ਪੰਜਾਬ 'ਚ ਬਿਜਲੀ ਵਾਲੇ ਬਿੱਲਾਂ ਨੂੰ ਲੈ ਕੇ ਪੈ ਗਿਆ ਪੰਗਾ, ਖਪਤਕਾਰਾਂ ਲਈ ਖੜ੍ਹੀ ਹੋਈ ਵੱਡੀ ਮੁਸੀਬਤ
Thursday, Jun 04, 2026 - 06:32 PM (IST)
ਪਟਿਆਲਾ : ਪੰਜਾਬ ਦੇ ਕਈ ਬਿਜਲੀ ਖਪਤਕਾਰਾਂ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਉਨ੍ਹਾਂ ਨੂੰ ਲੱਖਾਂ ਰੁਪਏ ਦੇ ਬਿਜਲੀ ਬਿੱਲ ਪ੍ਰਾਪਤ ਹੋਏ। ਇਹ ਸਮੱਸਿਆ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਬਿਲਿੰਗ ਸੌਫਟਵੇਅਰ ਵਿਚ ਕੀਤੀ ਗਈ ਤਬਦੀਲੀ ਦੌਰਾਨ ਆਈਆਂ ਤਕਨੀਕੀ ਖਰਾਬੀਆਂ ਦੇ ਚੱਲਦੇ ਪੈਦਾ ਹੋਈ ਹੈ, ਜਿਸ ਨੇ ਖਪਤਕਾਰਾਂ ਵਿਚ ਭਾਰੀ ਰੋਸ ਪੈਦਾ ਕਰ ਦਿੱਤਾ ਹੈ। ਪਟਿਆਲਾ ਦੇ ਅਰਬਨ ਅਸਟੇਟ ਦੇ ਰਹਿਣ ਵਾਲੇ ਕਮਲਜੀਤ ਸਿੰਘ ਜੋ ਪੰਜਾਬ ਸਰਕਾਰ ਦੀ 600-ਯੂਨਿਟ ਮੁਫਤ ਬਿਜਲੀ ਸਕੀਮ ਤਹਿਤ ਹਮੇਸ਼ਾ 'ਜ਼ੀਰੋ ਬਿੱਲ' ਪ੍ਰਾਪਤ ਕਰਦੇ ਸਨ, ਨੂੰ 3.8 ਲੱਖ ਰੁਪਏ ਦਾ ਬਿੱਲ ਦੇਖ ਕੇ ਡੂੰਘਾ ਸਦਮਾ ਲੱਗਾ। ਇਸੇ ਤਰ੍ਹਾਂ ਇਕ ਹੋਰ ਖਪਤਕਾਰ ਵਿਜੇ ਰਾਣਾ ਨੂੰ ਲਗਭਗ 2.45 ਲੱਖ ਰੁਪਏ ਦਾ ਬਿੱਲ ਭੇਜਿਆ ਗਿਆ ਹੈ। ਅਜਿਹੇ ਕਈ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪੀ. ਐੱਸ. ਪੀ. ਸੀ. ਐੱਲ. ਦੇ ਦਫਤਰਾਂ ਵਿਚ ਖਪਤਕਾਰਾਂ ਦੀ ਭਾਰੀ ਭੀੜ ਦੇਖਣ ਨੂੰ ਮਿਲ ਰਹੀ ਹੈ।
ਇਹ ਵੀ ਪੜ੍ਹੋ : ਅੰਮ੍ਰਿਤਸਰ ਵਿਚ ਅਲਰਟ, ਸੁਰੱਖਿਆ ਏਜੰਸੀਆਂ ਨੇ ਸੰਭਾਲੀ ਕਮਾਨ
ਦੂਜੇ ਪਾਸੇ ਪੀ. ਐੱਸ. ਪੀ. ਸੀ. ਐੱਲ. ਦੇ ਅਧਿਕਾਰੀਆਂ ਨੇ ਮੰਨਿਆ ਹੈ ਕਿ ਇਹ ਸਮੱਸਿਆ 'ਸਿੰਗਲ ਬਿਲਿੰਗ ਸਿਸਟਮ' ਪ੍ਰੋਜੈਕਟ ਤਹਿਤ ਪੁਰਾਣੇ ਐੱਸ.ਏ. ਪੀ. -ਅਧਾਰਤ ਪਲੇਟਫਾਰਮ ਤੋਂ ਨਵੇਂ ਕਸਟਮਰ ਕੇਅਰ ਬਿਲਿੰਗ ਸਿਸਟਮ ਵਿਚ ਤਬਦੀਲੀ ਦੌਰਾਨ ਆਈਆਂ ਖਾਮੀਆਂ ਕਾਰਨ ਹੋਈ ਹੈ। ਇਸ ਸਥਿਤੀ ਨੂੰ ਮੀਟਰ ਰੀਡਰਾਂ ਦੀ ਚੱਲ ਰਹੀ ਹੜਤਾਲ ਨੇ ਹੋਰ ਵੀ ਗੰਭੀਰ ਬਣਾ ਦਿੱਤਾ ਹੈ, ਜਿਸ ਕਾਰਨ ਅਸਲ ਰੀਡਿੰਗ ਨਹੀਂ ਲਈ ਜਾ ਸਕੀ ਅਤੇ ਬਿੱਲ ਸਿਰਫ ਔਸਤ ਵਰਤੋਂ ਦੇ ਅਧਾਰ 'ਤੇ ਬਣਾ ਦਿੱਤੇ ਗਏ। ਇਹ ਸਮੱਸਿਆ ਮੁੱਖ ਤੌਰ 'ਤੇ ਉਨ੍ਹਾਂ ਖਪਤਕਾਰਾਂ ਨੂੰ ਪ੍ਰਭਾਵਿਤ ਕਰ ਰਹੀ ਹੈ ਜਿਨ੍ਹਾਂ ਦੇ ਘਰਾਂ ਵਿਚ ਅਜੇ ਸਮਾਰਟ ਮੀਟਰ ਨਹੀਂ ਲੱਗੇ ਹਨ।
ਇਹ ਵੀ ਪੜ੍ਹੋ : ਪੰਜਾਬ ਵਿਚ ਡਿੱਗੀ ਅਸਮਾਨੀ ਬਿਜਲੀ ਨੇ ਮਚਾਈ ਤਬਾਹੀ, ਲੱਖਾਂ ਦਾ ਨੁਕਸਾਨ
ਕਮਿਸ਼ਨ ਵੱਲੋਂ ਸਖ਼ਤ ਕਾਰਵਾਈ
ਸੂਤਰਾਂ ਮੁਤਾਬਕ ਪੰਜਾਬ ਪਾਰਦਰਸ਼ਤਾ ਅਤੇ ਜਵਾਬਦੇਹੀ ਕਮਿਸ਼ਨ ਨੇ ਇਸ ਮਾਮਲੇ ਦਾ ਗੰਭੀਰ ਨੋਟਿਸ ਲੈਂਦਿਆਂ ਪੀ. ਐੱਸ. ਪੀ. ਸੀ. ਐੱਲ. ਦੇ ਡਾਇਰੈਕਟਰ ਇੰਦਰਪਾਲ ਸਿੰਘ ਨੂੰ 'ਕਾਰਨ ਦੱਸੋ' ਨੋਟਿਸ ਜਾਰੀ ਕੀਤਾ ਹੈ। ਕਮਿਸ਼ਨ ਅਨੁਸਾਰ ਸੂਬੇ ਦੇ ਲਗਭਗ 19 ਲੱਖ ਖਪਤਕਾਰ ਬਿੱਲਾਂ ਵਿਚ ਦੇਰੀ, ਭਾਰੀ ਬਕਾਏ ਦੀਆਂ ਮੰਗਾਂ ਅਤੇ ਵਿੱਤੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਪੀ. ਐੱਸ. ਪੀ. ਸੀ. ਐੱਲ. ਦੇ ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ ਬਸੰਤ ਗਰਗ ਨੇ ਭਰੋਸਾ ਦਿੱਤਾ ਹੈ ਕਿ ਹਰ ਵਿਵਾਦਤ ਬਿੱਲ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਸੌਫਟਵੇਅਰ ਦੀਆਂ ਖਾਮੀਆਂ ਨੂੰ ਜਲਦੀ ਤੋਂ ਜਲਦੀ ਸੁਧਾਰਨ ਲਈ ਕੰਮ ਜਾਰੀ ਹੈ। ਉਨ੍ਹਾਂ ਦੱਸਿਆ ਕਿ ਫੀਲਡ ਵਿਚ ਜੂਨੀਅਰ ਇੰਜੀਨੀਅਰਾਂ ਨੂੰ ਰੀਡਿੰਗ ਦੀ ਵੈਰੀਫਿਕੇਸ਼ਨ ਲਈ ਤਾਇਨਾਤ ਕੀਤਾ ਗਿਆ ਹੈ। ਉਧਰ ਸਮੱਸਿਆ ਦੇ ਤੁਰੰਤ ਹੱਲ ਲਈ ਪੀ. ਐੱਸ. ਪੀ. ਸੀ. ਐੱਲ. ਨੇ ਖਪਤਕਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਬਿਜਲੀ ਮੀਟਰ ਦੀ ਲਗਭਗ ਚਾਰ ਮਿੰਟ ਦੀ ਵੀਡੀਓ ਰਿਕਾਰਡਿੰਗ (ਸਬੂਤ ਵਜੋਂ) ਲੈ ਕੇ ਨੇੜਲੇ ਉਪ-ਦਫਤਰ ਪਹੁੰਚਣ। ਅਧਿਕਾਰੀਆਂ ਨੇ ਕਿਹਾ ਹੈ ਕਿ ਵੈਰੀਫਿਕੇਸ਼ਨ ਤੋਂ ਬਾਅਦ ਗਲਤ ਬਿੱਲਾਂ ਨੂੰ ਮੌਕੇ 'ਤੇ ਹੀ ਠੀਕ ਕਰਕੇ ਸੋਧੇ ਹੋਏ ਬਿੱਲ ਜਾਰੀ ਕੀਤੇ ਜਾਣਗੇ।
ਇਹ ਵੀ ਪੜ੍ਹੋ : ਸੇਵਾ ਕੇਂਦਰ ਮੁਲਾਜ਼ਮਾਂ ਨੇ ਕਰ'ਤਾ ਵੱਡਾ ਐਲਾਨ, ਪੰਜਾਬ ਵਾਸੀਆਂ ਦੀ ਵਧੇਗੀ ਮੁਸ਼ਕਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
