ਇੰਗਲੈਂਡ ਨੇ ਪੰਜਾਬ ਨਾਲ ਆਪਸੀ ਸਹਿਯੋਗ ਵਧਾਉਣ ’ਤੇ ਦਿੱਤਾ ਜ਼ੋਰ

Saturday, Feb 25, 2023 - 03:41 PM (IST)

ਇੰਗਲੈਂਡ ਨੇ ਪੰਜਾਬ ਨਾਲ ਆਪਸੀ ਸਹਿਯੋਗ ਵਧਾਉਣ ’ਤੇ ਦਿੱਤਾ ਜ਼ੋਰ

ਜਲੰਧਰ (ਧਵਨ) : ਇੰਗਲੈਂਡ ਨੇ ਪੰਜਾਬ ਦੇ ਨਾਲ ਆਪਸੀ ਸਹਿਯੋਗ ਵਧਾਉਣ ’ਤੇ ਜ਼ੋਰ ਦਿੱਤਾ ਹੈ। ਪੰਜਾਬ ਸਰਕਾਰ ਵਲੋਂ ਆਯੋਜਿਤ ਕੀਤੇ ਗਏ 5ਵੇਂ ਤਰੱਕੀਸ਼ੀਲ ਪੰਜਾਬ ਇਨਵੈਸਟਰਜ਼ ਸਮਿਟ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਚੰਡੀਗੜ੍ਹ ਸਥਿਤ ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨਰ ਕੈਰੋਲਿਨ ਰੋਵੇਟ ਨੇ ਮੁਲਾਕਾਤ ਕੀਤੀ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਦੱਸਿਆ ਕਿ ਇਨਵੈਸਟਰਜ਼ ਸਮਿਟ ’ਚ ਇੰਗਲੈਂਡ ਦੀਆਂ 5 ਕੰਪਨੀਆਂ ਨੇ ਆਪਣੇ ਉਤਪਾਦਾਂ ਨੂੰ ਪ੍ਰਦਰਸ਼ਿਤ ਕੀਤਾ ਹੈ। ਮੁੱਖ ਮੰਤਰੀ ਨੇ ਇਨ੍ਹਾਂ ਕੰਪਨੀਆਂ ਦੇ ਉਤਪਾਦਾਂ ਦੀ ਜਾਂਚ ਕੀਤੀ। ਇੰਗਲੈਂਡ ਵਲੋਂ ਲਾਏ ਗਏ ਸਟਾਲਾਂ ਦੀ ਜਾਂਚ ਕਰਨ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਹ ਉਮੀਦ ਕਰਦੇ ਹਨ ਕਿ ਇੰਗਲੈਂਡ ਦੇ ਨਾਲ ਪੰਜਾਬ ਦਾ ਤਾਲਮੇਲ ਆਉਣ ਵਾਲੇ ਸਮੇਂ ਵਿਚ ਹੋਰ ਵਧੇਗਾ ਅਤੇ ਦੋਵਾਂ ਦੇਸ਼ਾਂ ਦਰਮਿਆਨ ਆਪਸੀ ਵਪਾਰਿਕ ਸੰਬੰਧਾਂ ’ਚ ਹੋਰ ਮਜ਼ਬੂਤੀ ਆਏਗੀ। ਉਨ੍ਹਾਂ ਕਿਹਾ ਕਿ ਇੰਗਲੈਂਡ ਦੇ ਸ਼ੁਰੂ ਤੋਂ ਹੀ ਪੰਜਾਬ ਦੇ ਨਾਲ ਮਜ਼ਬੂਤ ਰਿਸ਼ਤੇ ਰਹੇ ਹਨ ਅਤੇ ਉਹ ਉਮੀਦ ਕਰਦੇ ਹਨ ਕਿ ਇੰਗਲੈਂਡ ਦੀਆ ਕੰਪਨੀਆਂ ਪੰਜਾਬ ਦੇ ਮੌਜੂਦਾ ਮਾਹੌਲ ਦਾ ਲਾਭ ਉਠਾਉਂਦੇ ਹੋਏ ਵੱਧ ਤੋਂ ਵੱਧ ਪੂੰਜੀ ਨਿਵੇਸ਼ ਕਰਨਗੀਆਂ ਕਿਉਂਕਿ ਪੰਜਾਬ ਸਰਕਾਰ ਉਨ੍ਹਾਂ ਨੂੰ ਆਪਣੇ ਵਲੋਂ ਅਨੁਕੂਲ ਮਾਹੌਲ ਮੁਹੱਈਆ ਕਰਵਾਉਣ ਲਈ ਤਿਆਰ ਹਨ।

ਇਹ ਵੀ ਪੜ੍ਹੋ : ਛੱਤੀਸਗੜ੍ਹ ’ਚ ‘ਆਪ’ ਕਰੇਗੀ ਚੋਣ ਸ਼ੰਖਨਾਦ, ਪਾਰਟੀ ਨੂੰ ਕਿਉਂ ਨਜ਼ਰ ਆ ਰਿਹਾ ਹੈ ਤੀਜਾ ਬਦਲ!   

ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨਰ ਕੈਰੋਲਿਨ ਰੋਵੇਟ ਨੇ ਕਿਹਾ ਕਿ ਉਨ੍ਹਾਂ ਨੂੰ ਇੰਗਲੈਂਡ ਪੈਵੇਲੀਅਨ ਵਿਚ ਮੁੱਖ ਮੰਤਰੀ ਭਗਵੰਤ ਮਾਨ ਦਾ ਸਵਾਗਤ ਕਰਦੇ ਹੋਏ ਖੁਸ਼ੀ ਹੋ ਰਹੀ ਹੈ। ਉਨ੍ਹਾਂ ਭਗਵੰਤ ਮਾਨ ਦੀ ਮੁਲਾਕਾਤ ਬ੍ਰਿਟਿਸ਼ ਕੰਪਨੀਆਂ ਦੇ ਨਾਲ ਕਰਵਾਈ ਅਤੇ ਉਨ੍ਹਾਂ ਨਾਲ ਯੂ. ਕੇ. ਤੇ ਪੰਜਾਬ ਦੇ ਆਪਸੀ ਰਿਸ਼ਤਿਆਂ ਨੂੰ ਮਜ਼ਬੂਤੀ ਦੇਣ ਦੇ ਵਿਸ਼ਿਆਂ ’ਤੇ ਵਿਸਤਾਰ ਨਾਲ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਬ੍ਰਿਟਿਸ਼ ਕੰਪਨੀਆਂ ਪੰਜਾਬ ਦੇ ਵੱਖ-ਵੱਖ ਖੇਤਰਾਂ ਵਿਚ ਆਉਣ ਵਾਲੇ ਸਮੇਂ ਵਿਚ ਪੂੰਜੀ ਨਿਵੇਸ਼ ਕਰਨਗੀਆਂ, ਜਿਸ ਕਾਰਨ ਪੰਜਾਬ ਨਾਲ ਵਪਾਰਕ ਰਿਸ਼ਤੇ ਹੋਰ ਮਜ਼ਬੂਤੀ ਫੜਣਗੇ। ਉਨ੍ਹਾਂ ਇਹ ਵੀ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਉਦਯੋਗਾਂ ਪ੍ਰਤੀ ਸਕਾਰਾਤਮਕ ਸੋਚ ਦਾ ਸੂਬੇ ਦੇ ਉਦਯੋਗੀਕਰਨ ’ਤੇ ਵਪਾਰਕ ਅਸਰ ਪਵੇਗਾ।

ਇਹ ਵੀ ਪੜ੍ਹੋ : ਸਿਵਲ ਸਰਜਨ ਹੁਸ਼ਿਆਰਪੁਰ ਵਲੋਂ ਸਿਵਲ ਹਸਪਤਾਲ ਟਾਂਡਾ ਅਤੇ ਆਮ ਆਦਮੀ ਕਲੀਨਿਕ ਦਾ ਕੀਤਾ ਅਚਨਚੇਤ ਦੌਰਾ    

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Anuradha

Content Editor

Related News