ਚੰਡੀਗੜ੍ਹ ਦੇ GMSH-16 ''ਚ ''ਇਲੈਕਟਿਵ ਸਰਜਰੀ'' ''ਤੇ ਰੋਕ, OPD ਸੇਵਾ ਸਬੰਧੀ ਫ਼ੈਸਲਾ ਅੱਜ
Friday, Apr 23, 2021 - 01:09 PM (IST)
ਚੰਡੀਗੜ੍ਹ (ਪਾਲ) : ਸ਼ਹਿਰ ਵਿਚ ਵੱਧਦੇ ਕੋਰੋਨਾ ਮਰੀਜ਼ਾਂ ਦੀ ਗਿਣਤੀ ਵੇਖਦਿਆਂ ਜੀ. ਐੱਮ. ਐੱਸ. ਐੱਚ.-16 ਵਿਚ ਇਲੈਕਟਿਵ ਸਰਜਰੀ ’ਤੇ ਰੋਕ ਲੱਗ ਗਈ ਹੈ। ਹੁਣ ਹਸਪਤਾਲ ਵਿਚ ਸਿਰਫ ਅਮਰਜੈਂਸੀ ਸਰਜਰੀ ਹੀ ਹੋ ਰਹੀ ਹੈ। ਇਸ ਤੋਂ ਪਹਿਲਾਂ ਹਸਪਤਾਲ ਨੇ ਗਾਇਨੀ ਅਤੇ ਪੀਡੀਐਟ੍ਰਿਕ ਡਿਪਾਰਟਮੈਂਟ ਨੂੰ ਛੱਡ ਕੇ ਬਾਕੀ ਓ. ਪੀ. ਡੀ. ਬੰਦ ਕਰਨ ਦਾ ਫ਼ੈਸਲਾ ਲਿਆ ਸੀ ਪਰ ਮਰੀਜ਼ਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਨਾ ਹੋਵੇ, ਇਸ ਲਈ ਫਿਲਹਾਲ ਇਕ ਤੈਅ ਗਿਣਤੀ ਵਿਚ ਓ. ਪੀ. ਡੀ. ਚੱਲ ਰਹੀ ਹੈ। ਕੋਵਿਡ ਮਰੀਜ਼ਾਂ ਨੂੰ ਵੇਖਦੇ ਹੋਏ ਪੀ. ਜੀ. ਆਈ. ਅਤੇ ਜੀ. ਐੱਮ. ਸੀ. ਐੱਚ. ਪਹਿਲਾਂ ਹੀ ਆਪਣੀ ਓ. ਪੀ. ਡੀ. ਸਰਵਿਸ ਬੰਦ ਕਰ ਚੁੱਕੇ ਹਨ। ਦੋਵੇਂ ਹਸਪਤਾਲਾਂ ਵਿਚ ਟੈਲੀ ਕੰਸਲਟੇਸ਼ਨ ਨਾਲ ਮਰੀਜ਼ਾਂ ਨੂੰ ਆਨਲਾਈਨ ਚੈੱਕ ਕੀਤਾ ਜਾ ਰਿਹਾ ਹੈ, ਜਦੋਂ ਕਿ ਲੋੜ ਪੈਣ ’ਤੇ ਉਨ੍ਹਾਂ ਨੂੰ ਫਿਜ਼ੀਕਲੀ ਵੀ ਬੁਲਾਇਆ ਜਾ ਰਿਹਾ ਹੈ।
ਜੀ. ਐੱਮ. ਐੱਸ. ਐੱਚ.-16 ਦੇ 150 ਸਟਾਫ਼ ਮੈਂਬਰ ਪਾਜ਼ੇਟਿਵ ਆਉਣ ਦੀ ਅਫ਼ਵਾਹ ਨਾਲ ਦਹਿਸ਼ਤ
ਵੀਰਵਾਰ ਜੀ. ਐੱਮ. ਐੱਸ. ਐੱਚ.-16 ਵਿਚ 150 ਸਟਾਫ਼ ਮੈਂਬਰਾਂ ਅਤੇ ਡਾਕਟਰਾਂ ਦੇ ਕੋਰੋਨਾ ਪਾਜ਼ੇਟਿਵ ਆਉਣ ਦੀ ਸੂਚਨਾ ਵਾਇਰਲ ਹੋ ਗਈ। ਅਜਿਹਾ ਦੱਸਿਆ ਗਿਆ ਕਿ ਹਸਪਤਾਲ ਦੀਆਂ ਸਾਰੀਆਂ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ। ਉੱਥੇ ਹੀ ਹੈਲਥ ਡਾਇਰੈਕਟਰ ਨੇ ਕਿਹਾ ਕਿ ਇਹ ਅਫ਼ਵਾਹ ਹੈ। ਲੋਕਾਂ ਨੂੰ ਇਸ ਤਰ੍ਹਾਂ ਦੀਆਂ ਸੂਚਨਾਵਾਂ ਤੋਂ ਬਚਣ ਦੀ ਲੋੜ ਹੈ। ਅਮਰਜੈਂਸੀ ਦੇ ਨਾਲ-ਨਾਲ ਓ. ਪੀ. ਡੀ. ਸੇਵਾ ਵੀ ਜਾਰੀ ਹੈ।
ਸਟਾਫ ਦੀ ਕਮੀ, ਪੀ. ਜੀ. ਆਈ. ਨੂੰ ਸਟਾਫ ਦੋਵੇਂ ਹਸਪਤਾਲਾਂ ’ਚ ਸ਼ਿਫਟ ਕਰਨ ਲਈ ਕਿਹਾ
ਜੀ. ਐੱਮ. ਐੱਸ. ਐੱਚ.-16 ਵਿਚ ਮੈਡੀਸਿਨ ਵਿਭਾਗ ਤੋਂ ਦੋ ਡਾਕਟਰ ਛੱਡ ਕੇ ਜਾ ਚੁੱਕੇ ਹਨ। 5 ਡਾਕਟਰ ਸੇਵਾਮੁਕਤ ਵੀ ਹੋ ਚੁੱਕੇ ਹਨ। ਪੈਰਾ-ਮੈਡੀਕਲ ਸਟਾਫ਼ ਵੀ ਇਨਫੈਕਟਿਡ ਹੋ ਚੁੱਕਿਆ ਹੈ। ਕੁੱਝ ਸਟਾਫ਼ ਮੈਂਬਰਾਂ ਦੇ ਪਰਿਵਾਰਕ ਮੈਂਬਰ ਪਾਜ਼ੇਟਿਵ ਹੋਣ ਕਾਰਣ ਸਟਾਫ ਕੁਆਰੰਟਾਈਨ ਹੋ ਚੁੱਕਿਆ ਹੈ। ਇਹੀ ਕਾਰਣ ਹੈ ਕਿ ਇਸ ਸਮੇਂ ਹਸਪਤਾਲ ਵਿਚ ਸਟਾਫ਼ ਦੀ ਕਮੀ ਹੈ। ਕੁੱਝ ਹੈਲਥ ਐਂਡ ਵੈੱਲਨੈੱਸ ਸੈਂਟਰਾਂ ਵਿਚ ਵੀ ਸਟਾਫ਼ ਮੈਂਬਰ ਪਾਜ਼ੇਟਿਵ ਹੋ ਚੁੱਕੇ ਹਨ, ਉਨ੍ਹਾਂ ਦੀ ਥਾਂ ’ਤੇ ਵੀ ਸਟਾਫ਼ ਨੂੰ ਡਿਪਿਊਟ ਕੀਤਾ ਜਾ ਰਿਹਾ ਹੈ। ਇਸ ਨੂੰ ਵੇਖਦੇ ਹੋਏ ਐਡਮਿਨਿਸਟ੍ਰੇਸ਼ਨ ਨੇ ਪੀ. ਜੀ. ਆਈ. ਨੂੰ ਆਪਣਾ ਕੁੱਝ ਸਟਾਫ ਜੀ. ਐੱਮ. ਐੱਸ. ਐੱਚ. ਅਤੇ ਜੀ. ਐੱਮ. ਸੀ. ਐੱਚ. ਵਿਚ ਸ਼ਿਫਟ ਕਰਨ ਲਈ ਕਿਹਾ ਹੈ, ਤਾਂ ਜੋ ਸਟਾਫ਼ ’ਤੇ ਵੀ ਕੰਮ ਦਾ ਬੋਝ ਨਾ ਪਵੇ। ਨਾਲ ਹੀ ਮਰੀਜ਼ਾਂ ਨੂੰ ਵੀ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ।