ਈ. ਜੀ. ਐੱਸ. ਅਧਿਆਪਕਾਂ ਦਾ ਘਰ ਦਾ ਚੁੱਲ੍ਹਾ ਚਲਾਉਣਾ ਹੋਇਆ ਔਖਾ
Tuesday, May 12, 2020 - 12:37 AM (IST)

ਚੰਡੀਗੜ੍ਹ, (ਰਮਨਜੀਤ)- ਸਾਲ 2003 ਤੋਂ ਸਿੱਖਿਆਂ ਵਿਭਾਗ ’ਚ ਬਤੌਰ ਈ. ਜੀ. ਐੱਸ. ਅਧਿਆਪਕਾਂ ਦਾ ਘਰ ਦਾ ਚੁੱਲ੍ਹਾ ਚਲਾਉਣਾ ਬਹੁਤ ਔਖਾ ਹੋ ਗਿਆ ਹੈ, ਇਸ ਗੱਲ ਦਾ ਪ੍ਰਗਟਾਵਾ ਈ. ਜੀ. ਐੱਸ/ਏ. ਆਈ. ਈ/ਐੱਸ. ਟੀ. ਆਰ. ਅਧਿਆਪਕ ਯੂਨੀਅਨ ਦੇ ਸੂਬਾਈ ਆਗੂ ਗੋਗਾ ਰਾਣੀ, ਨਿਸ਼ਾਂਤ ਕਪੂਰਥਲਾ, ਕੁਲਬੀਰ ਅਬੋਹਰ, ਸਵਰਨਾ ਦੇਵੀ ਬਠਿੰਡਾ, ਜਸ਼ਨਜੋਤ ਰੋਪੜ, ਅਰਾਧਨਾ ਫਰੀਦਕੋਟ ਅਤੇ ਰੋਹਿਤ ਪਟਿਆਲਾ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕੀਤਾ ਹੈ ਕਿ ਅਕਾਲੀ ਭਾਜਪਾ ਸਰਕਾਰ ਦੌਰਾਨ ਸਾਡੀ ਯੂਨੀਅਨ ਵਲੋਂ ਧਰਨੇ ਪ੍ਰਦਰਸ਼ਨ ਕੀਤੇ ਗਏ ਸਨ। ਉਸ ਵੇਲੇ ਸਾਡੇ ਮੋਹਾਲੀ ਧਰਨੇ 'ਚ ਕੈ. ਅਮਰਿੰਦਰ ਸਿੰਘ ਖੁਦ ਉਨ੍ਹਾਂ ਕੋਲ ਆਏ ਸਨ ਅਤੇ ਉਨ੍ਹਾਂ ਦੀਆਂ ਮੰਗਾਂ ਦਾ ਸਮਰਥਨ ਕੀਤਾ ਸੀ ਅਤੇ ਭਰੋਸਾ ਦਿਵਾਇਆ ਸੀ ਕਿ ਸਾਡੀ ਸਰਕਾਰ ਆਉਣ ਤੇ ਪਹਿਲੀ ਕੈਬਨੇਟ ’ਚ ਉਨ੍ਹਾਂ ਨੂੰ ਰੈਗੂਲਰ ਕੀਤਾ ਜਾਵੇਗਾ ਪਰ ਅਫ਼ਸੋਸ ਵਾਲੀ ਗੱਲ ਹੈ ਕਿ ਸੂਬੇ ’ਚ ਕਾਂਗਰਸ ਸਰਕਾਰ ਦਾ 3 ਸਾਲ ਦਾ ਕਾਰਜਕਾਲ ਬੀਤ ਗਿਆ ਹੈ ਪਰ ਕੈਪਟਨ ਸਰਕਾਰ ਨੇ ਆਪਣਾ ਵਾਅਦਾ ਪੂਰਾ ਨਹੀ ਕੀਤਾ। ਉਨ੍ਹਾਂ ਦੱਸਿਆ ਕਿ ਸਕੂਲ ਟਾਈਮ ਤੋਂ ਬਾਅਦ ਉਨ੍ਹਾਂ ਦੇ ਸਾਥੀ ਆਪਣੇ ਘਰ ਦਾ ਖਰਚਾ ਚਲਾਉਣ ਦੇ ਲਈ ਕੋਈ ਸਹਾਇਕ ਕੰਮ ਧੰਦਾ ਕਰਦੇ ਸਨ ਪਰ ਹੁਣ ਸੂਬੇ ’ਚ ਕੋਰੋਨਾ ਵਾਇਰਸ ਦੇ ਵਧਦੇ ਕਹਿਰ ਕਾਰਨ ਤਾਲਾਬੰਦੀ ਐਲਾਨ ਹੋਣ ਕਾਰਨ ਸਾਰੇ ਕੰਮ ਠੱਪ ਪਏ ਹਨ, ਜਿਸ ਕਰਕੇ ਘਰਾਂ ਦਾ ਚੁੱਲ੍ਹਾ ਚਲਾਉਣਾ ਬਹੁਤ ਔਖਾ ਹੋ ਗਿਆ ਹੈ। ਉਨ੍ਹਾਂ ਕਿਹਾ ਹੈ ਕਿ 30 ਸਤੰਬਰ, 2019 ਨੂੰ ਸਾਡੀ ਇਕ ਪੈਨਲ ਮੀਟਿੰਗ ਵਿਧਾਨ ਸਭਾ ’ਚ ਸਿੱਖਿਆ ਮੰਤਰੀ ਪੰਜਾਬ ਨਾਲ ਹੋਈ ਸੀ ਅਤੇ ਇਹ ਫੈਸਲਾ ਹੋਇਆ ਸੀ ਕਿ ਵਿਧਾਨਸਭਾ ’ਚ ਬਹੁਤ ਜਲਦ ਬਿਲ ਲਿਆ ਕੇ ਪ੍ਰੀ-ਪ੍ਰਾਇਮਰੀ ਦੀਆਂ ਪੋਸਟਾਂ ਕ੍ਰੀਏਟ ਕੀਤੀਆਂ ਜਾਣਗੀਆਂ ਅਤੇ ਐੱਨ. ਟੀ. ਟੀ. ਕੋਰਸ ਖਤਮ ਹੋਣ ਉਪਰੰਤ ਸਾਰੀ ਵਲੰਟੀਅਰਜ਼ ਕੈਟਾਗਿਰੀ ਨੂੰ ਉਨ੍ਹਾਂ ਪੋਸਟਾਂ ’ਤੇ ਰੈਗੂਲਰ ਕੀਤਾ ਜਾਵੇਗਾ ਪਰ ਇਕ ਵਾਰ ਫੇਰ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਸਾਡੇ ਨਾਲ ਧੋਖਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਵਿਧਾਨਸਭਾ 'ਚ ਕੋਈ ਵੀ ਇਹੋ ਜਿਹਾ ਬਿਲ ਲੈ ਕੇ ਨਹੀ ਆਈ ਜਿਸ ਨਾਲ ਫੇਰ ਅਧਿਆਪਕਾਂ ਦੀਆ ਆਸਾਂ ’ਤੇ ਪਾਣੀ ਫਿਰਦਾ ਦਿਖਾਈ ਦੇ ਰਿਹਾ ਹੈ। ਉਨ੍ਹਾਂ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਸਰਕਾਰ ਸਾਡਾ ਇਤਿਹਾਸ ਨਾ ਭੁੱਲੇ। ਇਹ ਉਹ ਯੂਨੀਅਨ ਹੈ ਜੋ ਕਦੇ ਵੀ ਕੋਈ ਵੀ ਕੁਰਬਾਨੀ ਦੇਣ ਤੋਂ ਪਿਛੇ ਨਹੀ ਹਟਦੀ। ਉਨ੍ਹਾਂ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਸਰਕਾਰ ਸਾਨੂੰ ਸੜਕਾਂ ’ਤੇ ਆਉਣ ਲਈ ਮਜਬੂਰ ਨਾ ਕਰੇ, ਨਹੀਂ ਤਾਂ ਨੁਕਸਾਨ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੋਵੇਗੀ।