ਮੰਤਰੀ ਬਿਨਾਂ ਪਾਵਰਕਾਮ ਬਿਜਲੀ ਸਬਸਿਡੀ ਨੂੰ ਤਰਸੀ

07/09/2019 9:37:27 AM

ਚੰਡੀਗੜ੍ਹ (ਸ਼ਰਮਾ)— ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਅਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਰੱਸਾਕਸ਼ੀ 'ਚ ਫਸੇ ਮੰਤਰੀ ਬਿਨਾਂ ਬਿਜਲੀ ਵਿਭਾਗ ਜਾਂ ਫਿਰ ਸਰਕਾਰ ਦੀ ਉਦਾਸੀਨਤਾ ਕਾਰਨ ਪੰਜਾਬ ਪਾਵਰਕਾਮ ਦੀ ਵਿੱਤੀ ਹਾਲਤ ਖਸਤਾ ਹੁੰਦੀ ਜਾ ਰਹੀ ਹੈ। ਨਵਜੋਤ ਸਿੱਧੂ ਵਲੋਂ ਵਿਭਾਗ ਦਾ ਚਾਰਜ ਨਾ ਸੰਭਾਲਣ ਅਤੇ ਮੁੱਖ ਮੰਤਰੀ ਵਲੋਂ ਬਦਲਵੇਂ ਪ੍ਰਬੰਧ ਨਾ ਕਰਨ ਕਰਕੇ ਪਾਵਰਕਾਮ ਬਿਜਲੀ ਸਬਸਿਡੀ ਲਈ ਤਰਸ ਰਹੀ ਹੈ। ਬੀਤੀ 30 ਜੂਨ ਨੂੰ ਸਰਕਾਰ ਸਬਸਿਡੀ ਦੇ ਮਾਮਲੇ 'ਚ ਪਾਵਰਕਾਮ ਦੀ 7354.56 ਕਰੋੜ ਦੀ ਡਿਫਾਲਟਰ ਹੋ ਗਈ ਹੈ।ਇਸ ਰਾਸ਼ੀ 'ਚ 4682.43 ਕਰੋੜ ਰੁਪਏ ਸਾਲ 2018-19 ਦੇ ਬਾਕੀ ਹਨ। ਇਸ ਸਾਲ ਦੌਰਾਨ ਸਰਕਾਰ ਵਲੋਂ ਪਾਵਰਕਾਮ ਨੂੰ 13718.85 ਕਰੋੜ ਦੀ ਸਬਸਿਡੀ ਦੇ ਰੂਪ 'ਚ ਅਦਾਇਗੀ ਕਰਨੀ ਸੀ ਪਰ ਸਰਕਾਰ ਵਲੋਂ ਪਿਛਲੇ 31 ਮਾਰਚ ਤੱਕ ਸਿਰਫ਼ 9036.42 ਕਰੋੜ ਦੀ ਅਦਾਇਗੀ ਕੀਤੀ ਗਈ।

ਚਾਲੂ ਵਿੱਤੀ ਸਾਲ ਲਈ ਰੈਗੂਲੇਟਰੀ ਕਮਿਸ਼ਨ ਵਲੋਂ ਸਬਸਿਡੀ ਦੀ ਰਾਸ਼ੀ 14972.09 ਰੁਪਏ ਦੇ ਰੂਪ 'ਚ ਮਿੱਥੀ ਗਈ ਹੈ, ਜਿਸ 'ਚੋਂ ਪਿਛਲੇ 30 ਜੂਨ ਤੱਕ 3555.04 ਕਰੋੜ ਡਿਊ ਸਨ ਪਰ ਸਰਕਾਰ ਵਲੋਂ ਇਨ੍ਹਾਂ ਤਿੰਨ ਮਹੀਨਿਆਂ ਦੌਰਾਨ ਪਾਵਰਕਾਮ ਨੂੰ ਸਿਰਫ਼ 883.31 ਕਰੋੜ ਹੀ ਜਾਰੀ ਕੀਤੇ ਗਏ। ਇਸ ਰਾਸ਼ੀ 'ਚ ਵੀ ਸਰਕਾਰ ਵਲੋਂ ਉਦੇ ਬਾਂਡ ਦੇ ਵਿਆਜ ਦੇ 214.01 ਕਰੋੜ ਐਡਜਸਟ ਕੀਤੇ ਹਨ। ਇਸ ਤਰ੍ਹਾਂ ਬੀਤੀ 30 ਜੂਨ ਤੱਕ ਬਿਜਲੀ ਸਬਸਿਡੀ ਦੇ ਰੂਪ 'ਚ ਸਰਕਾਰ 7354.56 ਕਰੋੜ ਦੀ ਡਿਫਾਲਟਰ ਹੋ ਗਈ ਹੈ। ਸਰਕਾਰ ਤੋਂ ਇੰਨੀ ਵੱਡੀ ਰਾਸ਼ੀ ਪ੍ਰਾਪਤ ਨਾ ਹੋਣ ਕਰ ਕੇ ਪਾਵਰਕਾਮ ਆਪਣਾ ਕੰਮ ਸੁਚਾਰੂ ਢੰਗ ਨਾਲ ਚਲਾਉਣ ਲਈ ਵਿੱਤੀ ਸੰਸਥਾਨਾਂ ਤੋਂ ਘੱਟ ਸਮੇਂ ਦੇ ਕਰਜ਼ੇ ਲੈਣ ਲਈ ਮਜਬੂਰ ਹੈ, ਜਿਸ 'ਤੇ ਲੱਗਣ ਵਾਲੇ ਵਿਆਜ ਦਾ ਬੋਝ ਆਖਰ ਬਿਜਲੀ ਦਰਾਂ 'ਚ ਵਾਧੇ ਦੇ ਰੂਪ 'ਚ ਆਮ ਬਿਜਲੀ ਖਪਤਕਾਰਾਂ ਨੂੰ ਹੀ ਚੁੱਕਣਾ ਪੈਂਦਾ ਹੈ।


Shyna

Content Editor

Related News