ਰੋਜ਼ਗਾਰ ਮੇਲੇ ਦੌਰਾਨ 92 ਕੰਪਨੀਆਂ ਵੱਲੋਂ 866 ਵਿਦਿਆਰਥੀਆਂ ਦੀ ਚੋਣ : ਡੀ. ਸੀ.

Sunday, Feb 25, 2018 - 03:32 PM (IST)

ਜਲੰਧਰ (ਅਮਿਤ)— ਸੂਬਾ ਸਰਕਾਰ ਵੱਲੋਂ ਘਰ-ਘਰ ਨੌਕਰੀ ਸਕੀਮ ਤਹਿਤ ਲਾਏ ਗਏ ਵਿਸ਼ੇਸ਼ ਰੁਜ਼ਗਾਰ ਮੇਲੇ ਬੇਰੋਜ਼ਗਾਰਾਂ ਲਈ ਕਾਫੀ ਲਾਹੇਵੰਦ ਸਿੱਧ ਹੋਏ ਹਨ ਕਿਉਂਕਿ 21 ਤੋਂ 24 ਫਰਵਰੀ ਤੱਕ ਜਲੰਧਰ ਵਿਖੇ ਲਾਏ ਗਏ ਇਸ ਮੇਲੇ ਵਿਚ ਜਲੰਧਰ ਦੇ ਆਈ. ਟੀ. ਆਈ. ਅਤੇ ਹੋਰ ਤਕਨੀਕੀ ਸੰਸਥਾਵਾਂ ਤੋਂ 866 ਵਿਦਿਆਰਥੀ ਸਨਅਤੀ ਘਰਾਣਿਆਂ ਵੱਲੋਂ ਨੌਕਰੀ ਲਈ ਚੁਣੇ ਗਏ। ਇਨ੍ਹਾਂ ਰੋਜ਼ਗਾਰ ਮੇਲਿਆਂ ਦਾ ਉਦਘਾਟਨ ਜਲੰਧਰ ਦੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ 21 ਫਰਵਰੀ ਨੂੰ ਡੇਵੀਏਟ ਵਿਚ ਕੀਤਾ ਸੀ, ਜਦਕਿ 22 ਤੋਂ ਲੈ ਕੇ 24 ਫਰਵਰੀ ਤੱਕ ਇਹ ਮੇਲਾ ਸੀ. ਟੀ. ਇੰਸਟੀਚਿਊਟ ਦੇ ਸ਼ਾਹਪੁਰ ਕੈਂਪਸ ਵਿਚ ਆਯੋਜਿਤ ਕੀਤਾ ਗਿਆ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 21 ਫਰਵਰੀ ਨੂੰ ਲਾਏ ਗਏ ਰੋਜ਼ਗਾਰ ਮੇਲੇ ਵਿਚ 51 ਕੰਪਨੀਆਂ ਨੇ ਹਿੱਸਾ ਲਿਆ ਸੀ ਅਤੇ 535 ਵਿਦਿਆਰਥੀ ਨੌਕਰੀ ਲਈ ਚੁਣੇ ਗਏ ਸਨ। 22 ਫਰਵਰੀ ਨੂੰ 160 ਵਿਦਿਆਰਥੀ, 23 ਫਰਵਰੀ ਨੂੰ 79 ਅਤੇ 24 ਫਰਵਰੀ ਨੂੰ 92 ਵਿਦਿਆਰਥੀ ਰੋਜ਼ਗਾਰ ਲਈ ਚੁਣੇ ਗਏ। ਉਨ੍ਹਾਂ ਨੇ ਦੱਸਿਆ ਕਿ ਆਪਣੀ ਲੋੜ ਅਤੇ ਵਿਦਿਆਰਥੀਆਂ ਦੀ ਯੋਗਤਾ ਅਨੁਸਾਰ 92 ਕੰਪਨੀਆਂ ਨੇ 866 ਵਿਦਿਆਰਥੀਆਂ ਨੂੰ ਨੌਕਰੀ ਲਈ ਚੁਣਿਆ। ਉਨ੍ਹਾਂ ਨੇ ਕਿਹਾ ਕਿ ਇਸ ਆਯੋਜਨ ਦਾ ਮੁੱਖ ਮਕਸਦ ਵਿਦਿਆਰਥੀਆਂ ਨੂੰ ਵਧੀਆ ਨੌਕਰੀਆਂ ਮੁਹੱਈਆ ਕਰਵਾਉਣਾ ਅਤੇ ਉਨ੍ਹਾਂ ਦੀ ਸੂਬੇ ਦੇ ਸਰਵਪੱਖੀ ਵਿਕਾਸ ਵਿਚ ਸ਼ਮੂਲੀਅਤ ਯਕੀਨੀ ਬਣਾਉਣਾ ਹੈ। ਇਸ ਮੌਕੇ ਰੁਜ਼ਗਾਰ ਵਿਭਾਗ ਦੀ ਡਿਪਟੀ ਡਾਇਰੈਕਟਰ ਸੰਜੀਦਾ ਬੇਰੀ ਨੇ ਦੱਸਿਆ ਕਿ ਇਹ ਰੋਜ਼ਗਾਰ ਮੇਲਾ 27 ਫਰਵਰੀ ਨੂੰ ਵੀ ਸੀ. ਟੀ. ਇੰਸਟੀਚਿਊਟ ਦੇ ਸ਼ਾਹਕੋਟ ਕੈਂਪਸ ਵਿਚ ਜਾਰੀ ਰਹੇਗਾ।


Related News