ਮੁਲਾਜ਼ਮ ਜਥੇਬੰਦੀਆਂ ਨੇ ਘੇਰਿਆ ਮਿੰਨੀ ਸਕੱਤਰੇਤ
Wednesday, Jul 25, 2018 - 05:47 AM (IST)
ਪਟਿਆਲਾ, (ਜ.ਬ., ਜੋਸਨ, ਰਾਣਾ)- ਅਟਲ ਬਿਹਾਰੀ ਵਾਜਪਾਈ ਸਰਕਾਰ ਦੇ ਫੈਸਲੇ ਨੂੰ ਲਾਗੂ ਕਰਦੇ ਹੋਏ ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਸਾਲ 2004 ਵਿਚ ਬੰਦ ਕੀਤੀ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਲਈ ਜਥੇਬੰਦੀਆਂ ਅਤੇ ਸੀ. ਪੀ. ਅੈੱਫ. ਕਰਮਚਾਰੀ ਯੂਨੀਅਨ ਵੱਲੋਂ ਮਿੰਨੀ ਸਕੱਤਰੇਤ ਵਿਖੇ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ।
ਇਸ ਮੌਕੇ ਸੰਬੋਧਨ ਕਰਦਿਆਂ ਦਰਸ਼ਨ ਸਿੰਘ ਲੁਬਾਣਾ, ਮੋਹਨ ਸਿੰਘ ਨੇਗੀ ਤੇ ਜਗਮੋਹਨ ਸਿੰਘ ਨੌਲੱਖਾ ਨੇ ਕਿਹਾ ਕਿ ਪੰਜਾਬ ਕਾਂਗਰਸ ਦੇ ਚੋਣ ਮਨੋਰਥ-ਪੱਤਰ ਵਿਚ ਵੀ ਵਾਅਦਾ ਕੀਤਾ ਗਿਆ ਸੀ ਕਿ ਉਹ ਪੁਰਾਣੀ ਪ੍ਰਚੱਲਿਤ ਪੈਨਸ਼ਨ ਸਕੀਮ ਲਾਗੂ ਕਰਨਗੇ। ਮਿਤੀ 22 ਮਈ 2018 ਨੂੰ ਤਿੰਨ ਮੰਤਰੀਆਂ ’ਤੇ ਅਾਧਾਰਤ ਕੈਬਨਿਟ ਸਬ-ਕਮੇਟੀ ਦੀ ਮੀਟਿੰਗ ਵਿਚ ਮੁਲਾਜ਼ਮ ਜੱਥੇਬੰਦੀਆਂ ਨੇ ਦਲੀਲਾਂ ਸਹਿਤ ਉਠਾਈ ਇਹ ਮੰਗ ਕਿ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤਾ ਜਾਵੇ ਤਾਂ ਇਸ ’ਤੇ ਗੰਭੀਰਤਾ ਨਾਲ ਵਿਚਾਰ ਕਰਨ ਦਾ ਭਰੋਸਾ ਦਿੱਤਾ ਗਿਆ ਪਰ ਕੋਈ ਵੀ ਕਾਰਵਾਈ ਨਹੀਂ ਹੋਈ। ਇਸ ਦੇ ਰੋਸ ਵਜੋਂ ਸੀ. ਪੀ. ਅੈੱਫ. ਕਰਮਚਾਰੀ ਯੂਨੀਅਨ ਪੰਜਾਬ ਨੇ ਪੁਰਾਣੀ ਪੈਨਸ਼ਨ ਦੀ ਬਹਾਲੀ ਲਈ ਜ਼ਿਲਾ ਪੱਧਰ ’ਤੇ ਕੇਂਦਰੀ ਤੇ ਰਾਜ ਸਰਕਾਰਾਂ ਦੀ ਅਰਥੀ ਸਾਡ਼ ਕੇ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਹੈ। ਆਗੂਆਂ ਕਿਹਾ ਕਿ ਜਦੋਂ ਸੰਸਦ ਮੈਂਬਰ, ਵਿਧਾਇਕ ਜਾਂ ਜਿਤਨੀ ਵਾਰ ਵੀ ਇਹ ਚੁਣੇ ਜਾਂਦੇ ਹਨ, ਉਤਨੀ ਵਾਰ ਪੈਨਸ਼ਨ ਲੈਣ ਦੇ ਹੱਕਦਾਰ ਬਣ ਜਾਂਦੇ ਹਨ। ਮੁਲਾਜ਼ਮ ਜੋ 30 ਤੋਂ 40 ਸਾਲ ਸੇਵਾ ਕਰਦਾ ਹੈ, ਉਹ ਘਰ ਨੂੰ ਖਾਲੀ ਹੱਥ ਕਿਉਂ ਜਾਵੇ? ਆਉਣ ਵਾਲੇ ਦਿਨਾਂ ਵਿਚ ਇਸ ’ਤੇ ਵਿਸ਼ਾਲ ਸੰਘਰਸ਼ ਕਰਨ ਦੀ ਲੋਡ਼ ਹੈ। ਅਸੀਂ ਸੀ. ਪੀ. ਐੱਫ. ਕਰਮਚਾਰੀਆਂ ਦੀ ਪੂਰਨ ਤੌਰ ’ਤੇ ਹਮਾਇਤ ਕਰਦੇ ਹਾਂ।
