ਚੋਣ ਕਮਿਸ਼ਨ ਦੇ ਨੋਟਿਸ ਦਾ ਪੰਜਾਬ ਸਰਕਾਰ ਨੇ ਦਿੱਤਾ ਜਵਾਬ

06/11/2019 6:13:51 PM

ਚੰਡੀਗੜ੍ਹ : ਲੋਕ ਸਭਾ ਚੋਣਾਂ ਦੌਰਾਨ ਤਬਾਦਲੇ ਦੇ ਬਾਵਜੂਦ ਕੁੰਵਰ ਵਿਜੇ ਪ੍ਰਤਾਪ ਦੇ ਸਿੱਟ ਦੀ ਜਾਂਚ 'ਚ ਸ਼ਾਮਲ ਰਹਿਣ ਤੋਂ ਬਾਅਦ ਚੋਣ ਕਮੀਸ਼ਨ ਵਲੋਂ ਭੇਜੇ ਗਏ ਨੋਟਿਸ ਦਾ ਪੰਜਾਬ ਸਰਕਾਰ ਨੇ ਜਵਾਬ ਦਿੱਤਾ ਹੈ। ਪੰਜਾਬ ਸਰਕਾਰ ਨੇ ਜਵਾਬ ਦਿੰਦਿਆਂ ਕਿਹਾ ਹੈ ਕਿ ਸਰਕਾਰ ਵਲੋਂ ਚੋਣ ਕਮਿਸ਼ਨ ਦੇ ਹੁਕਮਾਂ ਦੀ ਪਾਲਣਾ ਕੀਤੀ ਗਈ ਹੈ ਅਤੇ ਚੋਣ ਜ਼ਾਬਤੇ ਦੌਰਾਨ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਮੀਡੀਆ ਵਿਚ ਕੋਈ ਬਿਆਨ ਦਿੱਤਾ ਅਤੇ ਨਾ ਹੀ ਕੋਈ ਅਜਿਹੀ ਕਾਰਵਾਈ ਕੀਤੀ ਜਿਸ ਨਾਲ ਚੋਣ ਜ਼ਾਬਤੇ ਜਾਂ ਚੋਣ ਕਮਿਸ਼ਨ ਦੇ ਨਿਯਮਾਂ ਦੀ ਉਲੰਘਣਾ ਹੋਵੇ। 

ਦੱਸਣਯੋਗ ਹੈ ਕਿ ਅਕਾਲੀ ਦਲ ਦੀ ਸ਼ਿਕਾਤਿ 'ਤੇ ਲੰਘੀ 7 ਜੂਨ ਨੂੰ ਚੋਣ ਕਮੀਸ਼ਨ ਨੇ ਪੰਜਾਬ ਸਰਕਾਰ ਨੂੰ ਨੋਟਿਸ ਭੇਜ ਕੇ ਜਵਾਬ ਮੰਗਿਆ ਹੈ। ਇਸ ਨੋਟਿਸ ਵਿਚ ਪੁੱਛਿਆ ਗਿਆ ਸੀ ਕਿ ਤਬਾਦਲੇ ਦੇ ਬਾਵਜੂਦ ਕੁੰਵਰ ਵਿਜੇ ਪ੍ਰਤਾਪ ਨੇ ਸਿੱਟ ਦਾ ਹਿੱਸਾ ਬਣ ਕੇ ਕੰਮ ਕਿਵੇਂ ਕੀਤਾ। ਦਰਅਸਲ ਅਕਾਲੀ ਦਲ ਵਲੋਂ ਬੀਤੇ ਦਿਨੀਂ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਗਈ ਸੀ ਕਿ ਚੋਣ ਕਮਿਸ਼ਨ ਦੇ ਹੁਕਮਾਂ ਦੇ ਬਾਵਜੂਦ ਕੁੰਵਰ ਵਿਜੇ ਪ੍ਰਤਾਪ ਨਾ ਸਿਰਫ ਸਿੱਟ ਦੀਆਂ ਮੀਟਿੰਗ ਵਿਚ ਸ਼ਾਮਲ ਹੁੰਦੇ ਰਹੇ ਸਗੋਂ ਉਹ ਜਾਂਚ ਦਾ ਹਿੱਸਾ ਵੀ ਬਣਦੇ ਰਹੇ ਹਨ। 

ਇਹ ਵੀ ਦੱਸਣਯੋਗ ਹੈ ਕਿ ਅਕਾਲੀ ਦਲ ਦੇ ਰਾਜ ਸਭਾ ਮੈਂਬਰ ਨਰੇਸ਼ ਗੁਜਰਾਲ ਦੀ ਸ਼ਿਕਾਇਤ 'ਤੇ 8 ਅਪ੍ਰੈਲ ਨੂੰ ਚੋਣ ਕਮਿਸ਼ਨ ਨੇ ਕੁੰਵਰ ਵਿਜੇ ਪ੍ਰਤਾਪ ਦੀ ਸਿੱਟ 'ਚੋਂ ਛੁੱਟੀ ਕਰ ਦਿੱਤੀ ਸੀ ਅਤੇ ਉਨ੍ਹਾਂ ਨੂੰ ਆਈ. ਜੀ. ਕਾਊਂਟਰ ਇੰਟੈਲੀਜੈਂਸ ਤਾਇਨਾਤ ਕੀਤਾ ਗਿਆ ਸੀ ਪਰ ਇਸ ਦੇ ਉਲਟ ਕੁੰਵਰ ਵਿਜੇ ਪ੍ਰਤਾਪ ਸਿੱਟ ਦੀ ਜਾਂਚ ਵਿਚ ਸ਼ਾਮਲ ਰਹਿਣ ਦਾ ਮਾਮਲਾ ਕਾਫੀ ਗਰਮਾ ਗਿਆ ਸੀ, ਜਿਸ 'ਤੇ ਅਕਾਲੀ ਦਲ ਨੇ ਮੁੜ ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰਕੇ ਇਸ ਵਿਚ ਦਖਲ ਅੰਦਾਜ਼ੀ ਦੀ ਮੰਗ ਕੀਤੀ ਸੀ।


Gurminder Singh

Content Editor

Related News