ਮਾਨ ਦੇ ਮੰਤਰੀ ਦੀ ਵੱਡੀ ਕਾਰਵਾਈ, ਪੀ. ਐੱਸ. ਪੀ. ਸੀ. ਐੱਲ. ਦੇ ਅਫ਼ਸਰ ''ਤੇ ਡਿੱਗੀ ਗਾਜ

Friday, Oct 25, 2024 - 06:33 PM (IST)

ਚੰਡੀਗੜ੍ਹ : ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐੱਸ.ਪੀ.ਸੀ.ਐੱਲ.) ਨੇ ਡਿਸਟ੍ਰੀਬਿਊਸ਼ਨ ਡਿਵੀਜ਼ਨ ਸ੍ਰੀ ਮੁਕਤਸਰ ਸਾਹਿਬ ਅਧੀਨ ਡਿਸਟ੍ਰੀਬਿਊਸ਼ਨ ਸਬ ਡਵੀਜ਼ਨ ਬਰੀਵਾਲਾ ਵਿਖੇ ਕੰਮ ਕਰਦੇ ਜੂਨੀਅਰ ਇੰਜੀਨੀਅਰ (ਜੇ.ਈ) ਗੁਰਮੀਤ ਸਿੰਘ ਨੂੰ ਉਸ ਵੱਲੋਂ ਆਪਣੇ ਫਰਜ਼ ਅਦਾ ਕਰਨ ਵਿਚ ਕੀਤੀਆਂ ਗਈਆਂ ਅਣਗਹਿਲੀਆਂ ਅਤੇ ਬੇਨਿਯਮੀਆਂ ਕਾਰਨ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਿਜਲੀ ਮੰਤਰੀ ਪੰਜਾਬ ਹਰਭਜਨ ਸਿੰਘ ਈ.ਟੀ.ਓ ਨੇ ਦੱਸਿਆ ਕਿ ਮੁਅੱਤਲ ਕੀਤੇ ਜੇ.ਈ ਨੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਬਰੀਵਾਲਾ ਸਬ-ਡਵੀਜ਼ਨ ਅਧੀਨ ਪੈਂਦੇ ਪਿੰਡ ਹਰੀਕੇ ਕਲਾਂ ਤੋਂ ਆਸਾ ਬੁੱਟਰ ਰੋਡ 'ਤੇ ਖੇਤਾਂ ਵਿਚ ਖੁੱਲ੍ਹੇ ਸਥਾਨ ਵਿਚ ਘਰੇਲੂ ਕੁਨੈਕਸ਼ਨ ਅਤੇ ਪੀ.ਐੱਸ.ਪੀ.ਸੀ.ਐੱਲ ਦੇ ਨਿਯਮਾਂ ਦੇ ਉਲਟ 300 ਯੂਨਿਟਾਂ ਦੀ ਮੁਫਤ ਸਹੂਲਤ ਦੇਣ ਲਈ 24 ਘੰਟੇ ਸਪਲਾਈ ਲਾਈਨ 'ਤੇ ਨਵਾਂ 11 ਕੇ.ਵੀ. ਟਰਾਂਸਫਾਰਮਰ ਲਗਾ ਦਿੱਤਾ। ਮੁੱਢਲੀ ਜਾਂਚ ਅਨੁਸਾਰ ਇਹ ਘਰੇਲੂ ਕੁਨੈਕਸ਼ਨ ਰਸੋਈ, ਗੁਸਲਖਾਨੇ ਜਾਂ ਚਾਰਦੀਵਾਰੀ ਤੋਂ ਬਿਨਾਂ ਇਕ ਕਮਰੇ ਵਾਲੀ ਖੁੱਲੀ ਜਗ੍ਹਾ ਵਿਚ ਜਾਰੀ ਕੀਤਾ ਜਾਣਾ ਸੀ।  

ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਸੂਬੇ ਦੇ ਪੈਨਸ਼ਨ ਧਾਰਕਾਂ ਦੇ ਹੱਕ 'ਚ ਵੱਡਾ ਫ਼ੈਸਲਾ

ਇਸ ਗੈਰ-ਕਾਨੂੰਨੀ ਗਤੀਵਿਧੀ ਤਹਿਤ ਸਬੰਧਤ ਜੇ.ਈ. ਨੇ ਨਾ ਸਿਰਫ ਪੀ.ਐੱਸ.ਪੀ.ਸੀ.ਐੱਲ. ਦੇ ਨਿਯਮਾਂ ਦੇ ਉਲਟ ਕੰਮ ਕੀਤਾ ਹੈ ਬਲਕਿ ਨਿਗਮ ਨੂੰ ਲਗਭਗ 1 ਲੱਖ ਦਾ ਵਿੱਤੀ ਨੁਕਸਾਨ ਵੀ ਕੀਤਾ ਹੈ। ਗੈਰ-ਕਾਨੂੰਨੀ ਤੌਰ 'ਤੇ ਲਗਾਏ ਗਏ ਟਰਾਂਸਫਾਰਮਰ ਨੂੰ ਵੀ ਹਟਾਏ ਜਾਣ ਦੇ ਹੁਕਮ ਦਿੱਤੇ ਗਏ ਹਨ ਅਤੇ ਮੁਅੱਤਲ ਕੀਤੇ ਗਏ ਕਰਮਚਾਰੀ ਖ਼ਿਲਾਫ ਬਣਦੀ ਅਨੁਸ਼ਾਸਨੀ ਕਾਰਵਾਈ ਵੀ ਕੀਤੀ ਜਾ ਰਹੀ ਹੈ। ਬਿਜਲੀ ਮੰਤਰੀ ਹਰਭਜਨ ਸਿੰਘ ਈ. ਟੀ. ਓ. ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਭ੍ਰਿਸ਼ਟਾਚਾਰ ਪ੍ਰਤੀ ਜ਼ੀਰੋ-ਟੌਲਰੈਂਸ ਨੀਤੀ ਤਹਿਤ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਦੇਣ ਦੀ ਵਚਨਬੱਧਤਾ ਦੁਹਰਾਉਂਦਿਆਂ ਸਪੱਸ਼ਟ ਤੌਰ 'ਤੇ ਕਿਹਾ ਕਿ ਗੈਰ-ਕਾਨੂੰਨੀ ਅਤੇ ਭ੍ਰਿਸ਼ਟ ਕਾਰਵਾਈ ਵਿਚ ਸ਼ਾਮਲ ਕਿਸੇ ਵੀ ਰੈਂਕ ਜਾਂ ਅਹੁਦੇ ਦੇ ਕਰਮਚਾਰੀਆਂ ਲਈ ਵਿਭਾਗ ਵਿਚ ਕੋਈ ਥਾਂ ਨਹੀਂ ਹੈ। ਉਨ੍ਹਾਂ ਪੀ.ਐੱਸ.ਪੀ.ਸੀ.ਐੱਲ. ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਖ਼ਤ ਤਾੜਨਾ ਕੀਤੀ ਕਿ ਉਹ ਪੂਰੀ ਇਮਾਨਦਾਰੀ ਨਾਲ ਕੰਮ ਕਰਨ ਨਹੀਂ ਤਾਂ ਸਖ਼ਤ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ।

ਇਹ ਵੀ ਪੜ੍ਹੋ : ਮੁਲਾਜ਼ਮਾਂ ਦੇ ਭੱਤਿਆਂ ਵਿਚ ਵਾਧਾ, ਨੋਟੀਫਿਕੇਸ਼ਨ ਜਾਰੀ

 


Gurminder Singh

Content Editor

Related News