ਵੱਡੇ ਕਿਸਾਨ ਨੈਤਿਕ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਬਿਜਲੀ ਸਬਸਿਡੀ ਛੱਡਣ : ਕਾਂਗੜ
Monday, Jun 11, 2018 - 12:03 PM (IST)
ਭਗਤਾ ਭਾਈ (ਢਿੱਲੋਂ)-ਬਿਜਲੀ ਤੇ ਨਵਆਉਣਯੋਗ ਊਰਜਾ ਮੰਤਰੀ ਪੰਜਾਬ ਸ਼੍ਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਅੱਜ ਵੱਡੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਨੈਤਿਕਤਾ ਦੇ ਆਧਾਰ 'ਤੇ ਆਪਣੀ ਬਿਜਲੀ ਦੀ ਸਬਸਿਡੀ ਤਿਆਗ ਦੇਣ ਤਾਂ ਜੋ ਪੰਜਾਬ ਸਰਕਾਰ ਵੱਲੋਂ ਦਿੱਤੀ ਜਾ ਰਹੀ ਮੁਫ਼ਤ ਬਿਜਲੀ ਦੀ ਸਹੂਲਤ ਸਹੀ ਤਰੀਕੇ ਨਾਲ ਛੋਟੇ ਕਿਸਾਨਾਂ ਤੱਕ ਪਹੁੰਚਾਈ ਜਾਵੇ। ਅੱਜ ਇਥੇ ਸੰਗਤ ਦਰਸ਼ਨ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ 20 ਜੂਨ ਤੋਂ ਪਹਿਲਾਂ ਝੋਨਾ ਨਾ ਲਾਉਣ। ਇਸ ਨਾਲ ਨਾ ਸਿਰਫ਼ ਧਰਤੀ ਹੇਠਲੇ ਪਾਣੀ ਦਾ ਬਚਾਅ ਰਹੇਗਾ ਬਲਕਿ ਕਿਸਾਨਾਂ ਦੀ ਝੋਨੇ ਦੀ ਫ਼ਸਲ ਸਮੇਂ ਸਿਰ ਬਰਸਾਤੀ ਪਾਣੀ ਮਿਲਣ ਕਾਰਨ ਵਧੀਆ ਪੈਦਾਵਾਰ ਵੀ ਦੇਵੇਗੀ। ਉਨ੍ਹਾਂ ਕਿਹਾ ਕਿ ਜਿਹੜਾ ਕਿਸਾਨ 20 ਜੂਨ ਤੋਂ ਪਹਿਲਾਂ ਝੋਨਾ ਲਾਵੇਗਾ, ਉਸ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।
ਕਾਂਗੜ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਹਮੇਸ਼ਾ ਹੀ ਗੁਰੂ ਘਰਾਂ ਨੂੰ ਤਰਜੀਹ ਦਿੱਤੀ ਹੈ।
ਆਪਣੇ ਪਿਛਲੇ ਸੇਵਾ ਕਾਲ ਦੌਰਾਨ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਗੁਰੂ ਘਰਾਂ ਨੂੰ ਸੇਲਜ਼ ਟੈਕਸ ਤੋਂ ਛੋਟ ਦਿੱਤੀ ਸੀ ਤੇ ਹੁਣ ਜੀ. ਐੱਸ. ਟੀ. ਤੋਂ ਸਾਰੇ ਧਰਮਾਂ ਦੇ ਪਵਿੱਤਰ ਅਸਥਾਨਾਂ ਨੂੰ ਛੋਟ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ 8 ਘੰਟੇ ਨਿਰਵਿਘਨ ਬਿਜਲੀ ਦੀ ਸਪਲਾਈ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪਾਵਰਕਾਮ ਦੁਆਰਾ ਵੱਖ-ਵੱਖ ਬਿਜਲੀ ਦੇ ਫੀਡਰਾਂ ਨੂੰ ਆਪਸ 'ਚ ਜੋੜਣ ਦਾ ਕੰਮ ਕੀਤਾ ਜਾ ਰਿਹਾ ਹੈ ਤਾਂ ਜੋ ਆਉਣ ਵਾਲੇ ਸਮੇਂ ਦੌਰਾਨ ਕਿਸੇ ਵੀ ਪਿੰਡ 'ਚ ਬਿਜਲੀ ਦੀ ਸਮੱਸਿਆ ਸਬੰਧੀ ਕੋਈ ਦਿੱਕਤ ਪੇਸ਼ ਨਾ ਆਵੇ। ਇਸ ਮੌਕੇ ਕਾਂਗੜ ਨੇ ਰਾਮਪੁਰਾ ਹਲਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਹੱਲ ਕੀਤੀਆਂ। ਇਸ ਸਮੇਂ ਪੀ. ਐੱਸ. ਓ. ਸੁਖਜੀਤ ਸਿੰਘ, ਪ੍ਰਸ਼ਾਸਨਿਕ ਤੇ ਪੁਲਸ ਅਧਿਕਾਰੀ ਵੀ ਮੌਜੂਦ ਸਨ।
