ਵਿਧਾਨ ਸਭਾ ਚੋਣ ਦੀ ਟਿਕਟ ਦੁਆਉਣ ਦੇ ਨਾਂ ''ਤੇ ਲੱਖਾਂ ਦੀ ਧੋਖਾਦੇਹੀ

Saturday, Mar 14, 2020 - 02:59 PM (IST)

ਵਿਧਾਨ ਸਭਾ ਚੋਣ ਦੀ ਟਿਕਟ ਦੁਆਉਣ ਦੇ ਨਾਂ ''ਤੇ ਲੱਖਾਂ ਦੀ ਧੋਖਾਦੇਹੀ

ਸ੍ਰੀ ਮੁਕਤਸਰ ਸਾਹਿਬ (ਪਵਨ, ਖ਼ੁਰਾਣਾ) : ਸਾਲ 2017 ਦੀਆਂ ਵਿਧਾਨ ਸਭਾ ਚੋਣਾਂ 'ਚ ਇਕ ਵਿਅਕਤੀ ਨੂੰ ਚੋਣ ਟਿਕਟ ਦੁਆਉਣ ਦੇ ਨਾਂ 'ਤੇ ਉਸ ਤੋਂ 12 ਲੱਖ ਦੇ ਕਰੀਬ ਪੈਸੇ ਠੱਗਣ ਵਾਲੇ ਬਠਿੰਡਾ ਦੇ ਇਕ ਵਿਅਕਤੀ ਨੂੰ ਥਾਣਾ ਸਿਟੀ ਪੁਲਸ ਨੇ ਨਾਮਜ਼ਦ ਕੀਤਾ ਹੈ। ਕਥਿਤ ਦੋਸ਼ੀ ਆਪਣੇ ਆਪ ਨੂੰ ਕਾਂਗਰਸ ਦਾ ਆਗੂ ਦੱਸ ਕੇ ਪੀੜਤ ਤੋਂ ਪੈਸੇ ਲੈਂਦਾ ਰਿਹਾ, ਜਦੋਂਕਿ ਚੋਣਾਂ ਦੌਰਾਨ ਨਾ ਤਾਂ ਪੀੜਤ ਨੂੰ ਟਿਕਟ ਨਸੀਬ ਹੋਈ ਅਤੇ ਨਾ ਹੀ ਚੋਣਾਂ ਤੋਂ ਬਾਅਦ ਉਸ ਦੇ ਪੈਸੇ ਵਾਪਸ ਹੋਏ। ਇਸ ਸਬੰਧੀ ਪੀੜਤ ਨੇ ਹੁਣ ਥਾਣਾ ਸਿਟੀ ਮੁਕਤਸਰ ਵਿਖੇ ਸ਼ਿਕਾਇਤ ਦਰਜ ਕਰਾ ਦਿੱਤੀ ਹੈ। ਸੀਨੀਅਰ ਪੁਲਸ ਅਧਿਕਾਰੀਆਂ ਨੂੰ ਦਿੱਤੀ ਸ਼ਿਕਾਇਤ 'ਚ ਜਸਵੰਤ ਸਿੰਘ ਨਾਹਰ ਪੁੱਤਰ ਜੰਗ ਸਿੰਘ ਵਾਸੀ ਥਾਂਦੇਵਾਲਾ ਰੋਡ ਬਾਲਾ ਮੰਦਰ ਵਾਲੀ ਗਲੀ ਨੰਬਰ-02 ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਸਾਲ 2015 ਉਸ ਦਾ ਰਵਿੰਦਰ ਕੁਮਾਰ ਰੋਜ਼ੀ ਵਾਸੀ ਬਠਿੰਡਾ ਨਾਲ ਤਾਲਮੇਲ ਹੋਇਆ ।

ਉਸ ਨੇ ਕਈ ਲੋਕਾਂ ਨਾਲ ਉਸ ਨੂੰ ਮਿਲਾਇਆ, ਜਿਸ ਦੇ ਚਲਦਿਆਂ ਉਹ ਰਵਿੰਦਰ ਰੋਜ਼ੀ ਦੇ ਝਾਂਸੇ 'ਚ ਆ ਗਿਆ। ਟਿਕਟ ਦੁਆਉਣ ਦੇ ਨਾਂ 'ਤੇ ਰਵਿੰਦਰ ਨੇ ਉਸ ਤੋਂ ਪੈਸਿਆਂ ਦੀ ਮੰਗ ਕੀਤੀ ਤਾਂ ਉਸ ਨੇ 8-06-15 ਨੂੰ 4 ਲੱਖ ਰੁਪਏ, 21-11-15 ਨੂੰ 3 ਲੱਖ 50 ਹਜ਼ਾਰ ਰੁਪਏ, 15-07-2015 ਨੂੰ 1 ਲੱਖ ਰੁਪਏ, 7-09-2015 ਨੂੰ 40 ਹਜ਼ਾਰ ਰੁਪਏ, 28-10-2015 ਨੂੰ 25 ਹਜ਼ਾਰ ਰੁਪਏ, 29-12-2015 ਨੂੰ ਬੈਂਕ 'ਚੋਂ ਕਢਵਾ ਕੇ ਦਿੱਤੇ। ਇਸ ਤੋਂ ਇਕ-ਇਕ ਲੱਖ ਰੁਪਏ ਦੋ ਵਾਰ ਨਕਦ ਰਾਸ਼ੀ (2 ਲੱਖ ਰੁਪਏ) ਚੰਡੀਗੜ੍ਹ ਦਾ ਅਤੇ ਕਿਸੇ ਲੀਡਰ ਨੂੰ ਵਿਆਹ 'ਤੇ ਦੇਣ ਦਾ ਕਹਿ ਕੇ ਲੈ ਗਿਆ। ਉਸ ਨੇ ਦੱਸਿਆ ਕਿ ਇਸ ਤਰ੍ਹਾਂ ਰਵਿੰਦਰ ਰੋਜ਼ੀ ਉਸ ਤੋਂ 12 ਲੱਖ 50 ਹਜ਼ਾਰ ਰੁਪਏ ਹੜੱਪ ਗਿਆ। ਉਕਤ ਵਿਅਕਤੀ ਨੇ ਨਾ ਤਾਂ ਟਿਕਟ ਦੁਆਈ ਅਤੇ ਨਾ ਹੀ ਬਾਅਦ 'ਚ ਪੈਸੇ ਵਾਪਸ ਕੀਤੇ। ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਪੁਲਸ ਨੇ ਰਵਿੰਦਰ ਕੁਮਾਰ ਰੋਜ਼ੀ ਵਾਸੀ ਨਾਮਦੇਵ ਨਗਰ ਬਠਿੰਡਾ ਵਿਰੁੱਧ ਧੋਖਾਦੇਹੀ ਦਾ ਮਾਮਲਾ ਦਰਜ ਕਰ ਲਿਆ ਹੈ। ਜਦਕਿ ਗ੍ਰਿਫ਼ਤਾਰੀ ਅਜੇ ਬਾਕੀ ਹੈ।


author

Anuradha

Content Editor

Related News