ਇਲੈਕਟ੍ਰਿਕ ਬੱਸਾਂ ਦੇ ਸਟਾਫ਼ ਦੀ ਹੜਤਾਲ, CTU ਨੇ ਰੂਟ ’ਤੇ ਉਤਾਰੀਆਂ 40 ਡੀਜ਼ਲ ਬੱਸਾਂ
Friday, Jan 05, 2024 - 01:19 PM (IST)
ਚੰਡੀਗੜ੍ਹ (ਵਿਜੈ) : ਇਲੈਕਟ੍ਰਿਕ ਬੱਸਾਂ ਵੀਰਵਾਰ ਦੁਪਹਿਰ ਤੋਂ ਬਾਅਦ ਨਹੀਂ ਚੱਲੀਆਂ। ਜਾਣਕਾਰੀ ਅਨੁਸਾਰ ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ (ਸੀ. ਟੀ. ਯੂ.) ਨੇ ਵੀਰਵਾਰ ਦੁਪਹਿਰ ਨੂੰ ਸਿਰਫ਼ 40 ਬੱਸਾਂ ਨਾਲ ਹੀ ਕੰਮ ਚਲਾਇਆ। ਹਾਲਾਂਕਿ ਯਾਤਰੀਆਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ, ਇਸ ਲਈ ਸੀ. ਟੀ. ਯੂ. ਨੇ ਮੌਕੇ ’ਤੇ ਹੀ 40 ਡੀਜ਼ਲ ਬੱਸਾਂ ਨੂੰ ਰੂਟ ’ਤੇ ਉਤਾਰਿਆ। ਸ਼ਹਿਰ ਵਿਚ ਦੋ ਕੰਪਨੀਆਂ ਦੀਆਂ 80 ਇਲੈਕਟ੍ਰਿਕ ਬੱਸਾਂ ਚੱਲ ਰਹੀਆਂ ਹਨ। ਇਨ੍ਹਾਂ ਵਿਚੋਂ 40 ਬੱਸਾਂ ਆਈਸ਼ਰ ਜਦੋਂਕਿ 40 ਹੀ ਬੱਸਾਂ ਅਸ਼ੋਕਾ ਲੇਲੈਂਡ ਕੰਪਨੀ ਤੋਂ ਲਈਆਂ ਗਈਆਂ ਹਨ। ਇਨ੍ਹਾਂ ਕੰਪਨੀਆਂ ਤੋਂ ਬੱਸਾਂ ਕਿਰਾਏ ’ਤੇ ਲਈਆਂ ਗਈਆਂ ਹਨ।
ਵੀਰਵਾਰ ਸਵੇਰੇ ਆਈਸ਼ਰ ਕੰਪਨੀ ਦੇ ਸਟਾਫ਼ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਦਾ ਐਲਾਨ ਕਰ ਦਿੱਤਾ। ਇਸ ਦੇ ਬਾਅਦ ਕੰਪਨੀ ਵੱਲੋਂ ਚਲਾਈ ਜਾਣ ਵਾਲੀ ਕੋਈ ਵੀ ਬੱਸ ਰੂਟ ’ਤੇ ਨਹੀਂ ਚੱਲੀ। ਇਸ ਦੀ ਸੂਚਨਾ ਜਿਵੇਂ ਹੀ ਸੀ. ਟੀ. ਯੂ. ਨੂੰ ਮਿਲੀ, ਤਾਂ ਤੁਰੰਤ ਡੀਜ਼ਲ ਬੱਸਾਂ ਨੂੰ ਰੂਟ ਤੋਂ ਉਤਾਰਣ ਦੇ ਹੁਕਮ ਜਾਰੀ ਕਰ ਦਿੱਤੇ ਗਏ।
ਯੂ. ਟੀ. ਦੇ ਡਾਇਰੈਕਟਰ ਟਰਾਂਸਪੋਰਟ ਪ੍ਰਦੁਮਣ ਸਿੰਘ ਨੇ ਦੱਸਿਆ ਕਿ ਜਦੋਂ ਸਵੇਰੇ ਕੰਪਨੀ ਦੇ ਸਟਾਫ਼ ਵੱਲੋਂ ਹੜਤਾਲ ਦੀ ਸੂਚਨਾ ਮਿਲੀ ਤਾਂ ਸੀ. ਟੀ. ਯੂ. ਦੀਆਂ 40 ਵਾਧੂ ਡੀਜ਼ਲ ਬੱਸਾਂ ਦੀ ਮਦਦ ਲਈ ਗਈ ਸੀ। ਹਾਲਾਂਕਿ ਦੇਰ ਸ਼ਾਮ ਤੱਕ ਹੜਤਾਲ ਖ਼ਤਮ ਹੋਣ ਤੋਂ ਬਾਅਦ ਇਲੈਕਟ੍ਰਿਕ ਬੱਸਾਂ ਫਿਰ ਚਲਣੀਆਂ ਸ਼ੁਰੂ ਹੋ ਗਈਆਂ ਸਨ।