ਰਾਜਿੰਦਰਾ ਹਸਪਤਾਲ ਦੇ ਸਰਕਾਰੀ ਮੁਲਾਜ਼ਮਾਂ ਵੱਲੋਂ ਭਾਂਡੇ ਖੜਕਾ ਕੇ ਰੋਸ ਪ੍ਰਦਰਸ਼ਨ

Thursday, Sep 02, 2021 - 09:28 AM (IST)

ਰਾਜਿੰਦਰਾ ਹਸਪਤਾਲ ਦੇ ਸਰਕਾਰੀ ਮੁਲਾਜ਼ਮਾਂ ਵੱਲੋਂ ਭਾਂਡੇ ਖੜਕਾ ਕੇ ਰੋਸ ਪ੍ਰਦਰਸ਼ਨ

ਪਟਿਆਲਾ (ਪਰਮੀਤ) : ਸਰਕਾਰੀ ਮੈਡੀਕਲ ਕਾਲਜ, ਡੈਂਟਲ ਕਾਲਜ, ਰਾਜਿੰਦਰਾ ਹਸਪਤਾਲ ਅਤੇ ਟੀ. ਬੀ. ਹਸਪਤਾਲ ਦੇ ਮੁਲਾਜ਼ਮਾਂ ਸਮੇਤ ਕੰਟਰੈਕਟ-ਆਊਟਸੋਰਸ, ਮਲਟੀਟਾਸਕ ਅਤੇ ਕੋਰੋਨਾ ਯੋਧੇ (ਨਰਸਿੰਗ, ਪੈਰਾ-ਮੈਡੀਕਲ ਤੇ ਦਰਜਾ-4) ਪਿਛਲੇ ਲੰਮੇ ਸਮੇਂ ਤੋਂ ਪੜਾਅ ਵਾਰ ਸੰਘਰਸ਼ ਕਰ ਰਹੇ ਹਨ। ਇਸ ਸੰਘਰਸ਼ ਦੌਰਾਨ ਉੱਠਾਈਆਂ ਜਾ ਰਹੀਆਂ ਮੰਗਾਂ ’ਤੇ ਨਾ ਤਾਂ ਪੰਜਾਬ ਸਰਕਾਰ, ਨਾ ਵਿਭਾਗੀ ਅਫਸਰਸ਼ਾਹੀ ਅਤੇ ਨਾ ਹੀ ਪਟਿਆਲਾ ਦੇ ਸਿਆਸੀ ਆਕਾ ਸੰਜ਼ੀਦਾ ਹਨ। ਇਸ ਲਈ ਮੁਲਾਜ਼ਮਾਂ ਨੇ ਅੱਠਵੇਂ ਦਿਨ ਵੀ ਕੰਮ ਛੋੜ ਹੜਤਾਲ ਜਾਰੀ ਰੱਖਦਿਆਂ ਰੈਲੀ ਨੂੰ ਸੰਬੋਧਨ ਕਰਦਿਆਂ ਖਾਲੀ ਭਾਂਡੇ ਖੜਕਾਉਂਦੇ ਹੋਏ ਲੀਲਾ ਭਵਨ ਚੌਂਕ ’ਚ ਅੱਧੇ ਘੰਟੇ ਲਈ ਜਾਮ ਲਗਾ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ।

ਮੁਲਾਜ਼ਮਾਂ ਦੇ ਪ੍ਰਮੁੱਖ ਆਗੂ ਸਾਥੀ ਦਰਸ਼ਨ ਸਿੰਘ ਲੁਬਾਣਾ ਅਤੇ ਸਾਥੀ ਰਾਮ ਕਿਸ਼ਨ ਨੇ ਕਿਹਾ ਕਿ ਵਿਭਾਗ ਦੇ ਮੰਤਰੀ ਓ. ਪੀ. ਸੋਨੀ ਨਾਲ ਤਿੰਨ ਵਾਰ ਮੁਲਾਜ਼ਮ ਮੰਗਾਂ ’ਤੇ ਗੱਲਬਾਤ ਹੋ ਚੁੱਕੀ ਹੈ। ਪਹਿਲੇ ਪ੍ਰਮੁੱਖ ਸਕੱਤਰ ਡੀ. ਕੇ. ਤਿਵਾੜੀ ਅਤੇ ਮੌਜੂਦਾ ਪ੍ਰਮੁੱਖ ਸਕੱਤਰ ਅਲੌਕ ਸ਼ੇਖਰ ਉਪਰੰਤ ਪਟਿਆਲਾ ਦੇ ਮੇਅਰ ਸੰਜੀਵ ਕੁਮਾਰ ਬਿੱਟੂ ਸ਼ਰਮਾ ਨਾਲ, ਫਿਰ ਮੇਅਰ ਰਾਹੀਂ ਬੀਬਾ ਜੈਇੰਦਰ ਕੌਰ ਅਨੇਕਾਂ ਵਾਰ ਡਾਇਰੈਕਟਰ ਪ੍ਰਿੰਸੀਪਲ ਮੈਡੀਕਲ ਕਾਲਜ ਤੇ ਮੈਡੀਕਲ ਸੁਪਰੀਡੈਂਟ ਰਾਜਿੰਦਰਾ ਹਸਪਤਾਲ ਸਮੇਤ ਡਾਇਰੈਕਟਰ ਖੋਜ ਅਤੇ ਮੈਡੀਕਲ ਸਿੱਖਿਆ ਮੀਟਿੰਗਾਂ ਹੋਣ ਉਪਰੰਤ ਵੀ ਪਰਨਾਲਾ ਉੱਥੇ ਦਾ ਉੱਥੇ ਹੀ ਹੈ। ਕੰਟਰੈਕਟ-ਆਊਟਸੋਰਸ (ਨਰਸਿੰਗ, ਪੈਰਾ-ਮੈਡੀਕਲ ਤੇ ਦਰਜਾ-4) ਕਾਮਿਆਂ ਨੂੰ ਪਿਛਲੇ 2 ਸਾਲਾਂ ਤੋਂ ਘੱਟੋ-ਘੱਟ ਉਜਰਤਾਂ ’ਚ ਵਾਧਾ ਨਹੀਂ ਦਿੱਤਾ ਗਿਆ।

ਸਮੂਹ ਕੋਰੋਨਾ-ਯੋਧਿਆਂ ਨੂੰ ਵਿਭਾਗ ’ਚ ਖਪਾਉਣ ਅਤੇ ਕੰਟਰੈਕਟ ਮੁਲਾਜ਼ਮਾਂ ਨੂੰ ਨਿਯਮਿਤ ਕਰਨ ਸਿਰਫ ਲਾਅਰੇ-ਲੱਪੇ ਹੀ ਲਾਏ ਜਾ ਰਹੇ ਹਨ। ਤਰਸ ਆਧਾਰਿਤ ਕੇਸਾਂ ਨੂੰ ਲੰਮੇ ਸਮੇਂ ਤੋਂ ਲਟਕਾਇਆ ਜਾ ਰਿਹਾ ਹੈ। ਤਰਸ ਆਧਾਰਿਤ ਨੌਕਰੀਆਂ ਨਹੀਂ ਦਿੱਤੀਆਂ ਜਾ ਰਹੀਆਂ। ਇਸ ਤਰ੍ਹਾਂ ਅਨੇਕਾਂ ਹੋਰ ਮੰਗਾਂ ਲਟਕ ਰਹੀਆਂ ਹਨ। ਉਕਤ ਆਗੂਆਂ ਨੇ ਕਿਹਾ ਕਿ ਕੰਮ ਛੋੜ ਹੜਤਾਲ ’ਚ ਰੈਗੂਲਰ ਮੁਲਾਜ਼ਮ ਵੀ ਸ਼ਾਮਲ ਹੋਣਗੇ। ਪੇਅ-ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਸਮੇਂ ਦਰਜਾ ਚਾਰ ਅਤੇ ਟੈਕਨੀਕਲ ਕਰਮਚਾਰੀਆਂ ਨਾਲ ਪਿਛਲੇ ਪੇਅ ਕਮਿਸ਼ਨ ਵੱਲੋਂ ਅਣਸੋਧੇ ਸਕੇਲਾਂ ਵਾਲਿਆਂ ਨਾਲ ਬਹੁਤ ਵੱਡੀ ਨਾ ਇਨਸਾਫ਼ੀ ਕੀਤੀ ਹੈ। ਆਗੂਆਂ ਨੇ ਕਿਹਾ ਕਿ ਅਸੀਂ ਇਸ ਕਾਣੀ ਵੰਡ ਦਾ ਪੁਰਜ਼ੋਰ ਵਿਰੋਧ ਕਰਦੇ ਹਾਂ। 


author

Babita

Content Editor

Related News