ਗਰਮੀਆਂ ''ਚ ਬਿਜਲੀ ਸਪਲਾਈ ''ਚ ਰੁਕਾਵਟ ਦਾ ਸਿਲਸਿਲਾ ਜਾਰੀ ਰਹੇਗਾ
Saturday, Mar 17, 2018 - 07:50 AM (IST)
ਚੰਡੀਗੜ੍ਹ (ਵਿਜੇ) - ਸ਼ਹਿਰ ਦੇ ਲੋਕਾਂ ਨੂੰ ਇਕ ਵਾਰ ਫਿਰ ਬਿਜਲੀ ਦੀ ਪ੍ਰੇਸ਼ਾਨੀ ਝੱਲਣ ਲਈ ਤਿਆਰ ਰਹਿਣਾ ਪਏਗਾ। ਦਰਅਸਲ ਬਿਜਲੀ ਦੀ ਵਿਵਸਥਾ ਨੂੰ ਸੁਚਾਰੂ ਰੂਪ ਨਾਲ ਬਣਾਈ ਰੱਖਣ ਲਈ ਸ਼ਹਿਰ ਵਿਚ ਲਟਕ ਰਹੀਆਂ ਬਿਜਲੀ ਦੀਆਂ ਤਾਰਾਂ ਨੂੰ 2 ਸਾਲ ਪਹਿਲਾਂ ਅੰਡਰਗ੍ਰਾਊਂਡ ਕਰਨ ਦਾ ਪ੍ਰਾਜੈਕਟ ਲਿਆਉਣ ਦੀ ਤਿਆਰੀ ਕੀਤੀ ਗਈ ਸੀ। ਜੁਆਇੰਟ ਇਲੈਕਟ੍ਰੀਸਿਟੀ ਰੈਗੂਲੇਟਰੀ ਕਮਿਸ਼ਨ (ਜੇ. ਈ .ਆਰ. ਸੀ.) ਤੋਂ ਵੀ ਅਪਰੂਵਲ ਮਿਲ ਗਈ ਪਰ ਅਜੇ ਤਕ ਇਹ ਪ੍ਰਾਜੈਕਟ ਪੂਰਾ ਨਹੀਂ ਹੋ ਸਕਿਆ। ਇਸ ਕਾਰਨ ਇਸ ਸਾਲ ਵੀ ਗਰਮੀਆਂ ਵਿਚ ਬਿਜਲੀ ਦੀ ਸਪਲਾਈ ਵਿਚ ਵਿਘਨ ਰਹਿਣ ਦਾ ਸਿਲਸਿਲਾ ਜਾਰੀ ਰਹੇਗਾ। ਡਿਪਾਰਟਮੈਂਟ ਨੇ 2016 ਵਿਚ ਸੈਕਟਰ-8 ਵਿਚ ਅੰਡਰਗ੍ਰਾਊਂਡ ਕੇਬਲਿੰਗ ਦੇ ਪ੍ਰਾਜੈਕਟ ਦਾ ਕੰਮ ਸ਼ੁਰੂ ਕਰ ਦਿੱਤਾ ਸੀ। ਇਸ ਲਈ ਬਾਕਾਇਦਾ ਟੈਂਡਰ ਵੀ ਜਾਰੀ ਕੀਤੇ ਗਏ ਸਨ ਪਰ ਬਾਵਜੂਦ ਇਸ ਦੇ ਇਹ ਪੂਰਾ ਨਹੀਂ ਹੋ ਸਕਿਆ।
ਇਹੀ ਨਹੀਂ, ਜੇਕਰ ਇਸ ਪ੍ਰਾਜੈਕਟ ਨੂੰ ਜਲਦੀ ਪੂਰਾ ਨਾ ਕੀਤਾ ਗਿਆ ਤਾਂ ਭਵਿੱਖ ਵਿਚ ਇਸ ਲਈ ਮੌਜੂਦਾ ਸਮੇਂ ਤੋਂ ਵੱਧ ਬਜਟ ਪਹਿਲਾਂ ਤੋਂ ਤਿਆਰ ਰੱਖਣਾ ਹੋਵੇਗਾ। ਇਸ ਲਈ ਜੇ. ਈ. ਆਰ. ਸੀ. ਵਲੋਂ ਪਹਿਲਾਂ ਹੀ 17.89 ਕਰੋੜ ਰੁਪਏ ਦੀ ਮਨਜ਼ੂਰੀ ਮਿਲ ਚੁੱਕੀ ਹੈ। ਸ਼ਹਿਰ ਦੇ ਲਗਭਗ 2.20 ਫੀਸਦੀ ਖਪਤਕਾਰਾਂ ਨੂੰ ਤੇਜ਼ ਹਵਾਵਾਂ ਤੇ ਮੀਂਹ ਦੇ ਮੌਸਮ ਵਿਚ ਬਿਜਲੀ ਦੇ ਕੱਟਾਂ ਤੋਂ ਰਾਹਤ ਦਿੱਤੀ ਜਾਣੀ ਹੈ।
ਇਕ ਸਾਲ ਪਹਿਲਾਂ ਨਿਯੁਕਤ ਕੀਤਾ ਗਿਆ ਸੀ ਕੰਸਲਟੈਂਟ
ਬਿਜਲੀ ਵਿਭਾਗ ਨੇ 2016 ਵਿਚ ਜੇ. ਈ. ਆਰ. ਸੀ. ਵਲੋਂ ਅੰਡਰਗ੍ਰਾਊਂਡ ਕੇਬਲਿੰਗ ਪ੍ਰਾਜੈਕਟ ਦੀ ਅਪਰੂਵਲ ਮਿਲਣ ਤੋਂ ਬਾਅਦ ਕਈ ਵਾਰ ਠੇਕੇਦਾਰਾਂ ਤੋਂ ਟੈਂਡਰ ਮੰਗੇ ਪਰ ਕਿਸੇ ਵੀ ਕੰਪਨੀ ਨੂੰ ਫਾਈਨਲ ਨਹੀਂ ਕੀਤਾ ਜਾ ਸਕਿਆ।
ਇਹੀ ਕਾਰਨ ਹੈ ਕਿ ਪਿਛਲੇ ਸਾਲ ਅਪ੍ਰੈਲ ਵਿਚ ਕ੍ਰਿਸ਼ਨਗੜ੍ਹ ਦੇ 220 ਕੇ. ਵੀ. ਸਬ-ਸਟੇਸ਼ਨ ਤੋਂ ਲੈ ਕੇ ਸੈਕਟਰ-12 ਤਕ ਦੀ ਲਾਈਨ ਨੂੰ ਅੰਡਰਗ੍ਰਾਊਂਡ ਕੇਬਲਿੰਗ ਵਿਚ ਬਦਲਣ ਲਈ ਪ੍ਰਾਜੈਕਟ ਮੈਨੇਜਮੈਂਟ ਏਜੰਸੀ ਨੂੰ ਨਿਯੁਕਤ ਕਰਨਾ ਪਿਆ ਸੀ।
ਅੱਜ ਫਿਰ 9 ਸੈਕਟਰਾਂ ਵਿਚ 7 ਘੰਟੇ ਲੱਗਣਗੇ ਕੱਟ
ਸ਼ਨੀਵਾਰ ਨੂੰ ਇਕ ਵਾਰ ਫਿਰ ਸ਼ਹਿਰ ਦੇ 9 ਸੈਕਟਰਾਂ ਵਿਚ ਕੱਟ ਲਾਏ ਜਾਣਗੇ। ਇਸ ਤੋਂ ਇਲਾਵਾ ਕੁਝ ਮਨੀਮਾਜਰਾ ਦੇ ਖੇਤਰਾਂ ਵਿਚ ਬਿਜਲੀ ਦੀ ਸਪਲਾਈ ਵਿਚ ਵਿਘਨ ਰਹੇਗਾ। ਵਿਭਾਗ ਅਨੁਸਾਰ ਸੈਕਟਰ-9, 22, 27, 28, 29, 41, 42, 44, ਸੀ. ਪੀ. ਡਬਲਯੂ. ਬਿਲਡਿੰਗ ਤੇ ਸੈਕਟਰ-10 ਦੇ ਆਰਟ ਕਾਲਜ ਐਂਡ ਮਿਊਜ਼ੀਅਮ ਵਿਚ ਸਵੇਰੇ 10 ਤੋਂ ਸ਼ਾਮ 4 ਵਜੇ ਤਕ ਕੱਟ ਲੱਗੇਗਾ, ਜਦਕਿ ਸੈਕਟਰ-20, ਮਨੀ ਮਾਜਰਾ ਓਲਡ/ਨਿਊ ਇੰਦਰਾ ਕਾਲੋਨੀ ਤੇ ਸੁਭਾਸ਼ ਨਗਰ ਵਿਚ ਸਵੇਰੇ 10 ਤੋਂ ਸ਼ਾਮ 5 ਵਜੇ ਤਕ ਸਪਲਾਈ ਨਹੀਂ ਹੋ ਸਕੇਗੀ।
