ਚੰਡੀਗੜ੍ਹ ਵਾਸੀਆਂ ਨੂੰ ਮਿਲੇਗੀ ਰਾਹਤ, ਟੈਰਿਫ ਪ੍ਰਪੋਜ਼ਲ ''ਚ ਨਹੀਂ ਵਧਾਏ ਬਿਜਲੀ ਦੇ ਰੇਟ
Thursday, Apr 21, 2022 - 12:47 PM (IST)
ਚੰਡੀਗੜ੍ਹ (ਰਾਜਿੰਦਰ ਸ਼ਰਮਾ) : ਸ਼ਹਿਰ ਦੇ ਢਾਈ ਲੱਖ ਬਿਜਲੀ ਖ਼ਪਤਕਾਰਾਂ ਨੂੰ ਬਿਜਲੀ ਵਿਭਾਗ ਨੇ ਵੱਡੀ ਰਾਹਤ ਦਿੱਤੀ ਹੈ। ਵਿਭਾਗ ਨੇ ਜੇ. ਈ. ਆਰ. ਸੀ. ਦੇ ਸਾਹਮਣੇ ਦਾਖ਼ਲ ਕੀਤੀ ਗਈ ਪਟੀਸ਼ਨ ਵਿਚ 2022-23 ਦੇ ਟੈਰਿਫ ਆਰਡਰ ਵਿਚ ਬਿਜਲੀ ਦੇ ਰੇਟ ਨਾ ਵਧਾਉਣ ਦਾ ਫ਼ੈਸਲਾ ਲਿਆ ਹੈ। ਹੁਣ ਇਸ ਨੂੰ ਜੇ. ਈ. ਆਰ. ਸੀ. ਦੀ ਮਨਜ਼ੂਰੀ ਮਿਲਣੀ ਬਾਕੀ ਹੈ, ਜਿਸ ਤੋਂ ਬਾਅਦ ਸ਼ਹਿਰ ਵਾਸੀਆਂ ਨੂੰ ਬਿਜਲੀ ਦੇ ਪੁਰਾਣੇ ਰੇਟ ਹੀ ਚੁਕਾਉਣ ਪੈਣਗੇ। ਖ਼ਪਤਕਾਰਾਂ ਲਈ ਘਰੇਲੂ ਅਤੇ ਕਮਰਸ਼ੀਅਲ ਦੋਵੋਂ ਹੀ ਕੈਟੇਗਰੀ ਦੇ ਰੇਟ ਨਾ ਵਧਾਉਣ ਦਾ ਫ਼ੈਸਲਾ ਲਿਆ ਗਿਆ ਹੈ।
ਬਿਜਲੀ ਵਿਭਾਗ ਨੇ ਪ੍ਰਸਤਾਵ ਵਿਚ ਕਿਹਾ ਹੈ ਕਿ 2022-23 ਦੇ ਪ੍ਰਸਤਾਵਿਤ ਟੈਰਿਫ ਆਰਡਰ ਵਿਚ ਉਨ੍ਹਾਂ ਨੇ ਬਿਜਲੀ ਦੇ ਰੇਟ ਵਿਚ ਕੋਈ ਵੀ ਵਾਧਾ ਨਾ ਕਰਨ ਦਾ ਫ਼ੈਸਲਾ ਲਿਆ ਹੈ ਅਤੇ ਕਮਿਸ਼ਨ ਨੇ 30 ਮਾਰਚ, 2021 ਨੂੰ ਮਨਜ਼ੂਰ 2021-22 ਦੇ ਬਰਾਬਰ ਹੀ ਰੇਟ ਰੱਖਣ ਦਾ ਫ਼ੈਸਲਾ ਲਿਆ ਹੈ। ਦੱਸ ਦਈਏ ਕਿ ਪਟੀਸ਼ਨ ਵਿਚ ਸਪੱਸ਼ਟ ਕੀਤਾ ਗਿਆ ਹੈ ਕਿ ਬਿਜਲੀ ਵਿਭਾਗ ਕੋਲ 2022-23 ਲਈ ਵੀ 20. 54 ਕਰੋੜ ਰੁਪਏ ਦੇ ਕਰੀਬ ਸਰਪਲੱਸ ਹੈ। ਇਸ ਲਈ ਵਿਭਾਗ ਅਗਲੇ ਵਿੱਤੀ ਸਾਲ ਲਈ ਬਿਜਲੀ ਦੇ ਰੇਟ ਵਿਚ ਕਿਸੇ ਵੀ ਤਰ੍ਹਾਂ ਦਾ ਵਾਧਾ ਨਹੀਂ ਚਾਹੁੰਦਾ ਹੈ।
ਬੀਤੇ ਕੁੱਝ ਸਾਲਾਂ ਵਿਚ ਬਿਜਲੀ ਵਿਭਾਗ ਨੇ ਕਮਰਸ਼ੀਅਲ ਅਕਾਊਂਟ ਦੇ ਘਾਟੇ ਨੂੰ ਕਾਫ਼ੀ ਹੱਦ ਤੱਕ ਘੱਟ ਕਰ ਲਿਆ ਹੈ। ਵਿਭਾਗ ਦੇ ਇਸ ਫ਼ੈਸਲੇ ਨਾਲ ਸ਼ਹਿਰ ਵਾਸੀਆਂ ਨੂੰ ਵੱਡੀ ਰਾਹਤ ਮਿਲਣ ਦੀ ਉਮੀਦ ਹੈ। 2019-20 ਵਿਚ ਵੀ ਬਿਜਲੀ ਦੇ ਰੇਟ ਨਾ ਵਧਾਉਣ ਦਾ ਫ਼ੈਸਲਾ ਲਿਆ ਗਿਆ ਸੀ ਅਤੇ ਨਾਲ ਹੀ 5 ਫ਼ੀਸਦੀ ਵਧੇ ਸਰਚਾਰਜ ਨੂੰ ਵੀ ਵਾਪਸ ਲੈ ਲਿਆ ਗਿਆ ਸੀ।