ਬਿਜਲੀ ਦਾ ਬਿੱਲ ਨਾ ਭਰਨ ਦੀ ਸੂਰਤ ''ਚ ਕੱਟਿਆ ਟੈਂਕੀ ਦਾ ਕੁਨੈਕਸ਼ਨ

Tuesday, Aug 15, 2017 - 11:28 AM (IST)

ਬਿਜਲੀ ਦਾ ਬਿੱਲ ਨਾ ਭਰਨ ਦੀ ਸੂਰਤ ''ਚ ਕੱਟਿਆ ਟੈਂਕੀ ਦਾ ਕੁਨੈਕਸ਼ਨ

ਕਿਸ਼ਨਗੜ੍ਹ(ਬੈਂਸ)— ਪਿੰਡ ਰਾਓਵਾਲੀ 'ਚ ਬੀਤੇ ਦੋ ਦਿਨਾਂ ਤੋਂ ਵਾਟਰ ਸਪਲਾਈ ਵਾਲੀ ਟੈਂਕੀ ਤੋਂ ਪੀਣ ਵਾਲੇ ਸਾਫ-ਸੁਥਰੇ ਪਾਣੀ ਦੀ ਸਪਲਾਈ ਨਾ ਆਉਣ ਕਰਕੇ ਟੈਂਕੀ ਨਾਲ ਸਬੰਧਤ ਸਾਰੇ ਉਪਭੋਗਤਾਵਾਂ 'ਚ ਭਾਰੀ ਰੋਸ ਪਾਇਆ ਦਾ ਰਿਹਾ ਹੈ। ਇਸ ਸਮੱਸਿਆ ਤੋਂ ਨਿਜਾਤ ਪਾਉਣ ਸਬੰਧੀ ਪਿੰਡ ਰਾਓਵਾਲੀ ਦੀ ਵਾਟਰ ਸਪਲਾਈ ਵਾਲੀ ਟੈਂਕੀ 'ਤੇ ਇਕੱਠੇ ਹੋ ਕੇ ਲੋਕਾਂ ਵਾਰਡ ਨੰ. 1 ਗ੍ਰਾਮ ਪੰਚਾਇਤ ਰਾਓਵਾਲੀ ਦੇ ਪੰਚ ਗੁਲਜ਼ਾਰ ਸਿੰਘ, ਦਰਸ਼ਨ ਸਿੰਘ, ਸਲਵਿੰਦਰ ਸਿੰਘ ਸ਼ਾਲੂ, ਕਸ਼ਮੀਰ ਸਿੰਘ, ਗੁਰਬਚਨ ਸਿੰਘ ਵਿੱਕੀ, ਮਹਿੰਦਰ ਸਿੰਘ, ਪ੍ਰਧਾਨ ਸੁਰਿੰਦਰ ਕੁਮਾਰ, ਸਵਰਨ ਸਿੰਘ ਬੱਲੂ, ਜਗੀਰੋ, ਮੱਖੋ, ਭੋਲੀ ਤੇ ਬੱਬਲੀ ਆਦਿ ਨੇ ਰੋਸ ਪ੍ਰਦਰਸ਼ਨ ਕਰਦਿਆਂ ਦੱਸਿਆ ਕਿ ਉਨ੍ਹਾਂ ਸਾਰਿਆਂ ਦੇ ਘਰਾਂ 'ਚ ਪਿਛਲੇ ਦੋ ਦਿਨਾਂ ਤੋਂ ਪਾਣੀ ਦੀ ਸਪਲਾਈ ਨਹੀਂ ਆ ਰਹੀ ਕਿਉਂਕਿ ਵਾਟਰ ਸਪਲਾਈ ਵਾਲੀ ਟੈਂਕੀ ਦਾ ਬਿਜਲੀ ਦਾ ਬਿੱਲ ਉਪਭੋਗਤਾਵਾਂ ਕੋਲੋਂ ਬਿੱਲ ਇਕੱਠਾ ਕਰਨ ਦੇ ਬਾਵਜੂਦ ਨਹੀਂ ਭਰਿਆ ਗਿਆ, ਜਿਸ ਕਰ ਕੇ ਪਾਵਰਕਾਮ ਮਹਿਕਮੇ ਵੱਲੋਂ ਉਕਤ ਟੈਂਕੀ ਦਾ ਕੁਨੈਕਸ਼ਨ ਕੱਟ ਦਿੱਤਾ ਗਿਆ ਹੈ। ਪ੍ਰਦਰਸ਼ਨਕਾਰੀਆਂ ਦੀ ਜ਼ਿਲਾ ਪ੍ਰਸ਼ਾਸਨ ਪਾਸੋਂ ਪੁਰਜ਼ੋਰ ਮੰਗ ਹੈ ਕਿ ਜਲਦ ਤੋਂ ਜਲਦ ਉਨ੍ਹਾਂ ਨੂੰ ਉਕਤ ਸਮੱਸਿਆ ਤੋਂ ਰਾਹਤ ਦਿਵਾਈ ਜਾਵੇ। ਉਨ੍ਹਾਂ ਦੱਸਿਆ ਕਿ 2005 ਵਿਚ ਜਦੋਂ ਪਿੰਡ 'ਚ ਵਾਟਰ ਸਪਲਾਈ ਦੀ ਟੈਂਕੀ ਨਹੀਂ ਲੱਗੀ ਸੀ। ਤਦ ਉਸ ਕਾਰਜਕਾਲ ਦੀ ਗ੍ਰਾਮ ਪੰਚਾਇਤ ਵੱਲੋਂ ਸਾਫ-ਸੁਥਰੇ ਪੀਣ ਵਾਲੇ ਪਾਣੀ ਦੀ ਸਬਮਰਸੀਬਲ ਮੋਟਰ ਲਗਵਾਈ ਗਈ ਸੀ। ਮੋਟਰ ਪਿੰਡ ਦਾ ਇਕ ਪੰਚ ਧੱਕੇ ਨਾਲ ਕਰੀਬ ਚਾਰ ਕੁ ਮਹੀਨੇ ਪਹਿਲਾਂ ਕੱਢ ਕੇ ਕਿਧਰੇ ਲੈ ਗਿਆ ਸੀ। 
ਇਸ ਸਬੰਧੀ ਪਿੰਡ ਦੇ ਪਤਵੰਤੇ ਸੱਜਣਾਂ ਵੱਲੋਂ ਬੀ. ਡੀ. ਓ. ਵੈਸਟ ਜਲੰਧਰ ਅਤੇ ਡੀ. ਡੀ. ਪੀ. ਓ. ਇਕਬਾਲਜੀਤ ਸਿੰਘ ਨਾਲ ਸੰਪਰਕ ਕਾਇਮ ਕਰਕੇ ਉਨ੍ਹਾਂ ਦਾ ਪੱਖ ਜਾਣਿਆ ਗਿਆ ਤਾਂ ਉਨ੍ਹਾਂ ਆਖਿਆ ਕਿ ਜ਼ਿਲਾ ਵਿਕਾਸ ਅਤੇ ਪੰਚਾਇਤ ਅਫਸਰ ਜਲੰਧਰ ਨੂੰ ਪੱਤਰ ਰਾਹੀਂ ਸਖਤ ਹਦਾਇਤ ਕੀਤੀ ਗਈ ਹੈ ਕਿ ਜਿਨ੍ਹਾਂ ਵਿਅਕਤੀਆਂ ਨੇ ਧੱਕੇ ਨਾਲ ਸਬਮਰਸੀਬਲ ਮੋਟਰ ਪੁੱਟੀ ਸੀ, ਉਕਤ ਮੋਟਰ ਨੂੰ ਦੋ ਦਿਨਾਂ ਦੇ ਅੰਦਰ ਲਗਾਇਆ ਜਾਵੇ। ਜਦੋਂ ਬਿਜਲੀ ਦੇ ਬਿੱਲ ਬਕਾਏ ਸਬੰਧੀ ਸਬੰਧਤ ਐੱਸ. ਡੀ. ਓ. ਨਾਲ ਫੋਨ 'ਤੇ ਗੱਲਬਾਤ ਕੀਤੀ ਤਾਂ ਉਨ੍ਹਾਂ ਦਾ ਮੋਬਾਈਲ ਕਿਸੇ ਹੋਰ ਕਰਮਚਾਰੀ ਨੇ ਇਹ ਕਹਿ ਕੇ ਕੱਟ ਦਿੱਤਾ ਕਿ ਐੱਸ. ਡੀ. ਓ. ਸਾਹਿਬ ਛੁੱਟੀ 'ਤੇ ਹਨ। ਤੁਸੀਂ ਸਬੰਧਤ ਏਰੀਏ ਦੇ ਜੇ. ਈ. ਨਾਲ ਗੱਲਬਾਤ ਕਰ ਕੇ ਪੱਖ ਜਾਣ ਲਓ। ਸਬੰਧਤ ਜੇ. ਈ. ਦੇ ਦਿੱਤੇ ਹੋਏ ਮੋਬਾਈਲ ਨੰਬਰ 'ਤੇ ਵਾਰ-ਵਾਰ ਕਾਲ ਕਰਨ 'ਤੇ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ। ਜ਼ਿਕਰਯੋਗ ਹੈ ਕਿ ਖਬਰ ਲਿਖੇ ਜਾਣ ਤੱਕ ਪਾਣੀ ਦੀ ਸਪਲਾਈ ਚਾਲੂ ਨਹੀਂ ਹੋ ਸਕੀ ਸੀ।


Related News