ਮੁਲਾਜ਼ਮਾਂ ਨੇ ਸਾਕੇਤ ਹਸਪਤਾਲ ਦੇ ਕਮਰਿਅਾਂ ਨੂੰ ਲਾਏ ਤਾਲੇ

Tuesday, Aug 21, 2018 - 04:28 AM (IST)

ਮੁਲਾਜ਼ਮਾਂ ਨੇ ਸਾਕੇਤ ਹਸਪਤਾਲ ਦੇ ਕਮਰਿਅਾਂ ਨੂੰ ਲਾਏ ਤਾਲੇ

ਪਟਿਆਲਾ, (ਪਰਮੀਤ)- ਪੰਜਾਬ ਵਿਚ  ਸਰਕਾਰੀ ਡਰੱਗ ਡੀ-ਐਡਿਕਸ਼ਨ ਐਂਡ ਰੀਹੈਬਲੀਟੇਸ਼ਨ ਇੰਪਲਾਈਜ਼ ਯੂਨੀਅਨ ਪੰਜਾਬ ਦੇ ਸੱਦੇ ’ਤੇ ਨਸ਼ਾ-ਛੁਡਾਊ ਕੇਂਦਰਾਂ ਤੇ ਓਟ (ਆਊਟ ਪੇਸ਼ੈਂਟ ਓਪੀਓਇਡ ਕਲੀਨਿਕ) ਕਲੀਨਿਕਾਂ ਵਿਚ ਮੁਲਾਜ਼ਮਾਂ ਦੀ ਹਡ਼ਤਾਲ ਚੱਲ  ਰਹੀ  ਹੈ। ਇਸ ਸਬੰਧੀ ਅੱਜ ਇਥੇ ਸਰਕਾਰੀ ਸਾਕੇਤ ਨਸ਼ਾ-ਛੁਡਾਊ ਹਸਪਤਾਲ ਵਿਚ ਮੁਲਾਜ਼ਮਾਂ ਵੱਲੋਂ ਕਮਰਿਆਂ ਨੂੰ ਤਾਲੇ ਲਾ ਦਿੱਤੇ ਗਏ ਤੇ ਉਨ੍ਹਾਂ ਦੇ ਨਾ ਖੋਲ੍ਹਣ ’ਤੇ ਪੁਲਸ ਬੁਲਾਉਣੀ ਪਈ।
  ®ਜਾਣਕਾਰੀ ਦਿੰਦਿਆਂ ਸਾਕੇਤ ਹਸਪਤਾਲ ਦੇ ਇੰਚਾਰਜ ਮੈਡਮ ਪਰਮਿੰਦਰ ਕੌਰ ਨੇ ਦੱਸਿਆ ਕਿ ਮੁਲਾਜ਼ਮਾਂ ਵੱਲੋਂ ਸਵੇਰੇ ਕਮਰਿਆਂ ਨੂੰ ਤਾਲੇ ਲਾ ਦਿੱਤੇ ਗਏ ਸਨ। ਜਦੋਂ ਕਮਰੇ ਨਾ ਖੋਲ੍ਹੇ ਗਏ ਤਾਂ ਪੁਲਸ ਬੁਲਾ ਕੇ ਤਾਲੇ ਖੋਲ੍ਹ  ਕੇ ਮਰੀਜ਼ਾਂ ਨੂੰ ਦਵਾਈ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਇਥੇ ਰੋਜ਼ਾਨਾ 30 ਮਰੀਜ਼ ਨਸ਼ੇ ਛੱਡਣ ਵਾਸਤੇ ਦਵਾਈ ਲੈਣ ਆਉਂਦੇ ਹਨ। 118 ਮਰੀਜ਼ਾਂ ਦੀ ਇਥੇ ਐਂਟਰੀ ਹੈ ਤੇ 40 ਦੇ ਕਰੀਬ ਨਸ਼ਾ-ਛੁਡਾਊ ਕੇਂਦਰ ਵਿਚ ਦਾਖਲ ਹਨ। ਉਨ੍ਹਾਂ ਦੱਸਿਆ ਕਿ ਓਟ ਕਲੀਨਿਕ ਵਿਚ ਰੋਜ਼ਾਨਾ ਮਰੀਜ਼ ਦਵਾਈ ਪੀਣ ਆਉਂਦੇ ਹਨ, ਜੋ ਉਨ੍ਹਾਂ ਨੂੰ ਦੇ ਕੇ ਘਰ ਭੇਜ ਦਿੱਤਾ ਜਾਂਦਾ ਹੈ।  ਇਹ ਓਟ ਕੇਂਦਰ  ਡੀ-ਐਡਿਕਸ਼ਨ ਜ਼ਿਲਾ ਸੋਸਾਇਟੀ ਦੇ ਤਹਿਤ ਚਲਾਇਆ ਜਾ ਰਿਹਾ ਹੈ।
 ®ਇਸ ਦੌਰਾਨ  ਮੁਲਾਜ਼ਮ ਯੂਨੀਅਨ ਦੇ ਸੂਬਾ ਪ੍ਰਧਾਨ ਪਰਮਿੰਦਰ ਸਿੰਘ ਨੇ ਦੱਸਿਆ ਕਿ  4 ਸਾਲ ਦਾ ਸਮਾਂ ਬੀਤ ਚੁੱਕਾ ਹੈ ਪਰ ਹਾਲੇ ਤੱਕ ਉਨ੍ਹਾਂ ਨੂੰ ਫਿਕਸ ਤਨਖਾਹ ਮਿਲ ਰਹੀ ਹੈ। ਕੋਈ ਸਾਲਾਨਾ ਭੱਤਾ ਤੇ ਸਹੂਲਤ ਨਹੀਂ ਮਿਲ ਰਹੀ। ਉਨ੍ਹਾਂ ਦੱਸਿਆ ਕਿ ਰੋਜ਼ਾਨਾ 27 ਹਜ਼ਾਰ ਦੇ ਕਰੀਬ ਮਰੀਜ਼ ਇਨ੍ਹਾਂ ਓਟ ਕਲੀਨਿਕਾਂ ਵਿਚ ਦਵਾਈ ਲੈਣ ਆਉਂਦੇ ਹਨ।  ਸਰਕਾਰ ਮੁਲਾਜ਼ਮਾਂ ਤੋਂ ਘੱਟ ਤਨਖਾਹ ’ਤੇ ਵੱਧ ਕੰਮ ਲੈ ਰਹੀ ਹੈ।
ਡਿਪਟੀ ਕਮਿਸ਼ਨਰ ਤੇ ਸਿਵਲ ਸਰਜਨ ਨਾਲ ਹੁੰਦੀ ਰਹੀ ਮੀਟਿੰਗ
 ਪਰਮਿੰਦਰ ਸਿੰਘ ਦੇ ਕਰੀਬੀ ਨੇ ਦੱਸਿਆ ਕਿ ਉਨ੍ਹਾਂ ਦੀ ਜਥੇਬੰਦੀ ਦੇ ਨੁਮਾਇੰਦਿਆਂ ਵੱਲੋਂ ਅੱਜ ਸਿਵਲ ਸਰਜਨ ਤੇ ਡਿਪਟੀ ਕਮਿਸ਼ਨਰ ਨੂੰ ਮੰਗ-ਪੱਤਰ ਸੌਂਪੇ ਗਏ ਹਨ। ਦੇਰ ਸ਼ਾਮ ਇਨ੍ਹਾਂ ਨਾਲ ਮੀਟਿੰਗ ਵੀ ਜਾਰੀ ਸੀ। ਸੂਤਰਾਂ ਮੁਤਾਬਕ ਸਿਹਤ ਵਿਭਾਗ ਵੱਲੋਂ ਇਨ੍ਹਾਂ ਮੁਲਾਜ਼ਮਾਂ ਦੀਆਂ ਤਨਖਾਹਾਂ ਵਿਚ ਵਾਧੇ ਦਾ ਫੈਸਲਾ ਕਰ ਲਿਆ ਗਿਆ  ਹੈ। ਨੋਟੀਫਿਕੇਸ਼ਨ ਜਲਦ ਜਾਰੀ ਕੀਤਾ ਜਾ ਸਕਦਾ ਹੈ।
 


Related News