ਬਿਜਲੀ ਦੇ ਸ਼ਾਰਟ ਸਰਕਟ ਕਾਰਨ ਇਲੈਕਟ੍ਰੋਨਿਕਸ ਸਟੋਰ ਨੂੰ ਲੱਗੀ ਅੱਗ
Tuesday, Aug 24, 2021 - 03:06 AM (IST)
ਭੋਗਪੁਰ(ਸੂਰੀ)- ਭੋਗਪੁਰ ਸ਼ਹਿਰ ਵਿਚ ਸ਼ਾਮ ਸਮੇਂ ਇਕ ਇਲੈਕਟ੍ਰੋਨਿਕਸ ਸਟੋਰ ਨੂੰ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਜਾਣਕਾਰੀ ਅਨਸਾਰ ਭੋਗਪੁਰ ਸ਼ਹਿਰ ਦੇ ਮੇਨ ਬਾਜ਼ਾਰ ਵਿਚ ਰਵਿੰਦਰਾ ਇੰਟਰਪ੍ਰਾਈਜਿਜ਼ ਨਾਮੀ ਇਲੈਕਟ੍ਰੋਨਿਕਸ ਦੀ ਦੁਕਾਨ ਵਿਚ ਅੱਜ ਦੇਰ ਸ਼ਾਮ ਅਚਾਨਕ ਅੱਗ ਲੱਗ ਗਈ। ਬਾਜ਼ਾਰ ਵਿਚੋਂ ਲੰਘ ਰਹੀਆਂ ਕੁਝ ਔਰਤਾਂ ਨੇ ਦੁਕਾਨ ਦੇ ਸ਼ੱਟੋਰ ਦੇ ਹੇਠੋਂ ਅਚਾਨਕ ਅੱਗ ਦੀਆਂ ਲਪਟਾਂ ਨਿਕਲਦੀਆਂ ਦੇਖੀਆਂ ਤਾਂ ਉਨ੍ਹਾਂ ਤੁਰੰਤ ਨਾਲ ਲੱਗਦੀ ਦੁਕਾਨ, ਜੋ ਕਿ ਖੁੱਲ੍ਹੀ ਹੋਈ ਸੀ, ਦੇ ਮਾਲਕ ਨੂੰ ਦੱਸਿਆ ਕਿ ਨਾਲ ਵਾਲੀ ਦੁਕਾਨ ਵਿਚ ਅੱਗ ਲੱਗੀ ਹੋਈ ਹੈ। ਉਕਤ ਦੁਕਾਨਦਾਰ ਵੱਲੋਂ ਅੱਗ ਦੀ ਭੇਟ ਚੜ੍ਹੀ ਦੁਕਾਨ ਦੇ ਮਾਲਕਾਂ ਨੂੰ ਅੱਗ ਦੀ ਘਟਨਾ ਸਬੰਧੀ ਸੂਚਿਤ ਕੀਤਾ ਗਿਆ ਤਾਂ ਦੁਕਾਨ ਮਾਲਕ ਅਤੇ ਸ਼ਹਿਰ ਵਾਸੀ ਇਸ ਦੁਕਾਨ ਦੇ ਬਾਹਰ ਪੁੱਜੇ ਅਤੇ ਦੁਕਾਨ ਦਾ ਸ਼ੱਟਰ ਖੋਲ੍ਹਿਆ ਤਾਂ ਦੁਕਾਨ ਦੇ ਅੰਦਰ ਅੱਗ ਦੀਆਂ ਲਪਟਾਂ ਉੱਠ ਰਹੀਆਂ ਸਨ। ਸ਼ਹਿਰ ਦੇ ਦੁਕਾਨਦਾਰਾਂ ਵੱਲੋਂ ਤੁਰੰਤ ਆਸਪਾਸ ਦੀਆਂ ਦੁਕਾਨਾਂ ਤੋਂ ਅੱਗ ਬੁਝਾਊ ਯੰਤਰ ਅਤੇ ਦੁਕਾਨ ਨਾਲ ਲੱਗਦੇ ਇਕ ਘਰ ਤੋਂ ਪਾਣੀ ਦੀ ਸਪਲਾਈ ਪਾਇਪ ਲਾ ਕੇ ਅੱਗ ਨੂੰ ਬਝਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ। ਕੁਝ ਸਮੇਂ ਬਾਅਦ ਅੱਗ ’ਤੇ ਕਾਬੂ ਪਾ ਲਿਆ ਗਿਆ ਪਰ ਤੱਦ ਤੱਕ ਦੁਕਾਨ ਅੰਦਰ ਪਏ ਇਲੈਕਟ੍ਰੋਨਿਕਸ ਦਾ ਸਾਮਾਨ ਅੱਗ ਦੀ ਭੇਟ ਚੜ੍ਹ ਚੁੱਕਾ ਸੀ। ਅੱਗ ਲੱਗਣ ਦਾ ਕਾਰਨ ਬਿਜਲੀ ਦਾ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਸੀ।