ਚੋਣ ਨਤੀਜਿਆਂ ਤੋਂ ਬਾਅਦ ਨਵਜੋਤ ਸਿੱਧੂ ਦਾ ਵੱਡਾ ਬਿਆਨ, ਕਿਹਾ 3-4 ਮੁੱਖ ਮੰਤਰੀ ਭੁਗਤਾ ਦਿੱਤੇ
Friday, Mar 11, 2022 - 03:12 PM (IST)
ਅੰਮ੍ਰਿਤਸਰ : ਵਿਧਾਨ ਸਭਾ ਚੋਣਾਂ ਵਿਚ ਹੋਈ ਹਾਰ ਅਤੇ ਆਮ ਆਦਮੀ ਪਾਰਟੀ ਦੀ ਬੰਪਰ ਜਿੱਤ ’ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦੀ ਪਹਿਲੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਪੰਜਾਬ ਵਿਚ ਹੋਈ ਆਮ ਆਦਮੀ ਪਾਰਟੀ ਦੀ ਜਿੱਤ ਨੂੰ ਸਿੱਧੂ ਨੇ ਲੋਕਾਂ ਵਲੋਂ ਬਦਲਾਅ ਲਿਆਉਣ ਦਾ ਫ਼ੈਸਲਾ ਦੱਸਿਆ ਹੈ। ਇਸ ਦੇ ਨਾਲ ਹੀ ਸਿੱਧੂ ਨੇ ਕਿਹਾ ਕਿ ਉਨ੍ਹਾਂ ਨੂੰ ਹਾਰ ਜਿੱਤ ਨਾਲ ਕੋਈ ਫਰਕ ਨਹੀਂ ਪੈਂਦਾ, ਮੇਰਾ ਮਤਲਬ ਪੰਜਾਬ ਨੂੰ ਅੱਗੇ ਲੈ ਕੇ ਜਾਣਾ ਹੈ। ਮੈਂ ਆਪਣੇ ਮਕਸਦ ਤੋਂ ਨਹੀਂ ਡੋਲਾਂਗਾ। ਸਿੱਧੂ ਨੇ ਕਿਹਾ ਕਿ ਉਹ ਪੰਜਾਬ ਨਾਲ ਖੜ੍ਹੇ ਹਨ ਅਤੇ ਅੱਗੇ ਵੀ ਖੜ੍ਹੇ ਰਹਿਣਗੇ।
ਇਹ ਵੀ ਪੜ੍ਹੋ : ਵਿਧਾਨ ਸਭਾ ਚੋਣਾਂ ’ਚ ਹੋਈ ਕਰਾਰੀ ਹਾਰ ਤੋਂ ਬਾਅਦ ਸੁਖਦੇਵ ਸਿੰਘ ਢੀਂਡਸਾ ਨੇ ਕੀਤਾ ਵੱਡਾ ਐਲਾਨ
ਇਸ ਦੇ ਨਾਲ ਸਿੱਧੂ ਨੇ ਆਖਿਆ ਕਿ ਜਿਨ੍ਹਾਂ ਨੇ ਉਨ੍ਹਾਂ ਲਈ ਟੋਏ ਪੁੱਟੇ ਸਨ ਉਹ ਆਪ ਹੀ ਡਿੱਗ ਗਏ ਹਨ। ਜਿਨ੍ਹਾਂ ਨੇ ਨਵਜੋਤ ਸਿੱਧੂ ਨੂੰ ਨੀਵਾਂ ਕਰਨ ਦੀ ਕੋਸ਼ਿਸ਼ ਕੀਤੀ, ਉਹ ਖੁੱਦ ਹੀ ਨੀਵੇਂ ਹੋ ਗਏ ਹਨ। ਇਸ ਦੌਰਾਨ ਸਿੱਧੂ ਨੇ ਫਿਰ ਦੋਹਰਾਇਆ ਕਿ ਉਨ੍ਹਾਂ 3-4 ਮੁੱਖ ਮੰਤਰੀ ਭੁਗਤਾ ਦਿੱਤੇ ਹਨ। ਸਿੱਧੂ ਨੇ ਕਿਹਾ ਕਿ ਜਿਹੋ-ਜਿਹਾ ਬੀਜ ਬੀਜੋਗੇ ਉਹੋ ਜਿਹਾ ਫਲ ਮਿਲੇਗਾ। ਮੈਂ ਅੱਜ ਵੀ ਆਪਣੇ ਮਕਸਦ ’ਤੇ ਖੜ੍ਹਾ ਹਾਂ। ਪੰਜਾਬ ਦੇ ਲੋਕ ਵਧਾਈ ਦੇ ਪਾਤਰ ਹਨ। ਲੋਕਾਂ ਨੇ ਇਕ ਵਧੀਆ ਫ਼ੈਸਲਾ ਲੈ ਕੇ ਰਿਵਾਇਤੀ ਸਿਸਟਮ ਨੂੰ ਬਦਲ ਕੇ ਨਵੀਂ ਨੀਂਹ ਰੱਖੀ ਹੈ। ਸਿੱਧੂ ਨੇ ਕਿਹਾ ਕਿ ਲੋਕ ਕਦੇ ਗ਼ਲਤ ਨਹੀਂ ਹੁੰਦੇ, ਲੋਕਾਂ ਦੀ ਆਵਾਜ਼ ਵਿਚ ਪ੍ਰਮਾਤਮਾ ਦੀ ਆਵਾਜ਼ ਹੈ। ਕਾਂਗਸ ਵਿਚ ਮੈਂ ਅਖੀਰ ਤੱਕ ਲੜਦਾ ਰਿਹਾ, ਮਾਫੀਆ ਖ਼ਤਮ ਕਰਨ ਦੀ ਮੰਗ ਕੀਤੀ, ਜਿਸ ’ਤੇ ਹੁਣ ਵੀ ਕਾਇਮ ਹਾਂ।
ਇਹ ਵੀ ਪੜ੍ਹੋ : ‘ਆਪ’ ਦੀ ਬੰਪਰ ਜਿੱਤ ਤੋਂ ਬਾਅਦ ਨਵੀਂ ਸਰਕਾਰ ਦੇ ਗਠਨ ’ਤੇ ਚਰਚਾ ਤੇਜ਼, ਇਹ ਚਿਹਰੇ ਹੋ ਸਕਦੇ ਨੇ ਕੈਬਨਿਟ ਦਾ ਹਿੱਸਾ
ਸਿੱਧੂ ਨੇ ਕਿਹਾ ਕਿ 2017 ਦੀਆਂ ਚੋਣਾਂ ਵਿਚ ਕਾਂਗਰਸ ਨੂੰ ਪੂਰਨ ਬਹੁਮਤ ਮਿਲਿਆ ਪਰ ਇਸ ਦੇ ਬਾਵਜੂਦ ਕੋਈ ਫਾਇਦਾ ਨਹੀਂ ਚੁੱਕਿਆ ਗਿਆ। ਕਾਂਗਰਸ ਨੇ ਇਕ ਡਾਕੂ ਮੁੱਖ ਮੰਤਰੀ ਨੂੰ ਲਗਾ ਦਿੱਤਾ, ਜਿਸ ਦੀ ਬਾਦਲਾਂ ਨਾਲ ਗੁੰਢ ਤੁੱਪ ਸੀ। ਫਿਰ ਮੈਂ ਉਸ ਨੂੰ ਮੁੱਖ ਮੰਤਰੀ ਦੇ ਅਹੁਦੇ ਲਾਹ ਕੇ ਉਸ ਦਾ ਹੰਕਾਰ ਭੰਨ੍ਹ ਦਿੱਤਾ। ਸਿੱਧੂ ਨੇ ਕਿਹਾ ਕਿ ਹੁਣ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਲੋਕਾਂ ਨੇ ਮੌਕਾ ਦਿੱਤਾ ਹੈ। ਜਿਸ ਲਈ ਉਹ ਆਮ ਆਦਮੀ ਪਾਰਟੀ ਨੂੰ ਵਧਾਈ ਦਿੰਦੇ ਹਨ।
ਇਹ ਵੀ ਪੜ੍ਹੋ : ਵਿਧਾਨ ਸਭਾ ਚੋਣਾਂ ’ਚ ਅਕਾਲੀ ਦਲ ਦੀ ਵੱਡੀ ਹਾਰ ਤੋਂ ਬਾਅਦ ਪਾਰਟੀ ’ਚ ਉੱਠੀ ਬਗਾਵਤ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?