਵਿਚ ਧਰਤੀ ਹੇਠਾਂ ਪਾਣੀ ਤੇਜ਼ੀ ਨਾਲ ਡੂੰਘਾ ਹੁੰਦਾ ਜਾ ਰਿਹਾ ਹੈ। ਪੰਜਾਬ ਦੇ ਦਰਿਆ ਪਲੀਤ ਹੋ ਰਹੇ ਹਨ ਅਤੇ ਤੇਜ਼ੀ ਨਾਲ ਸੁੱਕ ਵੀ ਰਹੇ ਹਨ। ਪੰਜਾਬ ਦੀ ਆਬੋ-ਹਵਾ ਵਿਚ ਸਾਹ ਲੈਣਾ ਔਖਾ ਹੋਇਆ ਪਿਆ ਹੈ। ਆਲਮੀ ਤਪਸ਼ ਦੇ ਵਧਣ ਕਾਰਨ ਜਲਵਾਯੂ ਤਬਦੀਲੀਆਂ ਦੇ ਚੱਲਦਿਆ ਦੇਸ਼ ਦੇ 310 ਜ਼ਿਲ੍ਹੇ ਇਸ ਦੀ ਲਪੇਟ ਵਿਚ ਆ ਗਏ ਹਨ। ਇਨ੍ਹਾਂ ਵਿਚ 9 ਜ਼ਿਲ੍ਹੇ ਪੰਜਾਬ ਦੇ 11 ਹਰਿਆਣਾ ਦੇ ਅਤੇ 8 ਜ਼ਿਲ੍ਹੇ ਹਿਮਾਚਲ ਦੇ ਵੀ ਸ਼ਾਮਲ ਹਨ। ਪੰਜਾਬ ਵਿਚੋਂ ਤੇਜ਼ੀ ਨਾਲ ਹੋ ਰਹੇ ਪ੍ਰਵਾਸ ਨੂੰ ਰੋਕਣ ਲਈ ਕੇਂਦਰ ਸਰਕਾਰ ਕੋਲ ਕੀ ਏਜੰਡਾ ਹੈ?

ਇਹ ਵੀ ਪੜ੍ਹੋ- ਭੈਣ ਨਾਲ ਰਿਲੇਸ਼ਨ 'ਚ ਰਹਿ ਰਹੇ ਦੋਸਤ ਦਾ ਬੇਰਹਿਮੀ ਨਾਲ ਕਤਲ, ਦੋਸ਼ੀ ਬੋਲਿਆ, 'ਯਾਰੀ 'ਚ ਗੱਦਾਰੀ ਦਾ ਸਬਕ'

ਉਨ੍ਹਾਂ ਭਾਜਪਾ ਉਮੀਦਵਾਰ ਨੂੰ ਇਹ ਸਵਾਲ ਵੀ ਕੀਤਾ ਕਿ ਪੰਜਾਬ ਦੇ ਪੇਂਡੂ ਵਿਕਾਸ ਫੰਡ ਦੇ ਹਜ਼ਾਰਾਂ ਕਰੋੜ ਰੁਪਏ ਰੋਕੇ ਹੋਏ ਹਨ, ਦੱਸੋ ਪਿੰਡਾਂ ਦਾ ਵਿਕਾਸ ਕਿਵੇਂ ਹੋਵੇਗਾ? ਭਾਜਪਾ ਉਮੀਦਵਾਰ ਮਨਜੀਤ ਸਿੰਘ ਮੰਨਾ ਨੇ ਸੰਤ ਸੀਚੇਵਾਲ ਜੀ ਵੱਲੋਂ ਉਠਾਏ ਵਾਤਾਵਰਣ ਸਮੇਤ ਪੰਜਾਬ ਦੇ ਮੁੱਦਿਆਂ ਨੂੰ ਚੁਪਚਾਪ ਬੈਠ ਕੇ ਸੁਣਦੇ ਰਹੇ। ਸੰਤ ਸੀਚੇਵਾਲ ਨੇ ਕਿਹਾ ਕਿ ਕੋਈ ਵੀ ਸਿਆਸੀ ਪਾਰਟੀ ਨਾ ਤਾਂ ਪੰਜਾਬ ਦੇ ਡੂੰਘੇ ਤੇ ਗੰਧਲੇ ਹੋ ਰਹੇ ਪਾਣੀਆਂ ਦੀ ਗੱਲ ਕਰ ਰਹੀ ਹੈ ਤੇ ਨਾ ਲੋਕ ਨੂੰ ਇਹ ਦੱਸਿਆ ਜਾ ਰਿਹਾ ਹੈ ਕਿ 2039 ਤੱਕ ਪਾਣੀ ਇੱਕ ਹਜ਼ਾਰ ਫੁੱਟ ਡੂੰਘਾ ਚਲਿਆ ਜਾਣਾ ਹੈ। ਸਾਲ 2050 ਤੱਕ ਦੇਸ਼ ਦੇ ਜਿਹੜੇ 30 ਸ਼ਹਿਰਾਂ ਵਿੱਚ ਪਾਣੀ ਦਾ ਘੋਰ ਸੰਕਟ ਆਵੇਗਾ ਉਨ੍ਹਾਂ ਵਿੱਚ ਪੰਜਾਬ ਦੇ ਜਲੰਧਰ, ਲੁਧਿਆਣਾ ਤੇ ਅੰਮ੍ਰਿਤਸਰ ਵਰਗੇ ਤਿੰਨ ਵੱਡੇ ਸ਼ਹਿਰ ਸ਼ਾਮਲ ਹਨ।

ਸੰਤ ਸੀਚੇਵਾਲ ਨੇ ਭਾਜਪਾ ਦਾ ਨਾਂ ਲਏ ਬਿਨਾਂ ਕਿਹਾ ਕਿ ਸਮਾਜ ਨੂੰ ਵੰਡ ਕੇ ਜਿੱਤ ਪ੍ਰਾਪਤ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਪਵਿੱਤਰ ਕਾਲੀ ਵੇਈਂ ਦੁਨੀਆ ਦੀ ਪਹਿਲੀ ਨਦੀ ਬਣ ਗਈ ਹੈ, ਜਿਸ ਨੂੰ ਪਲੀਤ ਹੋਣ ਤੋਂ ਬਾਅਦ ਲੋਕਾਂ ਦੇ ਸਾਂਝੇ ਯਤਨਾ ਸਦਕਾ ਸਾਫ਼ ਕੀਤਾ ਗਿਆ ਹੈ, ਜਿਸ ਦਾ ਪਾਣੀ ਪੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਬਾਬੇ ਨਾਨਕ ਦੀ ਚਰਨਛੋਹ ਪ੍ਰਾਪਤ ਇਸ ਨਦੀ ਸਮੇਤ ਪੰਜਾਬ ਦੇ ਪਾਣੀਆਂ ਦੇ ਕੁਦਰਤੀ ਸਰੋਤਾਂ ਨੂੰ ਪਲੀਤ ਕਰਨ ਪਿੱਛੇ ਰਾਜਨੀਤਕ ਲੋਕਾਂ ਦਾ ਹੱਥ ਰਿਹਾ ਹੈ, ਜਿਨ੍ਹਾਂ ਨੇ ਵੋਟਾਂ ਖਾਤਰ ਪਾਣੀ ਦੇ ਕੁਦਰਤੀ ਸਰੋਤਾਂ ਨੂੰ ਗੰਦਾ ਅਤੇ ਜ਼ਹਿਰੀਲਾ ਹੋਣ ਦਿੱਤਾ। ਇਸ ਮੌਕੇ ਭਾਜਪਾ ਉਮੀਦਵਾਰ ਮਨਜੀਤ ਸਿੰਘ ਮੰਨਾ ਨੇ ਭਰੋਸਾ ਦਿੱਤਾ ਕਿ ਉਹ ਆਪਣੀ ਚੋਣ ਮੁਹਿੰਮ ਵਿਚ ਵਾਤਾਵਰਣ ਨੂੰ ਅਹਿਮ ਮੁੱਦੇ ਵਜੋਂ ਪ੍ਰਵਾਨਣਗੇ। ਉਨ੍ਹਾਂ ਨਾਲ ਭਾਜਪਾ ਆਗੂ ਯੱਗਦੱਤ ਸ਼ਰਮਾ, ਹਰਿੰਦਰ ਅਗਰਵਾਲ, ਸੁਮਿਤ ਸਭੱਰਵਾਲ, ਪਰਮਜੀਤ ਸਿੰਘ ਢਿੱਲੋਂ ਅਤੇ ਹੋਰ ਆਗੂ ਹਾਜ਼ਰ ਸਨ।

ਇਹ ਵੀ ਪੜ੍ਹੋ-  ਇਸ ਵਾਰ ਮਾਝੇ ’ਚ ਨਵਾਂ ਇਤਿਹਾਸ ਲਿਖੇਗੀ ਆਮ ਆਦਮੀ ਪਾਰਟੀ: ਭਗਵੰਤ ਮਾਨ
 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


shivani attri

Content Editor

Related News