ਫਰੰਟਲਾਈਨ ''ਤੇ ਡਟੇ ਪੰਜੇ ਸਹਿਕਾਰੀ ਅਦਾਰਿਆਂ ਦੇ ਮੁਲਾਜ਼ਮਾਂ ਦਾ ਹੋਵੇਗਾ ਬੀਮਾ ਕਵਰ : ਰੰਧਾਵਾ

05/15/2020 8:04:40 PM

ਚੰਡੀਗੜ੍ਹ, (ਸ਼ਰਮਾ)- ਸਹਿਕਾਰਤਾ ਵਿਭਾਗ ਵਲੋਂ ਕੋਵਿਡ-19 ਸੰਕਟ 'ਚ ਫਰਟੰਲਾਈਨ 'ਤੇ ਡਟੇ ਆਪਣੇ ਵਿਭਾਗ ਦੇ ਸਮੂਹ ਅਧਿਕਾਰੀਆਂ/ਕਰਮਚਾਰੀਆਂ ਦਾ 25 ਲੱਖ ਰੁਪਏ ਦਾ ਬੀਮਾ ਕਵਰ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਹ ਬੀਮਾ ਸਾਰੇ ਰੈਗੂਲਰ, ਠੇਕੇ ਅਤੇ ਆਊਟਸੋਰਸਿੰਗ 'ਤੇ ਕੰਮ ਕਰ ਰਹੇ ਮੁਲਾਜ਼ਮਾਂ ਦਾ ਕੀਤਾ ਜਾਵੇਗਾ, ਜੋ ਇਸ ਵੇਲੇ ਕੋਵਿਡ-19 ਸੰਕਟ ਦੇ ਮੱਦੇਨਜ਼ਰ ਲਾਏ ਕਰਫਿਊ/ ਲਾਕਡਾਊਨ ਦੌਰਾਨ ਲੋਕਾਂ ਨੂੰ ਜ਼ਰੂਰੀ ਸੇਵਾਵਾਂ ਮੁਹੱਈਆ ਕਰਨ ਲਈ ਦਿਨ-ਰਾਤ ਕੰਮ ਕਰ ਰਹੇ ਹਨ। ਇਹ ਖੁਲਾਸਾ ਸਹਿਕਾਰਤਾ ਮੰਤਰੀ ਸੁਖਜਿੰਦਰ ਰੰਧਾਵਾ ਨੇ ਅੱਜ ਇੱਥੇ ਜਾਰੀ ਪ੍ਰੈੱਸ ਬਿਆਨ ਰਾਹੀਂ ਕੀਤਾ।
ਰੰਧਾਵਾ ਨੇ ਕਿਹਾ ਕਿ ਫਰੰਟਲਾਈਨ 'ਤੇ ਕੰਮ ਕਰ ਰਹੇ 5 ਸਹਿਕਾਰੀ ਅਦਾਰਿਆਂ ਸ਼ੂਗਰਫੈੱਡ, ਮਿਲਕਫੈੱਡ, ਮਾਰਕਫੈੱਡ, ਪੰਜਾਬ ਰਾਜ ਸਹਿਕਾਰੀ ਬੈਂਕ ਤੇ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਦੇ 14,905 ਅਧਿਕਾਰੀਆਂ/ਕਰਮਚਾਰੀਆਂ ਦਾ 25 ਲੱਖ ਰੁਪਏ ਪ੍ਰਤੀ ਮੁਲਾਜ਼ਮ ਬੀਮਾ ਕਵਰ ਇਕ ਸਾਲ ਲਈ ਕੀਤਾ ਜਾ ਰਿਹਾ ਹੈ। ਪ੍ਰਤੀ ਮੁਲਾਜ਼ਮ 1,977 ਰੁਪਏ ਸਮੇਤ ਜੀ.ਐੱਸ.ਟੀ. ਪ੍ਰੀਮੀਅਮ ਖਰਚ ਆ ਰਿਹਾ ਹੈ, ਜਿਸ ਤਹਿਤ ਸਾਰੇ 14,905 ਮੁਲਾਜ਼ਮਾਂ ਦੇ ਬੀਮੇ ਲਈ ਪ੍ਰੀਮੀਅਮ ਦਾ ਕੁੱਲ ਖਰਚਾ 2.95 ਕਰੋੜ (2,94,67,185) ਰੁਪਏ ਆਵੇਗਾ। ਪ੍ਰੀਮੀਅਮ ਦੀ ਰਾਸ਼ੀ ਸਬੰਧਤ ਸਹਿਕਾਰੀ ਅਦਾਰੇ ਵਲੋਂ ਆਪੋ-ਆਪਣੇ ਮੁਲਾਜ਼ਮਾਂ ਦੀ ਗਿਣਤੀ ਦੇ ਹਿਸਾਬ ਨਾਲ ਅਦਾ ਕੀਤੀ ਜਾਵੇਗੀ।
ਸਹਿਕਾਰਤਾ ਮੰਤਰੀ ਨੇ ਸਾਰੇ ਮੁਲਾਜ਼ਮਾਂ ਦੇ ਵੇਰਵੇ ਦਿੰਦਿਆਂ ਕਿ ਪੰਜੇ ਸਹਿਕਾਰੀਆਂ ਅਦਾਰਿਆਂ ਦੇ ਕੁੱਲ 14905 ਅਧਿਕਾਰੀਆਂ/ਕਰਮਚਾਰੀਆਂ 'ਚੋਂ 8,812 ਰੈਗੂਲਰ ਅਤੇ 6,093 ਠੇਕੇ ਅਤੇ ਆਊਟਸੋਰਸਿੰਗ 'ਤੇ ਕੰਮ ਕਰਦੇ ਹਨ। ਸਹਿਕਾਰਤਾ ਵਿਭਾਗ ਵਲੋਂ ਲਏ ਇਸ ਵੱਡੇ ਫੈਸਲੇ ਤਹਿਤ ਸ਼ੂਗਰਫੈੱਡ ਦੇ 2,090, ਮਿਲਕਫੈੱਡ ਦੇ 6,298, ਮਾਰਕਫੈੱਡ ਦੇ 1,421, ਪੰਜਾਬ ਰਾਜ ਸਹਿਕਾਰੀ ਬੈਂਕ ਦੇ 4,217 ਤੇ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਦੇ 879 ਮੁਲਾਜ਼ਮਾਂ ਦਾ ਬੀਮਾ ਹੋਵੇਗਾ।


Bharat Thapa

Content Editor

Related News