ਨੌਜਵਾਨ ਨੂੰ ਦਰਖਤ ਨਾਲ ਬੰਨ੍ਹ ਕੇ ਕੀਤੀ ਕੁੱਟਮਾਰ, ਦਿੱਤੇ ਬਿਜਲੀ ਦੇ ਝਟਕੇ, ਵੀਡੀਓ

Wednesday, Jun 20, 2018 - 08:50 PM (IST)

ਨੌਜਵਾਨ ਨੂੰ ਦਰਖਤ ਨਾਲ ਬੰਨ੍ਹ ਕੇ ਕੀਤੀ ਕੁੱਟਮਾਰ, ਦਿੱਤੇ ਬਿਜਲੀ ਦੇ ਝਟਕੇ, ਵੀਡੀਓ

ਸ੍ਰੀ ਮੁਕਤਸਰ ਸਾਹਿਬ— ਇਥੋਂ ਨੇੜਲੇ ਪਿੰਡ ਥਾਂਦੇਵਾਲਾ 'ਚ ਚੋਰੀ ਦਾ ਦੋਸ਼ ਲਗਾਉਂਦਿਆਂ ਅਨੁਸੂਚਿਤ ਦੇ ਇਕ ਦਲਿਤ ਨੌਜਵਾਨ ਨੂੰ ਦਰੱਖਤ ਨਾਲ ਬੰਨ ਕੇ ਬਿਜਲੀ ਦਾ ਕਰੰਟ ਦਾ ਡਰਾਵਾ ਦੇ ਕੇ ਬੁਰੀ ਤਰ੍ਹਾਂ ਕੁੱਟਣ ਦਾ ਵੀਡੀਓ ਵਾਇਰਲ ਹੋਣ ਦੇ ਬਾਅਦ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ। ਇਕ ਪਾਸੇ ਜਿਥੇ ਨੌਜਵਾਨ ਨੂੰ ਕੁੱਟਣ ਦੇ ਬਾਅਦ ਜਨਰਲ ਵਰਗ ਦੇ ਲੋਕਾਂ ਨੇ ਉਸਨੂੰ ਪੁਲਸ ਨੂੰ ਸੌਂਪ ਦਿੱਤਾ, ਉਥੇ ਪੁਲਿਸ ਨੇ ਵੀ ਕਥਿਤ ਰੂਪ 'ਚ ਬਿਨ੍ਹਾਂ ਕੋਈ ਮਾਮਲਾ ਦਰਜ਼ ਕੀਤੇ ਉਸਨੂੰ ਤਿੰਨ ਦਿਨ ਤੱਕ ਹਿਰਾਸਤ 'ਚ ਰੱਖਿਆ। ਜਦਕਿ ਮੀਡੀਆ 'ਚ ਆਉਣ ਦੇ ਬਾਅਦ ਨੌਜਵਾਨ ਨੂੰ ਪਿੱਛੇ ਦੇ ਕਮਰੇ ਦੀ ਖਿੜਕੀ ਤੋਂ ਬਾਹਰ ਕੱਢ ਦਿੱਤਾ ਅਤੇ ਇਕ ਨੌਜਵਾਨ ਉਸਨੂੰ ਆਪਣੀ ਗੱਡੀ 'ਚ ਬਿਠਾ ਕੇ ਆਪਣੇ ਨਾਲ ਲੈ ਗਿਆ। ਉਧਰ ਗੁੱਸੇ 'ਚ ਪੀੜਤ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਰੋਸ ਪ੍ਰਗਟ ਕਰਦਿਆਂ ਥਾਣਾ ਸਦਰ ਦੇ ਬਾਹਰ ਧਰਨਾ ਲਗਾ ਕੇ ਆਵਾਜਾਈ ਠੱਪ ਕਰ ਦਿੱਤੀ ਅਤੇ ਕਰੀਬ 10 ਮਿੰਟ ਬਾਅਦ ਹੀ ਮੌਕੇ ਤੇ ਪਹੁੰਚੇ ਥਾਣਾ ਮੁੱਖੀ ਵਲੋਂ ਕਾਰਵਾਈ ਦਾ ਭਰੋਸਾ ਦਿਵਾਉਣ ਉਪਰੰਤ ਧਰਨਾਕਾਰੀਆਂ ਨੇ ਧਰਨਾ ਸਮਾਪਤ ਕਰ ਦਿੱਤਾ ਪ੍ਰੰਤੂ ਬਾਅਦ ਦੁਪਹਿਰ ਵੀ ਪੀੜਤ ਨੌਜਵਾਨ ਪਰਿਵਾਰ ਨੂੰ ਨਹੀਂ ਮਿਲ ਸਕਿਆ ਸੀ ਜਦਕਿ ਦੁਪਹਿਰ ਦੇ ਕਰੀਬ ਸਾਢੇ ਤਿੰਨ ਵਜੇ ਲਿਜਾਣ ਵਾਲੇ ਵਿਅਕਤੀ ਨੌਜਵਾਨ ਨੂੰ ਉਹਨਾਂ ਦੇ ਘਰ ਛੱਡ ਕੇ ਫਰਾਰ ਹੋ ਗਏ।
ਜਾਣਕਾਰੀ ਅਨੁਸਾਰ ਪਿੰਡ ਥਾਂਦੇਵਾਲਾ ਦਾ ਇਕ 17 ਸਾਲਾ ਨੌਜਵਾਨ ਜਗਸੀਰ ਸਿੰਘ ਪੁੱਤਰ ਬਲਦੇਵ ਸਿੰਘ ਚਰਵਾਹੇ ਦਾ ਕੰਮ ਕਰਦਾ ਹੈ। ਉਸਦੀ ਇਕ ਭੇਡ ਗੁੰਮ ਹੋ ਗਈ ਸੀ। ਜਿਸਨੂੰ ਲੱਭਣ ਲਈ ਉਹ ਬੀਤੀ ਰਾਤ ਨੂੰ ਬਾਹਰ ਨਿਕਲਿਆ। ਇਸ ਦੌਰਾਨ ਹੀ ਪਿੰਡ ਦੇ ਹੀ ਕੁਝ ਜਨਰਲ ਵਰਗ ਦੇ ਲੋਕਾਂ ਨੇ ਉਸਨੂੰ ਚੋਰ ਦਸਦੇ ਹੋਏ ਫੜ ਲਿਆ। ਉਹਨਾਂ ਨੇ ਉਸਨੂੰ ਖੇਤ 'ਚ ਹੀ ਦਰੱਖਤ ਨਾਲ ਬੰਨ੍ਹ ਕੇ ਉਸਦੀ ਬੁਰੀ ਤਰ੍ਹਾਂ ਕੁੱਟਮਾਰ ਕਰਦਿਆ ਬਿਜਲੀ ਦਾ ਕਰੰਟ ਵੀ ਲਗਾਇਆ। ਜਿਸਦੀ ਵੀਡੀਓ ਵੀ ਬਾਅਦ ਵਿਚ ਸ਼ੋਸਲ ਮੀਡੀਆ 'ਤੇ ਵਾਇਰਲ ਹੋ ਗਈ ਹੈ।
ਦਸਦੇ ਹਨ ਕਿ ਨੌਜਵਾਨ 'ਤੇ ਇਕ ਕੁੱਕਰ ਅਤੇ ਦੋ ਕੋਕ ਦੀਆਂ ਬੋਤਲਾਂ ਚੋਰੀ ਕਰਨ ਦਾ ਦੋਸ਼ ਹੈ। ਜਿਸਨੂੰ ਕੁੱਟਣ ਦੇ ਬਾਅਦ ਪਿੰਡ ਦੇ ਲੋਕਾਂ ਨੇ ਥਾਣਾ ਸਦਰ ਪੁਲਸ ਦੇ ਹਵਾਲੇ ਕਰ ਦਿੱਤਾ। ਜਿਥੇ ਤਿੰਨ ਦਿਨ ਤੱਕ ਉਹ ਹਿਰਾਸਤ 'ਚ ਰਿਹਾ। ਉਧਰ ਪਰਿਵਾਰ ਇਸ ਮਸਲੇ ਨੂੰ ਲੈ ਕੇ ਐਸਐਸਪੀ ਨਾਲ ਮਿਲਣ ਜਾ ਪਹੁੰਚਿਆ। ਪਰ ਐਸਐਸਪੀ ਨਾ ਮਿਲਣ ਦੇ ਕਾਰਨ ਪਰਿਵਾਰ ਥਾਣਾ ਸਦਰ ਵੱਲ ਚੱਲ ਪਿਆ। ਜਿਵੇਂ ਹੀ ਪੁਲਸ ਨੂੰ ਪਤਾ ਚੱਲਿਆ ਕਿ ਪਰਿਵਾਰ ਤੇ ਮੀਡੀਆ ਥਾਨੇ 'ਚ ਆ ਰਹੇ ਹਨ ਤਾਂ ਪੁਲਸ ਨੇ ਨੌਜਵਾਨ ਨੂੰ ਹਵਾਲਾਤ ਤੋਂ ਕੱਢ ਕੇ ਨਾਲ ਬਣੀ ਬੈਰਕ ਦੀ ਖਿੜਕੀ 'ਚੋਂ ਨੌਜਵਾਨ ਨੂੰ ਭਜਾ ਦਿੱਤਾ। ਪਰ ਮੀਡੀਆ ਵੱਲੋਂ ਅੱਗੇ ਜਾ ਕੇ ਘੇਰਨ 'ਤੇ ਨੌਜਵਾਨ ਨੇ ਪੂਰੀ ਗੱਲ ਦਾ ਖੁਲਾਸਾ ਕਰ ਦਿੱਤਾ। ਪਰ ਸਾਢੇ ਤਿੰਨ ਵਜੇ ਤੱਕ ਪੀੜਤ ਪਰਿਵਾਰ  ਨੂੰ ਆਪਣਾ ਪੁੱਤਰ ਵਾਪਸ ਨਹੀਂ ਮਿਲਿਆ ਸੀ। ਉਧਰ ਥਾਨਾ ਮੁਖੀ ਦਵਿੰਦਰ ਕੁਮਾਰ ਨੇ ਪਹਿਲਾ ਤਾਂ ਨੌਜਵਾਨ ਦੇ ਹਿਰਾਸਤ 'ਚ ਹੋਣ ਦੀ ਗੱਲ ਤੋਂ ਇਨਕਾਰ ਕੀਤਾ ਪਰ ਨਾਲ ਹੀ ਇਹ ਵੀ ਕਿਹਾ ਕਿ ਉਸਨੂੰ ਤਾਂ ਪਿੰਡ ਦੇ ਲੋਕ ਸ਼ਾਮ ਨੂੰ ਲਿਜਾਂਦੇ ਸਨ, ਸਵੇਰੇ ਛੱਡ ਜਾਂਦੇ ਸਨ। ਅੱਜ ਵੀ ਪੰਚਾਇਤ ਰਾਜੀਨਾਮਾ ਕਰਨ ਦੇ ਬਾਅਦ ਲੈ ਕੇ ਗਈ ਹੈ।


Related News