ਇੰਪਲਾਈਜ਼ ਵੈੱਲਫੇਅਰ ਫੈੱਡਰੇਸ਼ਨ ਨੇ ਮੁੱਖ ਮੰਤਰੀ ਪੰਜਾਬ ਨੂੰ ਭੇਜਿਆ ਮੰਗ-ਪੱਤਰ
Friday, Nov 10, 2017 - 03:57 PM (IST)
ਫਾਜ਼ਿਲਕਾ (ਨਾਗਪਾਲ) - ਗਜ਼ਟਿਡ ਐਂਡ ਨਾਨ-ਗਜ਼ਟਿਡ ਐੱਸ. ਸੀ., ਬੀ. ਸੀ. ਇੰਪਲਾਈਜ਼ ਵੈੱਲਫੇਅਰ ਫੈੱਡਰੇਸ਼ਨ ਵੱਲੋਂ ਐੱਸ. ਸੀ., ਬੀ. ਸੀ. ਸਮਾਜ ਦੇ ਕਰਮਚਾਰੀਆਂ ਤੇ ਆਮ ਵਰਗ ਦੀਆਂ ਹੱਕੀ ਮੰਗਾਂ ਸਬੰਧੀ ਜ਼ਿਲਾ ਚੇਅਰਮੈਨ ਠਾਕਰ ਦਾਸ ਤੇ ਜ਼ਿਲਾ ਪ੍ਰਧਾਨ ਮਾਸਟਰ ਸੁਭਾਸ਼ ਚੰਦਰ ਦੀ ਅਗਵਾਈ ਹੇਠ ਮੁੱਖ ਮੰਤਰੀ ਪੰਜਾਬ ਨੂੰ ਭੇਜਣ ਲਈ ਅੱਜ ਐੱਸ. ਡੀ. ਐੱਮ. ਦੇ ਸੁਪਰਡੈਂਟ ਨੂੰ ਮੰਗ-ਪੱਤਰ ਸੌਂਪਿਆ ਗਿਆ।
ਮੰਗ-ਪੱਤਰ 'ਚ ਫੈੱਡਰੇਸ਼ਨ ਦੇ ਮੈਂਬਰਾਂ ਨੇ ਕਿਹਾ ਕਿ 85ਵੀਂ ਸੋਧ ਮੁਤਾਬਕ ਰੋਸਟਰ ਨੁਕਤਿਆਂ 'ਤੇ ਕੰਮ ਕਰਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਸੀਨੀਆਰਤਾ ਦਾ ਲਾਭ ਦਿੱਤਾ ਜਾਵੇ, 10 ਅਕਤੂਬਰ 2014 ਦਾ ਰਾਖਵਾਂਕਰਨ ਵਿਰੋਧੀ ਤੇ ਗੈਰ-ਸੰਵਿਧਾਨਕ ਪੱਤਰ ਰੱਦ ਕੀਤਾ ਜਾਵੇ, ਆਬਾਦੀ ਮੁਤਾਬਕ ਭਰਤੀ ਤੇ ਤਰੱਕੀਆਂ 'ਚ ਰਾਖਵਾਂਕਰਨ ਦਿੱਤਾ ਜਾਵੇ, ਬੈਕਲਾਗ ਪੂਰਾ ਕੀਤਾ ਜੇਵ, ਨਿੱਜੀ ਖੇਤਰ 'ਚ ਰਾਖ਼ਵਾਂਕਰਨ ਦਿੱਤਾ ਜਾਵੇ, ਠੇਕੇ ਦੇ ਆਧਾਰ 'ਤੇ ਭਰਤੀ ਕਰਮਚਾਰੀਆਂ ਨੂੰ ਜਲਦੀ ਰੈਗੂਲਰ ਕੀਤਾ ਜਾਵੇ, 22 ਲੱਖ ਸਕੂਲੀ ਵਿਦਿਆਰਥੀਆਂ ਨੂੰ ਵਜ਼ੀਫ਼ੇ ਰੈਗੂਲਰ ਦਿੱਤੇ ਜਾਣ, ਬੇਰੁਜ਼ਗਾਰਾਂ ਲਈ ਰੁਜ਼ਗਾਰ ਜਾਂ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇ, ਬੇਘਰਾਂ ਨੂੰ ਪੱਕੇ ਤੇ ਮੁਫ਼ਤ ਘਰ ਬਣਾ ਕੇ ਦਿੱਤੇ ਜਾਣ, ਬਲਾਕ ਪੱਧਰ 'ਤੇ ਡਾ. ਬੀ. ਆਰ. ਅੰਬੇਡਕਰ ਕਮਿਊਨਿਟੀ ਸੈਂਟਰ ਬਣਾਏ ਜਾਣ, ਵਿਧਵਾ, ਬੁਢਾਪਾ ਪੈਨਸ਼ਨ ਤੇ ਸ਼ਗਨ ਸਕੀਮਾਂ ਦੀ ਗ੍ਰਾਂਟ ਸਮੇਂ 'ਤੇ ਜਾਰੀ ਕੀਤੀ ਜਾਵੇ, ਐੱਸ. ਸੀ. ਬੱਚਿਆਂ ਦੀਆਂ ਰਹਿੰਦੀਆਂ ਕਿਤਾਬਾਂ ਦਿੱਤੀਆਂ ਜਾਣ।
ਫੈੱਡਰੇਸ਼ਨ ਦੇ ਮੈਂਬਰਾਂ ਨੇ ਦੱਸਿਆ ਕਿ ਉਕਤ ਮੰਗ-ਪੱਤਰ ਪੰਜਾਬ ਦੇ ਸਮੂਹ ਐੱਮ. ਐੱਲ. ਏ. ਅਤੇ ਐੱਸ. ਡੀ. ਐੱਮਜ਼ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਭੇਜੇ ਜਾ ਰਹੇ ਹਨ ਤੇ ਜੇਕਰ ਉਕਤ ਮੰਗਾਂ ਵੱਲ ਜਲਦੀ ਧਿਆਨ ਨਾ ਦਿੱਤਾ ਗਿਆ ਤਾਂ ਪੰਜਾਬ ਪੱਧਰ 'ਤੇ ਵੱਡਾ ਰੋਸ ਧਰਨਾ ਦਿੱਤਾ ਜਾਵੇਗਾ। ਇਸ ਮੌਕੇ ਜ਼ਿਲਾ ਸਕੱਤਰ ਰਾਮ ਚੰਦ, ਬਲਾਕ ਚੇਅਰਮੈਨ ਬਿਹਾਰੀ ਲਾਲ, ਬਲਾਕ ਸਕੱਤਰ ਅਸ਼ਵਨੀ ਬਿੱਟੂ, ਅਨੂਪ ਕੁਮਾਰ, ਗੋਬਿੰਦ ਰਾਮ, ਸੁਭਾਸ਼ ਦੀਵਾਨਾ, ਪ੍ਰੇਮ ਕੁਮਾਰ, ਜਤਿੰਦਰ ਕੁਮਾਰ, ਕ੍ਰਿਸ਼ਨ ਲਾਲ ਹਾਜ਼ਰ ਸਨ।