ਰਾਜਸਥਾਨ, ਛੱਤੀਸਗੜ੍ਹ ਤੇ ਮੱਧ ਪ੍ਰਦੇਸ਼ ਦੇ ਚੋਣ ਨਤੀਜਿਆਂ ਨੇ ਬਦਲੇ ਪੰਜਾਬ ਦੇ ਸਿਆਸੀ ਸਮੀਕਰਣ

Saturday, Dec 09, 2023 - 04:12 AM (IST)

ਰਾਜਸਥਾਨ, ਛੱਤੀਸਗੜ੍ਹ ਤੇ ਮੱਧ ਪ੍ਰਦੇਸ਼ ਦੇ ਚੋਣ ਨਤੀਜਿਆਂ ਨੇ ਬਦਲੇ ਪੰਜਾਬ ਦੇ ਸਿਆਸੀ ਸਮੀਕਰਣ

ਜਲੰਧਰ (ਅਨਿਲ ਪਾਹਵਾ)– 4 ਸੂਬਿਆਂ ’ਚ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਪੰਜਾਬ ਦੀ ਸਿਆਸਤ ਵੀ ਕਰਵਟ ਲੈਂਦੀ ਨਜ਼ਰ ਆ ਰਹੀ ਹੈ। 4 ਵਿਚੋਂ 3 ਸੂਬਿਆਂ ਵਿਚ ਕਾਂਗਰਸ ਨੂੰ ਕਰਾਰੀ ਹਾਰ ਮਿਲੀ ਹੈ ਪਰ ਇਸ ਹਾਰ ਤੋਂ ਬਾਅਦ ਪੰਜਾਬ ’ਚ ਕਾਂਗਰਸੀ ਨੇਤਾਵਾਂ ਨੂੰ ਇਹ ਚਿੰਤਾ ਸਤਾਉਣ ਲੱਗੀ ਹੈ ਕਿ ਸੂਬੇ ਵਿਚ ਆਮ ਆਦਮੀ ਪਾਰਟੀ ਦੇ ਨਾਲ ਗਠਜੋੜ ਨੂੰ ਲੈ ਕੇ ਉਨ੍ਹਾਂ ਉੱਪਰ ਦਬਾਅ ਵਧ ਸਕਦਾ ਹੈ। ਪਿਛਲੇ ਦਿਨੀਂ ਪੰਜਾਬ ਕਾਂਗਰਸ ਦੇ ਜ਼ਿਆਦਾਤਰ ਨੇਤਾਵਾਂ ਨੇ ਆਮ ਆਦਮੀ ਪਾਰਟੀ ਨਾਲ ਕਿਸੇ ਵੀ ਤਰ੍ਹਾਂ ਦੇ ਗਠਜੋੜ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਕੇਂਦਰੀ ਲੀਡਰਸ਼ਿਪ ਨੂੰ ਵੀ ਇਹ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਸੂਬੇ ਵਿਚ ਇਹ ਸੰਭਵ ਨਹੀਂ ਪਰ ਵਿਧਾਨ ਸਭਾ ਚੋਣਾਂ ਦੌਰਾਨ 3 ਸੂਬਿਆਂ ਮੱਧ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ੍ਹ ਵਿਚ ਕਾਂਗਰਸ ਦੀ ਸਥਿਤੀ ਨੂੰ ਵੇਖਦਿਆਂ ਸੰਭਾਵਨਾ ਪੈਦਾ ਹੋ ਰਹੀ ਹੈ ਕਿ ਪੰਜਾਬ ’ਚ ਕਾਂਗਰਸ ਨੂੰ ‘ਆਪ’ ਵੱਲ ਹੱਥ ਵਧਾਉਣਾ ਹੀ ਪਵੇਗਾ। 

3 ਸੂਬਿਆਂ ਵਿਚ ਕਾਂਗਰਸ ਦੀ ਹੋਈ ਹਾਰ ਤੋਂ ਬਾਅਦ ਇੰਡੀਆ ਬਲਾਕ ਦੇ ਕਈ ਨੇਤਾਵਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਕਾਂਗਰਸ ਨੂੰ ਮੱਧ ਪ੍ਰਦੇਸ਼ ਤੇ ਰਾਜਸਥਾਨ ’ਚ ਸੀਟਾਂ ਦੀ ਵੰਡ ਹੋਰ ਪਾਰਟੀਆਂ ਨਾਲ ਗੱਲਬਾਤ ਤੋਂ ਬਾਅਦ ਕਰਨੀ ਚਾਹੀਦੀ ਸੀ। ਇਸ ਤਰ੍ਹਾਂ ਦੇ ਬਿਆਨਾਂ ਤੋਂ ਬਾਅਦ ਪੰਜਾਬ ਕਾਂਗਰਸ ਦੇ ਨੇਤਾਵਾਂ ’ਚ ਘਬਰਾਹਟ ਵਧ ਗਈ ਹੈ। ਉਂਝ ਸਮਾਜਵਾਦੀ ਪਾਰਟੀ ਦੇ ਨੇਤਾ ਅਖਿਲੇਸ਼ ਯਾਦਵ ਚੋਣਾਂ ਤੋਂ ਪਹਿਲਾਂ ਹੀ ਕਾਂਗਰਸ ਨੂੰ ਲੈ ਕੇ ਸਵਾਲ ਖੜ੍ਹੇ ਕਰਦੇ ਰਹੇ ਹਨ ਪਰ ਚੋਣਾਂ ਤੋਂ ਬਾਅਦ ਤਾਂ ਕਾਂਗਰਸ ਦਾ ਵਿਰੋਧ ਕਰਨ ਵਾਲਿਆਂ ਦੀਆਂ ਲਾਈਨਾਂ ਹੀ ਲੱਗ ਗਈਆਂ ਹਨ।

ਇਹ ਵੀ ਪੜ੍ਹੋ : CM ਮਾਨ ਨੇ ਦੱਸਿਆ ਅਰਬੀ ਘੋੜਿਆਂ ਦਾ ਪਤਾ, ਮਜੀਠੀਆ ਨੂੰ ਦਿੱਤਾ ਸੀ ਅਲਟੀਮੇਟਮ

ਪਤਾ ਲੱਗਾ ਹੈ ਕਿ ਮੱਧ ਪ੍ਰਦੇਸ਼ ’ਚ ਕਾਂਗਰਸ ਨੂੰ ਕਾਫ਼ੀ ਉਮੀਦਾਂ ਸਨ ਪਰ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ। ਰਾਜਸਥਾਨ ਅਤੇ ਛੱਤੀਸਗੜ੍ਹ ’ਚ ਕਾਂਗਰਸ ਨੂੰ ਮਿਲੇ ਨਤੀਜੇ ਨੇ ਪਾਰਟੀ ਨੂੰ ਇੰਡੀਆ ਬਲਾਕ ’ਚ ਪੂਰੀ ਤਰ੍ਹਾਂ ਕਮਜ਼ੋਰ ਸਾਬਤ ਕਰ ਦਿੱਤਾ ਹੈ। ਇੰਡੀਆ ਬਲਾਕ ਦੇ ਕਈ ਨੇਤਾਵਾਂ ਦਾ ਕਹਿਣਾ ਹੈ ਕਿ ਗਠਜੋੜ ਬਣਾਉਣ ਦਾ ਇਕੋ ਕਾਰਨ ਸੀ ਕਿ ਭਾਜਪਾ ਨੂੰ ਕਿਸੇ ਤਰ੍ਹਾਂ ਰੋਕਿਆ ਜਾਵੇ ਪਰ ਕਾਂਗਰਸ ਇਨ੍ਹਾਂ ਮਾਮਲਿਆਂ ਵਿਚ ਫੇਲ ਸਾਬਤ ਹੋ ਰਹੀ ਹੈ ਕਿਉਂਕਿ ਉਹ ਸਹਿਯੋਗੀ ਪਾਰਟੀਆਂ ਨਾਲ ਕਈ ਮਾਮਲਿਆਂ ’ਤੇ ਚਰਚਾ ਨਹੀਂ ਕਰਦੀ। ਬੇਸ਼ੱਕ ਪੰਜਾਬ ’ਚ ਅੱਜ ਦੀ ਤਾਰੀਖ਼ ’ਚ ਭਾਜਪਾ, ਕਾਂਗਰਸ ਜਾਂ ਕਿਸੇ ਵੀ ਪਾਰਟੀ ਲਈ ਖ਼ਤਰਾ ਨਹੀਂ ਪਰ ਇਸ ਦੇ ਬਾਵਜੂਦ ਕਾਂਗਰਸ ਨੂੰ ਖ਼ੁਦ ਨੂੰ ਮਜ਼ਬੂਤ ਕਰਨ ਲਈ ਸਹਿਯੋਗੀ ਪਾਰਟੀਆਂ ਦੀਆਂ ਗੱਲਾਂ ਨੂੰ ਸਵੀਕਾਰ ਕਰਨਾ ਪਵੇਗਾ।

ਉਂਝ ਕਾਂਗਰਸ ਦੇ ਨੇਤਾਵਾਂ ਦਾ ਮੰਨਣਾ ਹੈ ਕਿ ਪੰਜਾਬ ’ਚ ਸਥਿਤੀ ਵੱਖਰੀ ਹੈ। ਇਥੇ ਭਾਜਪਾ ਚੌਥੇ ਨੰਬਰ ’ਤੇ ਹੈ ਅਤੇ ਸੱਤਾਧਾਰੀ ਆਮ ਆਦਮੀ ਪਾਰਟੀ ਤੋਂ ਬਾਅਦ ਦੂਜੇ ਨੰਬਰ ’ਤੇ ਕਾਂਗਰਸ ਹੀ ਹੈ। ਇਸ ਲਈ ਕਾਂਗਰਸ ਦੇ ਨੇਤਾਵਾਂ ਨੂੰ ਲੱਗਦਾ ਹੈ ਕਿ ਪੰਜਾਬ ’ਚ ਇਸ ਗਠਜੋੜ ’ਤੇ ਕੋਈ ਅਸਰ ਨਹੀਂ ਪਵੇਗਾ। ਪਿਛਲੇ ਦਿਨੀਂ ਵੀ ਪੰਜਾਬ ਕਾਂਗਰਸ ਦੇ ਨੇਤਾਵਾਂ ਨੇ ਆਮ ਆਦਮੀ ਪਾਰਟੀ ਨਾਲ ਕਿਸੇ ਵੀ ਤਰ੍ਹਾਂ ਦੀ ਸੀਟ ਸ਼ੇਅਰਿੰਗ ਦੀ ਗੱਲ ਨੂੰ ਮੁੱਢੋਂ ਨਕਾਰ ਦਿੱਤਾ ਸੀ। ਇਸ ਤੋਂ ਬਾਅਦ ਕਾਂਗਰਸੀ ਨੇਤਾ ਸੁਖਪਾਲ ਸਿੰਘ ਖਹਿਰਾ ਦੀ ਗ੍ਰਿਫ਼ਤਾਰੀ ਨੇ ਵੀ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚਾਲੇ ਕੜਵਾਹਟ ਵਧਾ ਦਿੱਤੀ ਸੀ ਪਰ ਇੰਡੀਆ ਬਲਾਕ ਦੇ ਪੱਧਰ ’ਤੇ ਦੋਵਾਂ ਪਾਰਟੀਆਂ ਦੇ ਨੇਤਾ ਕੀ ਫ਼ੈਸਲਾ ਲੈਂਦੇ ਹਨ, ਇਹ ਅਜੇ ਭਵਿੱਖ ਦੇ ਗਰਭ ’ਚ ਹੈ।

ਇਹ ਵੀ ਪੜ੍ਹੋ : ਭਿਆਨਕ ਸੜਕ ਹਾਦਸੇ 'ਚ ਚਕਨਾਚੂਰ ਹੋਈ ਟਰੈਕਟਰ-ਟਰਾਲੀ, ਦੋ ਵਿਅਕਤੀਆਂ ਦੀ ਦਰਦਨਾਕ ਮੌਤ

 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

shivani attri

Content Editor

Related News