ਪੈਨਸ਼ਨ ਨਾ ਮਿਲਣ ਦੇ ਰੋਸ ਵਜੋਂ ਮੁਲਾਜ਼ਮਾਂ ਨੇ ਦਿੱਤਾ ਧਰਨਾ
Wednesday, Dec 06, 2017 - 12:51 PM (IST)
ਸ੍ਰੀ ਮੁਕਤਸਰ ਸਾਹਿਬ (ਖੁਰਾਣਾ) -ਨਵੰਬਰ ਮਹੀਨੇ ਦੀਆਂ ਪੈਨਸ਼ਨਾਂ ਨਾ ਮਿਲਣ ਦੇ ਰੋਸ ਵਜੋਂ ਅੱਜ ਸੂਬਾ ਕਮੇਟੀ ਦੇ ਸੱਦੇ 'ਤੇ ਪੈਨਸ਼ਨਰਜ਼ ਐਸੋਸੀਏਸ਼ਨ ਸ੍ਰੀ ਮੁਕਤਸਰ ਸਾਹਿਬ ਡਵੀਜ਼ਨ ਦੇ ਸਮੂਹ ਰਿਟਾਇਰਡ ਮੁਲਾਜ਼ਮਾਂ ਵੱਲੋਂ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਮੈਨੇਜਮੈਂਟ ਖਿਲਾਫ਼ ਮੰਡਲ ਦਫ਼ਤਰ ਅੱਗੇ ਧਰਨਾ ਦੇ ਕੇ ਨਾਅਰੇਬਾਜ਼ੀ ਕੀਤੀ ਗਈ। ਧਰਨੇ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਪਾਵਰਕਾਮ ਮੈਨੇਜਮੈਂਟ ਵੱਲੋਂ ਪੈਨਸ਼ਨਾਂ ਰੋਕਣ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕੀਤੀ। ਇਸ ਦੌਰਾਨ ਬੁਲਾਰਿਆਂ ਨੇ ਮੰਗ ਕੀਤੀ ਕਿ ਰਿਟਾਇਰਡ ਮੁਲਾਜ਼ਮਾਂ ਦੀਆਂ ਨਵੰਬਰ ਮਹੀਨੇ ਦੀਆਂ ਰੋਕੀਆਂ ਗਈਆਂ ਪੈਨਸ਼ਨਾਂ ਦਿੱਤੀਆਂ ਜਾਣ, ਪੈਨਸ਼ਨ ਫੰਡ ਦਾ ਪੱਕਾ ਪ੍ਰਬੰਧ ਕੀਤਾ ਜਾਵੇ, ਠੇਕਾ ਪ੍ਰਣਾਲੀ ਬੰਦ ਕਰ ਕੇ ਮਹਿਕਮੇ ਰਾਹੀਂ ਕੰਮ ਕਰਨਾ ਯਕੀਨੀ ਬਣਾਇਆ ਜਾਵੇ ਤੇ ਕੱਚੇ ਕਾਮਿਆਂ ਦਾ ਸ਼ੋਸ਼ਣ ਬੰਦ ਕੀਤਾ ਜਾਵੇ।
ਬੁਲਾਰਿਆਂ ਨੇ ਕਿਹਾ ਕਿ ਇਕ ਠੇਕੇਦਾਰ ਵੱਲੋਂ ਰਿਟਾ. ਮੁਲਾਜ਼ਮ ਭੁਪਿੰਦਰ ਸਿੰਘ ਦੇ ਘਰ ਅੱਗੇ ਜ਼ਬਰਦਸਤੀ ਟਰਾਂਸਫਾਰਮਰ ਲਾ ਦਿੱਤਾ ਗਿਆ ਹੈ, ਜਦਕਿ ਉਹ ਟਰਾਂਸਫਾਰਮਰ ਚੱਕੀ ਦਾ ਕੁਨੈਕਸ਼ਨ ਲੈਣ ਵਾਲੇ ਖਪਤਕਾਰ ਦੇ ਘਰ ਅੱਗੇ ਰੱਖਣਾ ਬਣਦਾ ਸੀ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ 'ਚ ਜੇਕਰ ਇਹ ਟਰਾਂਸਫਾਰਮਰ ਪਾਸੇ ਨਾ ਕੀਤਾ ਗਿਆ ਤਾਂ ਠੇਕੇਦਾਰ ਅਤੇ ਲੋਕਲ ਅਫ਼ਸਰਸ਼ਾਹੀ ਵਿਰੁੱਧ ਸੰਘਰਸ਼ ਵਿੱਢਿਆ ਜਾਵੇਗਾ।ਇਸ ਧਰਨੇ ਨੂੰ ਪ੍ਰਕਾਸ਼ ਚੰਦ ਡਵੀਜ਼ਨ ਪ੍ਰਧਾਨ, ਹੰਸ ਰਾਜ ਪ੍ਰਣਾਮੀ ਸਕੱਤਰ, ਬੂਟਾ ਸਿੰਘ, ਸੁਖਦੇਵ ਸਿੰਘ, ਬਲਦੇਵ ਸਿੰਘ ਨੰਬਰਦਾਰ ਆਗੂ ਆਦਿ ਨੇ ਸੰਬੋਧਨ ਕੀਤਾ।
