ਉਮੀਦਵਾਰਾਂ ਨੂੰ ਦੋ ਵਾਧੂ ਸਟੈਂਪ ਸਾਈਜ਼ ਫੋਟੋਆਂ ਜਮ੍ਹਾ ਕਰਵਾਉਣ ਦੀਆਂ ਹਦਾਇਤਾਂ

Thursday, Mar 21, 2019 - 12:09 PM (IST)

ਉਮੀਦਵਾਰਾਂ ਨੂੰ ਦੋ ਵਾਧੂ ਸਟੈਂਪ ਸਾਈਜ਼ ਫੋਟੋਆਂ ਜਮ੍ਹਾ ਕਰਵਾਉਣ ਦੀਆਂ ਹਦਾਇਤਾਂ

ਚੰਡੀਗੜ੍ਹ (ਭੁੱਲਰ) : ਚੋਣ ਕਮਿਸ਼ਨ ਭਾਰਤ ਨੇ ਇਕ ਹਦਾਇਤ ਜਾਰੀ ਕਰਦਿਆਂ ਲੋਕ ਸਭਾ ਚੋਣ ਲੜ ਰਹੇ ਸਮੂਹ ਉਮੀਦਵਾਰਾਂ ਨੂੰ ਕਿਹਾ ਹੈ ਕਿ ਉਹ ਆਪਣਾ ਨਾਮਜ਼ਦਗੀ ਫਾਰਮ ਭਰਨ ਸਮੇਂ ਆਪਣੀਆਂ ਦੋ ਤਾਜ਼ਾ ਖਿੱਚੀਆਂ ਹੋਈਆਂ ਸਟੈਂਪ ਸਾਈਜ਼ ਫੋਟੋਆਂ ਵੀ ਜਮ੍ਹਾ ਕਰਵਾਉਣ, ਜਿਨ੍ਹਾਂ ਦੀ ਵਰਤੋਂ ਬੈਲਟ ਪੇਪਰ 'ਤੇ ਲਾਉਣ ਲਈ ਕੀਤੀ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂਂ ਮੁੱਖ ਚੋਣ ਅਫ਼ਸਰ ਪੰਜਾਬ ਡਾ. ਐੱਸ. ਕਰੁਣਾ ਰਾਜੂ ਨੇ ਦੱਸਿਆ ਕਿ ਪਹਿਲਾਂ ਉਮੀਦਵਾਰਾਂ ਨੂੰ ਇਕ ਫੋਟੋ ਬੈਲਟ ਪੇਪਰ 'ਤੇ ਲਾਉਣ ਲਈ ਜਮ੍ਹਾ ਕਰਵਾਉਣੀ ਪੈਂਦੀ ਸੀ ਪਰ ਹੁਣ ਨਾਮਜ਼ਦਗੀ ਪੱਤਰ 'ਚ ਤਬਦੀਲੀ ਹੋ ਗਈ ਹੈ ਅਤੇ ਉਸ 'ਚ ਇਕ ਬਕਸਾ ਦਿੱਤਾ ਗਿਆ ਹੈ ਜਿਸ 'ਚ ਉਮੀਦਵਾਰ ਨੂੰ ਫੋਟੋ ਲਾਉਣ ਲਈ ਕਿਹਾ ਜਾਂਦਾ ਹੈ। ਉਨ੍ਹਾਂ ਦੱਸਿਆ ਕਮਿਸ਼ਨ ਵਲੋਂ ਨਾਮਜ਼ਦਗੀ ਪੱਤਰ 'ਚ ਹੋਈ ਤਬਦੀਲੀ ਨੂੰ ਦੇਖਦਿਆਂ ਇਹ ਫੈਸਲਾ ਲਿਆ ਗਿਆ ਹੈ। 

ਵੋਟਰ ਕਰ ਸਕਣਗੇ 11 ਦਸਤਾਵੇਜ਼ਾਂ ਦੀ ਪਛਾਣ ਪੱਤਰ ਵਜੋਂ ਵਰਤੋਂ 
ਲੋਕ ਸਭਾ ਚੋਣਾਂ 'ਚ ਵੋਟਿੰਗ ਸਮੇਂ ਵੋਟਰਾਂ ਦੀ ਪਛਾਣ ਕਰਨ ਦੇ ਮੱਦੇਨਜ਼ਰ ਚੋਣ ਕਮਿਸ਼ਨ ਭਾਰਤ ਵਲੋਂ 11 ਦਸਤਾਵੇਜ਼ਾਂ ਨੂੰ ਵਰਤਣ ਦੀ ਪ੍ਰਵਾਨਗੀ ਦਿਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਾ. ਐੱਸ ਕਰੁਣਾ ਰਾਜੂ ਨੇ ਦੱਸਿਆ ਕਿ ਜਿਨ੍ਹਾਂ ਵੋਟਰਾਂ ਕੋਲ ਫੋਟੋ ਪਛਾਣ ਪੱਤਰ ਨਹੀ ਹਨ, ਉਹ ਪਾਸਪੋਰਟ, ਡਰਾਈਵਿੰਗ ਲਾਇਸੰਸ, ਆਧਾਰ ਕਾਰਡ, ਕੇਂਦਰ/ਸੂਬਾ ਸਰਕਾਰਾਂ/ਜਨਤਕ ਖੇਤਰ ਦੇ ਅਦਾਰਿਆਂ ਜਾਂ ਪਬਲਿਕ ਲਿਮਟਿਡ ਕੰਪਨੀਆਂ ਵਲੋਂ ਆਪਣੇ ਮੁਲਾਜ਼ਮਾਂ ਨੂੰ ਜਾਰੀ ਸਰਵਿਸ ਪਛਾਣ ਪੱਤਰ, ਬੈਂਕਾਂ/ਡਾਕਖਾਨਿਆਂ ਵਲੋਂ ਜਾਰੀ ਫੋਟੋ ਸਹਿਤ ਪਾਸਬੁੱਕ, ਪੈਨ ਕਾਰਡ, ਮਨਰੇਗਾ ਜੌਬ ਕਾਰਡ, ਕਿਰਤ ਮੰਤਰਾਲੇ ਦੀ ਸਕੀਮ ਤਹਿਤ ਜਾਰੀ ਸਿਹਤ ਬੀਮਾ ਸਮਾਰਟ ਕਾਰਡ, ਫੋਟੋ ਸਮੇਤ ਪੈਨਸ਼ਨ ਦਸਤਾਵੇਜ਼ ਪਛਾਣ ਪੱਤਰ ਵਜੋਂ ਦਿਖਾ ਕੇ ਵੀ ਵੋਟ ਪਾ ਸਕਦੇ ਹਨ।


author

Anuradha

Content Editor

Related News