ਗੁਰਦਾਸਪੁਰ ਜ਼ਿਲ੍ਹੇ ਅੰਦਰ 1090 ਬੂਥਾਂ 'ਤੇ ਭਲਕੇ ਪੈਣਗੀਆਂ ਵੋਟਾਂ, 882 ਸਰਪੰਚਾਂ ਦੀ ਹੋਵੇਗੀ ਚੋਣ

Monday, Oct 14, 2024 - 06:14 PM (IST)

ਗੁਰਦਾਸਪੁਰ (ਹਰਮਨ)-ਪੰਚਾਇਤ ਚੋਣਾਂ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਜ਼ਿਲ੍ਹੇ ਅੰਦਰ 1090 ਪੋਲਿੰਗ ਬੂਥਾਂ 'ਤੇ 15 ਅਕਤੂਬਰ ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਵੋਟਾਂ ਪੈਣਗੀਆਂ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਉਮਾ ਸ਼ੰਕਰ ਗੁਪਤਾ ਅਤੇ ਏਡੀਸੀ (ਡੀ) ਗੁਰੁਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਜ਼ਿਲ੍ਹੇ ਵਿਚ  ਵੋਟਿੰਗ ਲਈ ਪੋਲਿੰਗ ਸਟਾਫ਼ ਤੇ ਸੁਰੱਖਿਆ ਆਦਿ ਦੇ ਢੁਕਵੇਂ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਪੂਰੀ ਚੋਣ ਪ੍ਰਕਿਰਿਆ ਨੂੰ ਪਾਰਦਰਸ਼ੀ ਅਤੇ ਸ਼ਾਂਤੀਪੂਰਵਕ ਤਰੀਕੇ ਨਾਲ ਨੇਪਰੇ ਚਾੜਿਆ ਜਾ ਸਕੇ।

ਇਹ ਵੀ ਪੜ੍ਹੋ- ਭਲਕੇ ਸਵੇਰੇ 8 ਤੋਂ ਸ਼ਾਮ 4 ਵਜੇ ਤੱਕ ਪੈਣਗੀਆਂ ਵੋਟਾਂ

ਉਨ੍ਹਾਂ ਦੱਸਿਆ ਗੁਰਦਾਸਪੁਰ ਜ਼ਿਲ੍ਹੇ ਦੇ ਵੱਖ-ਵੱਖ ਪੋਲਿੰਗ ਕੇਂਦਰਾਂ ਤੋਂ ਪੋਲਿੰਗ ਪਾਰਟੀਆਂ ਨੂੰ ਰਵਾਨਾ ਕੀਤਾ ਗਿਆ ਹੈ ਅਤੇ ਪੋਲਿੰਗ ਬੂਥਾਂ 'ਤੇ ਵੋਟਰਾਂ ਦੀ ਸਹੂਲਤ ਲਈ ਪਾਣੀ ਤੇ ਬਿਜਲੀ ਆਦਿ ਦੇ ਸੁਚਾਰੂ ਢੰਗ ਨਾਲ ਪ੍ਰਬੰਧ ਕੀਤੇ ਗਏ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਕੁੱਲ 1279 ਪੰਚਾਇਤਾਂ ਹਨ ਅਤੇ 397 ਪੰਚਾਇਤਾਂ ਜਿਨ੍ਹਾਂ ਵਿੱਚ ਸਰਬਸੰਮਤੀ ਹੋ ਗਈ ਹੈ। ਉਨ੍ਹਾਂ ਦੱਸਿਆ ਕਿ 882 ਪੰਚਾਇਤਾਂ ਲਈ ਵੋਟਿੰਗ ਹੋਵੇਗੀ, ਜਿਸ ਲਈ 1090 ਪੋਲਿੰਗ ਬੂਥ ਬਣਾਏ ਗਏ ਹਨ। ਇਨ੍ਹਾਂ ਵਿੱਚੋਂ 431 ਸੰਵੇਦਨਸ਼ੀਲ, 77 ਅਤਿ ਸੰਵੇਦਨਸ਼ੀਲ ਅਤੇ 582 ਨਾਰਮਲ ਪੋਲਿੰਗ ਬੂਥ ਹਨ।

ਇਹ ਵੀ ਪੜ੍ਹੋ-  ਤਰਨਤਾਰਨ ਵਿਖੇ 252 ਪਿੰਡਾਂ 'ਚ ਹੋਵੇਗੀ ਪੰਚਾਇਤੀ ਚੋਣ, ਸਖ਼ਤ ਹਦਾਇਤਾਂ ਜਾਰੀ

ਲੋਕ ਆਪਣੇ ਜ਼ਮਹੂਰੀ ਹੱਕ ਦੀ ਵਰਤੋਂ ਬਿਨ੍ਹਾਂ ਕਿਸੇ ਲਾਲਚ, ਡਰ-ਭੈਅ ਤੋਂ ਕਰਨ ਤਾਂ ਜੋ ਲੋਕਤੰਤਰ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ। ਉਨ੍ਹਾਂ ਇਹ ਵੀ ਦੱਸਿਆ ਕਿ ਵੋਟਾਂ ਪੈਣ ਦਾ ਕੰਮ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗਾ ਜਿਸ ਉਪਰੰਤ ਮੌਕੇ ਉੱਪਰ ਹੀ ਗਿਣਤੀ ਕਰਕੇ ਨਤੀਜੇ ਦਾ ਐਲਾਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਸਮੂਹ ਉੱਪ ਮੰਡਲ ਮੈਜਿਸਟਰੇਟਾਂ ਨੂੰ ਹਦਾਇਤਾਂ ਕੀਤੀਆਂ ਜਾ ਚੁੱਕੀਆਂ ਹਨ ਕਿ ਸੰਵੇਦਨਸ਼ੀਲ ਅਤੇ ਅਤਿ ਸੰਵੇਦਨਸ਼ੀਲ ਪੋਲਿੰਗ ਬੂਥਾਂ 'ਤੇ ਵੀਡੀਓਗ੍ਰਾਫੀ ਕਰਵਾਈ ਜਾਵੇ। ਉਨ੍ਹਾਂ ਦੱਸਿਆ ਫਲਾਇੰਗ ਸਕੁਐਡ ਟੀਮਾਂ ਨਾਲ ਵੀ ਵੀਡੀਓਗ੍ਰਾਫ ਤਾਇਨਾਤ ਕੀਤਾ ਗਿਆ ਹੈ, ਜੋ ਬਲਾਕ ਵਿੱਚ ਵੀਡੀਓਗ੍ਰਾਫੀ ਕਰਨਗੇ। ਉਨਾਂ ਇਹ ਵੀ ਦੱਸਿਆ ਕਿ ਜੇਕਰ ਕਿਸੇ ਵੋਟਰ ਕੋਲ ਵੋਟ ਪਾਉਣ ਸਮੇਂ ਆਪਣੀ ਸ਼ਨਾਖਤ ਲਈ ਐਪਿਕ ਵੋਟਰ ਸ਼ਨਾਖ਼ਤੀ ਕਾਰਡ ਮੌਜੂਦ ਨਹੀਂ ਹੈ ਤਾਂ ਉਹ ਵੋਟਰ ਹੋਰ ਕਿਸੇ ਵੀ ਡਾਕੂਮੈਂਟ ਜਿਵੇਂ ਕਿ ਪਾਸਪੋਰਟ, ਪੈਨਸ਼ਨ ਕਾਰਡ, ਯੂ.ਡੀ.ਆਈ.ਡੀ, ਪਾਸਬੁੱਕ, ਮਨਰੇਗਾ ਕਾਰਡ, ਡਰਾਈਵਿੰਗ ਲਾਇਸੰਸ, ਸਰਵਿਸ ਆਈ ਕਾਰਡ, ਆਫੀਸ਼ੀਅਲ ਆਈ.ਡੀ ਕਾਰਡ, ਆਧਾਰ ਕਾਰਡ, ਪੈਨ ਕਾਰਡ, ਹੈਲਥ ਇਨਸ਼ੋਰੈਂਸ ਕਾਰਡ ਅਤੇ ਸਮਾਰਟ ਕਾਰਡ ਸਬੰਧਤ ਅਧਿਕਾਰੀ ਨੂੰ ਦਿਖਾ ਕੇ ਆਪਣੀ ਵੋਟ ਪਾ ਸਕਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


Shivani Bassan

Content Editor

Related News