ਐੱਸ. ਸੀ./ਬੀ. ਸੀ. ਤੇ ਬੀ. ਪੀ. ਐੱਲ. ਪਰਿਵਾਰਾਂ ਦੀ ਬਿਜਲੀ ਸਬਸਿਡੀ ''ਤੇ ਵੀ ਚੱਲੀ ਕੈਂਚੀ

Wednesday, Oct 25, 2017 - 06:22 AM (IST)

ਐੱਸ. ਸੀ./ਬੀ. ਸੀ. ਤੇ ਬੀ. ਪੀ. ਐੱਲ. ਪਰਿਵਾਰਾਂ ਦੀ ਬਿਜਲੀ ਸਬਸਿਡੀ ''ਤੇ ਵੀ ਚੱਲੀ ਕੈਂਚੀ

ਚੰਡੀਗੜ੍ਹ (ਸ਼ਰਮਾ) - ਸੂਬੇ ਦੇ ਬਿਜਲੀ ਖਪਤਕਾਰਾਂ 'ਤੇ ਵਧੀਆਂ ਹੋਈਆਂ ਬਿਜਲੀ ਦਰਾਂ ਦਾ ਬੋਝ ਪਾਉਣ ਦੇ ਨਾਲ ਹੀ ਪੰਜਾਬ ਸਰਕਾਰ ਨੇ ਸੂਬੇ ਦੇ ਉਨ੍ਹਾਂ ਅਨੁਸੂਚਿਤ ਜਾਤੀ, ਜਨਜਾਤੀ ਤੇ ਹੋਰ ਬੀ. ਪੀ. ਐੱਲ. ਪਰਿਵਾਰਾਂ, ਜਿਨ੍ਹਾਂ ਨੂੰ ਹਾਲੇ ਤਕ ਪ੍ਰਤੀ ਮਹੀਨਾ 200 ਯੂਨਿਟ ਤਕ ਬਿਜਲੀ ਮੁਫਤ ਮਿਲਦੀ ਸੀ, ਦੀ ਛੋਟ 'ਤੇ ਵੀ ਕੈਂਚੀ ਚਲਾ ਦਿੱਤੀ ਹੈ। ਪੰਜਾਬ ਸਰਕਾਰ ਨੇ ਪੰਜਾਬ ਸਟੇਟ ਰੈਗੂਲੇਟਰੀ ਕਮਿਸ਼ਨ ਨੂੰ ਸਬਸਿਡੀ ਦੇ ਸੰਬੰਧ 'ਚ ਪ੍ਰਦਾਨ ਕੀਤੇ ਗਏ ਸਹਿਮਤੀ ਪੱਤਰ 'ਚ ਸਪੱਸ਼ਟ ਕੀਤਾ ਹੈ ਕਿ ਹੁਣ 1 ਨਵੰਬਰ ਤੋਂ ਇਸ ਸ਼੍ਰੇਣੀ ਦੇ 1 ਕਿਲੋਵਾਟ ਮਨਜ਼ੂਰ ਬਿਜਲੀ ਲੋਡ ਵਾਲੇ ਸਿਰਫ ਉਨ੍ਹਾਂ ਹੀ ਖਪਤਕਾਰਾਂ ਨੂੰ ਇਹ ਲਾਭ ਮਿਲੇਗਾ, ਜਿਨ੍ਹਾਂ ਨੇ ਪਿਛਲੇ ਸਾਲ ਭਾਵ 2016-17 ਦੌਰਾਨ 3000 ਯੂਨਿਟ ਤੋਂ ਘੱਟ ਬਿਜਲੀ ਦੀ ਖਪਤ ਕੀਤੀ ਹੈ। ਪੱਤਰ 'ਚ ਇਹ ਵੀ ਸਾਫ ਕੀਤਾ ਗਿਆ ਹੈ ਕਿ ਇਸ ਸਾਲ 1 ਨਵੰਬਰ ਤੋਂ ਇਹ ਛੋਟ ਉਨ੍ਹਾਂ ਪਰਿਵਾਰਾਂ ਨੂੰ ਨਹੀਂ ਮਿਲੇਗੀ, ਜਿਨ੍ਹਾਂ ਨੇ ਪਿਛਲੇ ਪੂਰੇ ਸਾਲ ਦੌਰਾਨ 3000 ਯੂਨਿਟ ਤੋਂ ਜ਼ਿਆਦਾ ਬਿਜਲੀ ਦੀ ਖਪਤ ਕੀਤੀ ਸੀ।
ਸਰਕਾਰ ਨੇ ਕਮਿਸ਼ਨ ਨੂੰ ਕਿਹਾ ਹੈ ਕਿ ਉਕਤ ਛੋਟ ਸਿਰਫ ਚਾਲੂ ਵਿੱਤੀ ਵਰ੍ਹੇ ਭਾਵ ਮਾਰਚ 2018 ਤਕ ਹੀ ਪ੍ਰਦਾਨ ਕੀਤੀ ਜਾਏਗੀ। ਹਾਲੇ ਤੱਕ ਇਸ ਛੋਟ ਲਈ ਬਿਜਲੀ ਖਪਤ ਦੀ ਕੋਈ ਹੱਦ ਜਾਂ ਸਮਾਂ ਹੱਦ ਦੀ ਸ਼ਰਤ ਨਹੀਂ ਸੀ, ਜਿਸ ਕਾਰਨ ਇਸ ਸ਼੍ਰੇਣੀ ਦੇ ਖਪਤਕਾਰ ਇਸ ਛੋਟ ਦਾ ਲਾਭ ਉਠਾ ਰਹੇ ਸਨ ਪਰ ਨਵੰਬਰ ਮਹੀਨੇ ਤੋਂ ਇਸ ਸ਼ਰਤ ਦੇ ਲਾਗੂ ਹੋਣ ਨਾਲ ਇਨ੍ਹਾਂ ਪਰਿਵਾਰਾਂ 'ਤੇ ਵੀ ਵਿੱਤੀ ਬੋਝ ਪਵੇਗਾ। ਇਸ ਦੇ ਨਾਲ ਹੀ ਸੁਤੰਤਰਤਾ ਸੈਨਾਨੀ ਸ਼੍ਰੇਣੀ ਦੇ ਖਪਤਕਾਰਾਂ ਨੂੰ ਵੀ 300 ਯੂਨਿਟ ਮਹੀਨਾਵਾਰ ਬਿਜਲੀ ਮੁਫਤ ਮਿਲੇਗੀ ਪਰ ਉਨ੍ਹਾਂ ਦਾ ਮਨਜ਼ੂਰ ਬਿਜਲੀ ਲੋਡ ਵੀ 1 ਕਿਲੋਵਾਟ ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ।


Related News