ਜ਼ੀਰਕਪੁਰ ''ਚ ਟੱਕਰ ਭਰਿਆ ਹੋਵੇਗਾ ''ਚੋਣ ਦੰਗਲ'', ਪਿਛਲੇ 20 ਸਾਲਾਂ ਤੋਂ ਕਾਬਜ਼ ਰਿਹੈ ''ਅਕਾਲੀ ਦਲ''

01/18/2021 12:47:41 PM

ਜ਼ੀਰਕਪੁਰ  (ਮੇਸ਼ੀ) : ਜ਼ੀਰਕਪੁਰ ਸਮੇਤ ਹਲਕੇ ਦੀਆਂ ਤਿੰਨ ਨਗਰ ਕੌਂਸਲਾਂ ਲਈ 14 ਫਰਵਰੀ ਨੂੰ ਹੋਣ ਜਾ ਰਹੀਆਂ ਚੋਣਾ ਦੌਰਾਨ ਸਖ਼ਤ ਤੇ ਦਿਲਚਸਪ ਮੁਕਾਬਲੇ ਵਿਖਾਈ ਦੇਣਗੇ। ਪਿਛਲੇ ਦੋ ਦਹਾਕਿਆਂ ਤੋਂ ਅਕਾਲੀ ਦਲ ਅਤੇ ਭਾਜਪਾ ਦੇ ਕੌਂਸਲਰ ਹੋਣ ਕਾਰਨ ਹਲਕੇ ਦੀਆਂ ਤਿੰਨ ਨਗਰ ਕੌਂਸਲਾਂ 'ਤੇ ਅਕਾਲੀ ਦਲ ਦਾ ਕਬਜ਼ਾ ਸੀ। ਅਕਾਲੀ ਦਲ ਦੀ ਸਰਕਾਰ ਦੌਰਾਨ ਹਲਕੇ 'ਚ ਪਾਰਟੀ ਦਾ ਦਬਦਬਾ ਰੱਖਦਿਆਂ ਹਲਕਾ ਵਿਧਾਇਕ ਐਨ. ਕੇ. ਸ਼ਰਮਾ. ਨੇ ਕਾਂਗਰਸੀ ਅਤੇ ਆਜ਼ਾਦ ਉਮੀਦਵਾਰ ਵੀ ਚੋਣ ਮੈਦਾਨ 'ਚ ਉਤਰਨ ਤੱਕ ਨਹੀ ਦਿੱਤੇ, ਜਿਸ ਕਰਕੇ ਬਿਨਾਂ ਮੁਕਾਬਲੇ ਹੀ ਪਿਛਲੇ 20 ਸਾਲਾਂ ਤੋਂ ਨਗਰ ਕੌਂਸਲਾਂ 'ਤੇ ਪਾਰਟੀ ਨੇ ਆਪਣਾ ਕਬਜ਼ਾ ਜਮਾਈ ਰੱਖਿਆ।

ਇਸ ਵਾਰ ਸਮੂਹ ਵਾਰਡਾਂ ਦੇ ਵੋਟਰ ਵੀ ਆਪਣੇ ਸਮਾਜ ਸੇਵੀ ਚਿਹਰਿਆਂ ਨੂੰ ਉਮੀਦਵਾਰ ਬਣਾ ਕੇ ਇਸ ਕਬਜ਼ੇ ਨੂੰ ਖ਼ਤਮ ਕਰਵਾਉਣ ਲਈ ਉਤਾਵਲੇ ਵਿਖਾਈ ਦੇ ਰਹੇ ਹਨ। ਇਸ ਵਾਰ ਚੋਣਾਂ 'ਚ ਕਾਂਗਰਸ, ਆਪ, ਬਸਪਾ ਤੇ ਭਾਜਪਾ ਵੱਲੋਂ ਅਪਣੇ ਬਲਬੂਤੇ 'ਤੇ 31 ਵਾਰਡਾਂ ਲਈ ਚੋਣ ਮੈਦਾਨ 'ਚ ਆਪਣੇ ਉਮੀਦਵਾਰ ਉਤਾਰਨੇ ਸ਼ੁਰੂ ਕਰ ਦਿੱਤੇ ਗਏ ਹਨ। ਇਸ ਤੋਂ ਇਲਾਵਾ ਆਜ਼ਾਦ ਤੌਰ 'ਤੇ ਵੀ ਕਈ ਉਮੀਦਵਾਰ ਚੋਣ ਲੜਨ ਲਈ ਕਮਰ ਕਸਣ ਲੱਗੇ ਹਨ, ਜਿਸ ਕਰਕੇ ਜ਼ੀਰਕਪੁਰ ਦੇ 31 ਵਾਰਡਾਂ 'ਚ ਲਗਭਗ 120 ਤੋਂ ਵੀ ਵਧੇਰੇ ਉਮੀਦਵਾਰ ਚੋਣ ਮੈਦਾਨ 'ਚ ਉਤਰਨ ਕਾਰਨ ਮੁਕਾਬਲਾ ਫਸਵਾਂ ਅਤੇ ਵਧੇਰੇ ਦਿਲਚਸਪ ਵਿਖਾਈ ਦੇਵੇਗਾ।
 


Babita

Content Editor

Related News