ਜਦੋਂ ਪਾਵਰਕਾਮ ਨੇ 2 ਦਲਿਤ ਪਰਿਵਾਰਾਂ ਦੇ ਪੈਰਾਂ ਹੇਠੋਂ ਖਿਸਕਾ ਛੱਡੀ ਜ਼ਮੀਨ...

10/17/2018 10:30:58 AM

ਮਲੋਟ : ਪਾਵਰਕਾਮ ਅਦਾਰਾ ਸਰਕਾਰਾਂ ਵੱਲੋਂ ਨਾਮਜ਼ਦ ਵਰਗਾਂ ਲਈ ਮੁਫਤ ਬਿਜਲੀ ਸਹੂਲਤਾਂ ਦੀ ਜਾਰੀ ਕਵਾਇਦ ਨੂੰ ਹੁਣ ਇਨਾਂ ਲੋੜਵੰਦ ਖਪਤਕਾਰਾਂ ਨੂੰ ਬਿਜਲੀ ਦੇ ਮੋਟੇ ਬਿੱਲ ਭੇਜ ਕੇ ਰੜਕ ਕੱਢਣ ਲੱਗਾ ਹੈ। ਤਾਜਾ ਮਾਮਲਾ ਹਲਕਾ ਮਲੋਟ ਦੇ ਪਿੰਡ ਬੁਰਜ ਸਿੱਧਵਾਂ ਦਾ ਹੈ, ਜਿੱਥੇ ਇੱਕ ਦਲਿਤ ਵਿਅਕਤੀ ਬਲਜਿੰਦਰ ਸਿੰਘ ਪੁੱਤਰ ਮੋਹਨ ਸਿੰਘ ਉਸ ਵੇਲੇ ਹੱਕਾ-ਬੱਕਾ ਰਹਿ ਗਿਆ, ਜਦ ਉਸ ਨੂੰ 87206 ਰੁਪਏ ਦਾ ਬਿਲ ਭੁਗਤਾਨ ਕਰਨ ਲਈ ਆਇਆ।

ਜਦੋਂ ਉਸ ਨੇ ਬਿਜਲੀ ਦੇ ਮਾਹਿਰਾਂ ਕੋਲੋਂ ਪੜਤਾਲ ਕਰਵਾਈ ਤਾਂ ਉਸ ਦੇ ਮੀਟਰ 'ਤੇ ਗੁਆਂਢੀ ਜਰਨੈਲ ਵਰਗ ਰਾਮ ਪੁੱਤਰ ਦੇਸ ਰਾਜ ਦੇ ਘਰ ਦੀ ਖਪਤ ਦੀ ਰੀਡਿੰਗ ਪੈ ਰਹੀ ਸੀ। ਅਜੇ ਇਥੇ ਹੀ ਬੱਸ ਨਹੀਂ ਹੋਈ, ਬਿਜਲੀ ਵਿਭਾਗ ਦਾ ਇੱਕ ਹੋਰ ਕਾਰਜ ਹੋਰ ਵੀ ਨਿਆਰਾ ਹੋ ਗਿਆ ਕਿਉਂਕਿ ਇਸੇ ਹੀ ਪਿੰਡ ਦੇ ਦਰਜੀ ਦਾ ਕੰਮ ਕਰਦੇ ਦਲਿਤ ਵਿਅਕਤੀ ਅਮਰੀਕ ਸਿੰਘ ਪੁੱਤਰ ਮਹਿੰਦਰ ਸਿੰਘ ਨੂੰ ਉਸ ਵਕਤ ਪੈਰਾਂ ਹੇਠੋਂ ਜ਼ਮੀਨ ਖਿਸਕਦੀ ਨਜ਼ਰ ਆਈ, ਜਦੋਂ ਬਿਨ ਮੀਟਰ ਦੇ ਹੀ ਵਿਭਾਗ ਨੇ ਡੇਢ ਲੱਖ ਰੁਪਏ ਦਾ ਬਿਲ ਭੇਜ ਦਿੱਤਾ। ਜਦੋਂ ਕਿ ਉਸ ਦੇ ਘਰ ਤਾਂ ਚਾਨਣ ਗੁਆਂਢੀਆਂ ਵੱਲੋਂ ਖਿੱਚੀ ਬਿਜਲੀ ਦੀ ਤਾਰ ਰਾਹੀਂ ਹੁੰਦਾ ਹੈ।

ਇਸ ਇਲਾਕੇ ਦੇ ਪਿੰਡਾਂ 'ਚ ਅਜਿਹੇ ਅਜੀਬੋ-ਗਰੀਬ ਕਰਨਾਮੇ ਬਿਜਲੀ ਵਿਭਾਗ ਵੱਲੋਂ ਠੇਕਾ ਪ੍ਰਣਾਲੀ ਅਧੀਨ ਕਰਵਾਏ ਕਾਰਜਾਂ ਕਰਨ ਵਾਪਰ ਰਹੇ ਹਨ। ਦੱਸਣਯੋਗ ਹੈ ਕਿ ਮੀਟਰ ਘਰੋਂ ਬਾਹਰ ਕੱਢਣ ਦੇ ਸਿਲਸਲੇ ਦੌਰਾਨ ਬਿਜਲੀ ਵਿਭਾਗ ਵੱਲੋਂ ਖਪਤਕਾਰ ਦੀ ਤਸੱਲੀ ਦੇ ਮੱਦੇਨਜ਼ਰ ਅਲੱਗ ਤੋਂ ਖਪਤ ਦਰਸਾਉਣ ਵਾਲੀ ਐੱਲ. ਸੀ. ਡੀ. ਘਰ ਅੰਦਰ ਲਾਉਣਾ ਜ਼ਰੂਰੀ ਹੈ ਪਰ ਬਿਜਲੀ ਵਿਭਾਗ ਵੱਲੋਂ ਅਜਿਹੇ ਕਲ ਪੁਰਜੇ ਲਾਉਣੇ ਵਾਜਬ ਨਹੀਂ ਸਮਝੇ ਜਾਂਦੇ, ਜਿਸ ਕਾਰਨ ਪਰੇਸ਼ਾਨ ਖਪਤਕਾਰ ਬਿੱਲਾਂ ਦੀ ਦਰੁਸਤੀ ਲਈ ਬਿਜਲੀ ਘਰਾਂ 'ਚ ਗੇੜੇ ਮਾਰਨ ਲਈ ਮਜ਼ਬੂਰ ਹਨ।

ਇਸ ਬਾਰੇ ਕਾਰਜਕਾਰੀ ਇੰਜੀਨੀਅਰ ਸੁਖਦਰਸ਼ਨ ਕੁਮਾਰ ਦਾ ਕਹਿਣਾ ਸੀ ਕਿ ਵਿਭਾਗ ਵੱਲੋਂ ਅਜਿਹੇ ਖਪਤਕਾਰ ਨੂੰ 200 ਯੂਨਿਟ ਮੁਆਫ ਹਨ। ਕਿਸੇ ਤਕਨੀਕੀ ਨੁਕਸ ਕਾਰਨ ਹੋਈ ਕੁਤਾਹੀ ਲਈ ਪੀੜਤ ਖਪਤਕਾਰ ਲਿਖਤੀ ਤੌਰ 'ਤੇ ਵਿਭਾਗ ਨੂੰ ਸੂਚਿਤ ਕਰ ਸਕਦੇ ਹਨ। ਉਨ੍ਹਾਂ ਵੱਲੋਂ ਇਸ ਸਬੰਧੀ ਕੀਤੀ ਜਾਣ ਵਾਲੀ ਲੋੜੀਂਦੀ ਕਾਰਵਾਈ ਨੂੰ ਤਰਜੀਹ ਦਿੱਤੀ ਜਾਵੇਗੀ।


Related News