ਹੁਣ ਪੰਜਾਬ ਦੇ ਹਰ ਪਿੰਡ ਤੇ ਸ਼ਹਿਰ 'ਚ ਮਿਲਣਗੀਆਂ ਐਮਰਜੈਂਸੀ ਸਿਹਤ ਸਹੂਲਤਾਂ, ਸਰਕਾਰ ਨੇ ਲਿਆ ਇਹ ਫ਼ੈਸਲਾ
Wednesday, Nov 02, 2022 - 11:08 PM (IST)
ਚੰਡੀਗੜ੍ਹ : ਭਵਿੱਖ ਵਿਚ ਪੰਜਾਬ ਦੇ ਹਰ ਪਿੰਡ ਤੇ ਸ਼ਹਿਰ 'ਚ ਐਮਰਜੈਂਸੀ ਸਿਹਤ ਸਹੂਲਤਾਂ ਮਿਲ ਸਕਣਗੀਆਂ। ਇਸ ਲਈ ਆਸ਼ਾ ਵਰਕਰਾਂ ਨੂੰ ਵਿਸ਼ੇਸ਼ ਤੌਰ 'ਤੇ ਸਿਖਲਾਈ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਲੋੜ ਪੈਣ 'ਤੇ ਸੀਨੀਅਰ ਡਾਕਟਰਾਂ ਲਈ ਫੋਨ ਰਾਹੀਂ ਸੰਪਰਕ ਕਰ ਕੇ ਉਹ ਮਰੀਜ਼ਾਂ ਨੂੰ ਲੋੜੀਂਦੀਆਂ ਸਿਹਤ ਸੇਵਾਵਾਂ ਮੁਹੱਈਆ ਕਰਵਾਉਣਗੀਆਂ। ਇਸ ਦੇ ਲਈ ਆਸ਼ਾ ਵਰਕਰਾਂ ਨੂੰ ਫੋਨ ਵੀ ਸਰਕਾਰ ਵੱਲੋਂ ਹੀ ਦਿੱਤੇ ਜਾਣਗੇ।
ਆਸ਼ਾ ਵਰਕਰਾਂ ਨੂੰ ਮੁੱਖ ਤੌਰ 'ਤੇ ਐਮਰਜੈਂਸੀ ਵਿਚ ਡਿਲੀਵਰੀ ਕਰਵਾਉਣ ਅਤੇ ਜੱਚਾ-ਬੱਚਾ ਦਾ ਧਿਆਨ ਰੱਖਣ ਲਈ ਵਿਸ਼ੇਸ਼ ਸਿਖਲਾਈ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਲੋੜ ਪੈਣ 'ਤੇ ਮੋਬਾਈਲ ਫੋਨ ਰਾਹੀਂ ਸੀਨੀਅਰ ਡਾਕਟਰ ਦੀ ਸਹਾਇਤਾ ਨਾਲ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਦੀ ਵੀ ਸਿਖਲਾਈ ਦਿੱਤੀ ਜਾਵੇਗੀ।
ਇਹ ਖ਼ਬਰ ਵੀ ਪੜ੍ਹੋ - ਲੋਕਾਂ ਨਾਲ ਕੀਤਾ ਇਕ ਹੋਰ ਵਾਅਦਾ ਪੂਰਾ ਕਰਨ ਦੀ ਤਿਆਰੀ 'ਚ ਮਾਨ ਸਰਕਾਰ, ਨੋਟੀਫਿਕੇਸ਼ਨ ਜਾਰੀ
ਪੰਜਾਬ ਸਰਕਾਰ ਨੇ ਸੂਬੇ ਦੀਆਂ 21 ਹਜ਼ਾਰ ਆਸ਼ਾ ਵਰਕਰਾਂ, 4900 ਏ. ਐੱਨ. ਐੱਮ. ਤੇ ਹਜ਼ਾਰ ਡੀ.ਪੀ. ਐੱਮ. ਯੂ. ਸਟਾਫ ਨੂੰ ਸਮਾਰਟ ਫੋਨ ਦੇਣ ਦਾ ਫੈਸਲਾ ਕੀਤਾ ਹੈ। ਇਸ ਲਈ ਸਿਹਤ ਵਿਭਾਗ ਵੱਲੋਂ 26,900 ਸਮਾਰਟ ਫੋਨ ਅਤੇ 250 ਡੋਂਗਲ ਖਰੀਦੇ ਜਾਣਗੇ। ਇਸ ਲਈ 10.50 ਲੱਖ ਰੁਪਏ ਦਾ ਬਜਟ ਰੱਖਿਆ ਗਿਆ ਹੈ। ਵਿਭਾਗ ਵੱਲੋਂ ਇਸ ਲਈ ਨੈਸ਼ਨਲ ਹੈਲਥ ਮਿਸ਼ਨ ਤਹਿਤ 15 ਨਵੰਬਰਾਂ ਤਕ ਟੈਂਡਰਾਂ ਦੀ ਮੰਗ ਕੀਤੀ ਹੈ।
ਇਸ ਸਬੰਧੀ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਆਸ਼ਾ ਵਰਕਰਾਂ ਨੂੰ ਐਮਰਜੈਂਸੀ ਸੇਵਾਵਾਂ ਮੁਹੱਈਆ ਕਰਵਾਉਣ ਲਈ ਵਿਸ਼ੇਸ਼ ਤੌਰ 'ਤੇ ਸਿਖਲਾਈ ਦਿੱਤੀ ਜਾਵੇਗੀ। ਆਸ਼ਾ ਵਰਕਰਾਂ ਨੂੰ ਨੈੱਟਵਰਕ ਨਾਲ ਜੋੜਣ ਲਈ ਮੋਬਾਈਲ ਸਹੂਲਤਾਂ ਦੀ ਲੋੜ ਸੀ। ਇਸ ਲਈ ਉਨ੍ਹਾਂ ਨੂੰ ਮੋਬਾਈਲ ਫੋਨ ਦੇਣ ਦਾ ਫੈਸਲਾ ਕੀਤਾ ਗਿਆ ਹੈ।