85 ਸਾਲਾ ਬਜ਼ੁਰਗ ਔਰਤ ਨੂੰ ਜਬਰ-ਜ਼ਨਾਹ ਤੋਂ ਬਾਅਦ ਕਤਲ ਕਰਨ ਵਾਲਾ ਗ੍ਰਿਫਤਾਰ
Friday, Mar 22, 2019 - 06:25 PM (IST)

ਗੁਰਦਾਸਪੁਰ (ਵਿਨੋਦ) : ਭੈਣੀ ਮੀਆ ਖਾਂ ਪੁਲਸ ਸਟੇਸ਼ਨ ਦੇ ਇਕ ਪਿੰਡ 'ਚ 20 ਮਾਰਚ ਨੂੰ ਇਕ 85 ਸਾਲਾ ਬਜ਼ੁਰਗ ਔਰਤ ਨਾਲ ਜਬਰ-ਜ਼ਨਾਹ ਕਰ ਕੇ ਉਸ ਦੀ ਹੱਤਿਆ ਕਰਨ ਵਾਲੇ ਪ੍ਰਵਾਸੀ ਮਜ਼ਦੂਰ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਵਾਰਦਾਤ ਤੋਂ ਬਾਅਦ ਦੋਸ਼ੀ ਫਰਾਰ ਸੀ। ਜ਼ਿਲਾ ਪੁਲਸ ਮੁਖੀ ਗੁਰਦਾਸਪੁਰ ਸਵਰਨਦੀਪ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭੈਣੀ ਮੀਆ ਖਾਂ ਪੁਲਸ ਸਟੇਸ਼ਨ ਦੇ ਇਕ ਪਿੰਡ 'ਚ ਇਕ 85 ਸਾਲਾ ਵਿਧਵਾ ਔਰਤ ਘਰ 'ਚ ਇਕੱਲੀ ਰਹਿੰਦੀ ਸੀ ਅਤੇ ਉਸ ਦੇ ਬੇਟੇ ਪਿੰਡ 'ਚ ਹੀ ਵੱਖਰੇ ਰਹਿੰਦੇ ਸਨ।
20 ਮਾਰਚ ਨੂੰ ਜਦੋਂ ਇਕ ਬੇਟਾ ਆਪਣੀ ਮਾਂ ਨੂੰ ਸਵੇਰੇ ਖਾਣਾ ਆਦਿ ਦੇਣ ਲਈ ਆਇਆ ਤਾਂ ਉਸ ਦੀ ਮਾਂ ਮਰੀ ਪਈ ਸੀ। ਸੂਚਨਾ ਮਿਲਦੇ ਹੀ ਪੁਲਸ ਪਾਰਟੀ ਨੇ ਮੌਕੇ 'ਤੇ ਜਾ ਕੇ ਜਾਂਚ ਕੀਤੀ ਤਾ ਪਾਇਆ ਕਿ ਬਜ਼ੁਰਗ ਔਰਤ ਨਾਲ ਕਿਸੇ ਨੇ ਜਬਰ-ਜ਼ਨਾਹ ਕਰਕੇ ਉਸ ਦੀ ਗਲਾ ਘੁੱਟ ਕੇ ਹੱਤਿਆ ਕੀਤੀ ਸੀ। ਮੌਕੇ 'ਤੇ ਪਾਏ ਗਏ ਕੁਝ ਸਬੂਤਾਂ ਦੇ ਆਧਾਰ 'ਤੇ ਦੋਸ਼ੀ ਦੀ ਪਹਿਚਾਣ ਸਤਿੰਦਰ ਰਾਊਤ ਪੁੱਤਰ ਰਾਮ ਦੇਵ ਨਿਵਾਸੀ ਗਡਹੇਇਆਂ ਡੁਮਰਿਆ ਜ਼ਿਲਾ ਸਰਲਾਹੀ ਹਾਲ ਨਿਵਾਸੀ ਟਿਊਬਵੈਲ ਸੀਤਲ ਸਿੰਘ ਦੇ ਰੂਪ 'ਚ ਹੋਈ ਸੀ ਪਰ ਦੋਸ਼ੀ ਘਟਨਾ ਵਾਲੇ ਦਿਨ ਤੋਂ ਹੀ ਫਰਾਰ ਸੀ।
ਭੈਣੀ ਮੀਆ ਖਾਂ ਪੁਲਸ ਸਟੇਸ਼ਨ ਇੰਚਾਰਜ ਹਰਕੀਰਤ ਸਿੰਘ ਪੁਲਸ ਪਾਰਟੀ ਦੇ ਨਾਲ ਗਸ਼ਤ ਕਰ ਰਹੇ ਸਨ ਤਾਂ ਕਿਸੇ ਨੇ ਪੁਲਸ ਨੂੰ ਸੂਚਨਾ ਦਿੱਤੀ ਕਿ ਉਕਤ ਮੁਲਜ਼ਮ ਪਿੰਡ ਝੰਡਾ ਲੁਭਾਣਾ ਬੱਸ ਅੱਡੇ 'ਤੇ ਖੜ੍ਹਾ ਹੈ ਅਤੇ ਬੱਸ ਦੀ ਉਡੀਕ ਕਰ ਰਿਹਾ ਹੈ। ਸੂਚਨਾ ਦੇ ਆਧਾਰ 'ਤੇ ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਝੰਡਾ ਲੁਭਾਣਾ ਬੱਸ ਅੱਡੇ ਤੋਂ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ।