ਚੋਣ ਡਿਊਟੀ ਤੋਂ ਗੈਰ-ਹਾਜ਼ਰ ਮੁਲਾਜ਼ਮਾਂ ''ਤੇ ਹੋਵੇਗੀ ਕਾਰਵਾਈ
Tuesday, May 14, 2019 - 12:05 AM (IST)

ਹੁਸ਼ਿਆਰਪੁਰ,(ਘੁੰਮਣ): ਚੋਣ ਡਿਊਟੀ ਤੋਂ ਗੈਰ-ਹਾਜ਼ਰ ਮੁਲਾਜ਼ਮਾਂ 'ਤੇ ਕਾਰਵਾਈ ਤੈਅ ਹੈ। ਅਜਿਹੇ ਮੁਲਾਜ਼ਮਾਂ 'ਤੇ ਪੁਲਸ ਕੇਸ ਦਰਜ ਕੀਤੇ ਜਾਣਗੇ। ਇਹ ਕਹਿਣਾ ਹੈ ਐਕਸਾਈਜ਼ ਐਂਡ ਟੈਕਸੇਸ਼ਨ ਕਮਿਸ਼ਨਰ-ਕਮ-ਚੋਣ ਰਜਿਸਟਰੇਸ਼ਨ ਅਫ਼ਸਰ 44 ਚੱਬੇਵਾਲ ਅਵਤਾਰ ਸਿੰਘ ਕੰਗ ਦਾ। ਉਨ੍ਹਾਂ ਕਿਹਾ ਕਿ ਚੋਣ ਡਿਊਟੀ ਤੋਂ ਗੈਰ-ਹਾਜ਼ਰ ਅਧਿਕਾਰੀਆਂ ਤੇ ਕਰਮਚਾਰੀਆਂ ਖਿਲਾਫ਼ ਆਰ. ਪੀ. ਏ. ਐਕਟ 1951 ਦੀ ਧਾਰਾ 135 ਤਹਿਤ ਪੁਲਸ ਕੇਸ ਦਰਜ ਕੀਤਾ ਜਾਵੇਗਾ।
ਕੰਗ ਨੇ ਕਿਹਾ ਕਿ ਭਾਰਤ ਦੇ ਚੋਣ ਕਮਿਸ਼ਨਰ ਨੇ ਹੁਕਮ ਦਿੱਤੇ ਹਨ ਕਿ ਚੋਣਾਂ ਦੌਰਾਨ ਕਿਸੇ ਵੀ ਤਰ੍ਹਾਂ ਦੀ ਲਾਪ੍ਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਜ਼ਿਲਾ ਚੋਣ ਅਫਸਰ ਤੇ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਦਾ ਨਿਰਦੇਸ਼ ਹੈ ਕਿ ਜੋ ਵੀ ਅਧਿਕਾਰੀ ਜਾਂ ਕਰਮਚਾਰੀ ਡਿਊਟੀ ਤੋਂ ਗੈਰ-ਹਾਜ਼ਰ ਪਾਇਆ ਜਾਂਦਾ ਹੈ ਤਾਂ ਉਸ 'ਤੇ ਕਾਰਵਾਈ ਕੀਤੀ ਜਾਵੇ। ਹੁਣ ਜਿਨ੍ਹਾਂ ਕਰਮਚਾਰੀਆਂ ਨੂੰ ਸ਼ੋਅਕਾਜ਼ ਨੋਟਿਸ ਜਾਰੀ ਕੀਤੇ ਗਏ ਹਨ। ਉਨ੍ਹਾਂ ਨੂੰ ਨਿਰਧਾਰਿਤ ਸਮੇਂ 'ਤੇ ਚੋਣ ਅਧਿਕਾਰੀ ਨੂੰ ਆਪਣੀ ਗੈਰ-ਹਾਜ਼ਰੀ ਦਾ ਕਾਰਨ ਦੱਸ ਕੇ ਸੰਤੁਸ਼ਟ ਕਰਨਾ ਪਵੇਗਾ, ਨਹੀਂ ਤਾਂ ਉਨ੍ਹਾਂ ਖਿਲਾਫ਼ ਪ੍ਰਸ਼ਾਸਨਕ ਕਾਰਵਾਈ ਕੀਤੀ ਜਾਵੇਗੀ।