ਨਵੇਂ ਵਰ੍ਹੇ ''ਤੇ ਬਿਜਲੀ ਵਿਭਾਗ ਨੇ ਮਜ਼ਦੂਰ ਨੂੰ ਭੇਜਿਆ ਲੱਖਾਂ ਰੁਪਏ ਦਾ ਬਿੱਲ
Wednesday, Jan 01, 2020 - 11:51 PM (IST)
ਮਲੋਟ, (ਕਾਠਪਾਲ)- ਬਿਜਲੀ ਮਹਿਕਮੇਂ ਦੀਆਂ ਕਥਿਤ ਲਾਪਰਵਾਹੀਆਂ ਦੀਆਂ ਹਜ਼ਾਰਾਂ ਮਿਸਾਲਾਂ ਹਨ, ਪ੍ਰੰਤੂ ਅੱਜ ਇਕ ਹੋਰ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ। ਬਿੱਲ ਭਰਨ ਦੇ ਬਾਵਜੂਦ ਵੀ ਗਰੀਬ ਮਜ਼ਦੂਰ ਨੂੰ 1 ਲੱਖ 93 ਹਜ਼ਾਰ ਰੁਪਏ ਬਿੱਲ ਮਿਲਿਆ। ਜਾਣਕਾਰੀ ਅਨੁਸਾਰ ਨਿਊ ਗੋਬਿੰਦ ਨਗਰੀ ਦੇ ਗਰੀਬ ਮਜ਼ਦੂਰ ਸਨੋਵਰ ਕੁਮਾਰ ਨੇ ਆਪਣਾ ਇਹ ਦੁੱਖੜਾ ਭ੍ਰਿਸ਼ਟਾਚਾਰ ਵਿਰੋਧੀ ਜਾਗਰੂਕਤਾ ਮੰਚ ਨੂੰ ਦੱਸਦੇ ਹੋਏ ਇਨਸਾਫ ਦੀ ਗੁਹਾਰ ਲਾਈ। ਭ੍ਰਿਸ਼ਟਾਚਾਰ ਵਿਰੋਧੀ ਮੰਚ ਦੇ ਚੇਅਰਮੈਨ ਐਡਵੋਕੇਟ ਅਮਨਦੀਪ ਸਿੰਘ ਅਤੇ ਜਨ ਸਕੱਤਰ ਰਮੇਸ਼ ਕੁਮਾਰ ਅਰਨੀਵਾਲਾ ਨੇ ਦੱਸਿਆ ਕਿ ਪੰਜਾਬ ਵਿਚ ਜਿਥੇ ਸੂਬਾ ਸਰਕਾਰ ਤੋਂ ਨਿੱਤ ਵਧਾਏ ਬਿਜਲੀ ਦੇ ਰੇਟਾਂ ਤੋਂ ਖਪਤਕਾਰ ਪ੍ਰੇਸ਼ਾਨ ਹਨ । ਉਨ੍ਹਾਂ ਦੱਸਿਆ ਕਿ ਇਹ ਗਰੀਬ ਮਜ਼ਦੂਰ ਪਿਛਲੇ 10 ਸਾਲਾਂ ਤੋਂ ਬਿਜਲੀ ਮਹਿਕਮੇ ਦੇ ਸਾਰੇ ਬਿੱਲ ਭਰਦਾ ਆ ਰਿਹਾ ਹੈ । ਹੁਣ ਮਹਿਕਮੇ ਨੇ ਉਸ ਵੱਲ 1 ਲੱਖ 93 ਹਜ਼ਾਰ ਰੁਪਏ ਦਾ ਨੋਟਿਸ ਕੱਢ ਕੇ ਬਕਾਇਆ ਜਮ੍ਹਾ ਕਰਾਉਣ ਦਾ ਹੁਕਮ ਸੁਣਾ ਦਿੱਤਾ ਹੈ। ਖਪਤਕਾਰ ਸਨੋਵਰ ਕੁਮਾਰ ਨੇ ਦੱਸਿਆ ਕਿ ਉਸ ਨੇ 10-12 ਸਾਲ ਪਹਿਲਾਂ ਇਹ ਮਕਾਨ ਕਰਮਜੀਤ ਸਿੰਘ ਤੋਂ ਖਰੀਦਿਆ ਸੀ ਜਿਸ ਦੇ ਨਾਂ ਤੇ ਮੀਟਰ ਦਾ ਜੋ ਬਿੱਲ ਆਉਂਦਾ ਸੀ ਉਹ ਸਮੇਂ ਸਿਰ ਭਰਦਾ ਆ ਰਿਹਾ ਹੈ। ਸਨੋਵਰ ਕੁਮਾਰ ਨੇ ਮੰਗ ਕੀਤੀ ਕਿ ਉਸ ਵੱਲ ਕੱਢੇ ਬਕਾਏ ਦੀ ਜਾਂਚ ਕੀਤੀ ਜਾਵੇ ਅਤੇ ਸਹੀ ਬਿੱਲ ਭੇਜਿਆ ਜਾ ਸਕੇ। ਇਸ ਸਬੰਧੀ ਪਾਵਰਕਾਮ ਵਿਭਾਗ ਦੇ ਐਕਸੀਅਨ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਮਾਮਲੇ ਦੀ ਜਾਣਕਾਰੀ ਨਹੀਂ ਪਰ ਫਿਰ ਵੀ ਉਹ ਇਸ ਦੀ ਪੜਤਾਲ ਕਰਵਾ ਕੇ ਖਪਤਕਾਰ ਨੂੰ ਇਨਸਾਫ ਦਿਵਾਉਣਗੇ।