ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਵਿਗਿਆਨ ਤੇ ਇਤਿਹਾਸ ਨਾਲ ਜੋੜਨਗੀਆਂ ਵਿੱਦਿਅਕ ਯਾਤਰਾਵਾਂ
Thursday, Nov 21, 2024 - 05:38 AM (IST)
ਲੁਧਿਆਣਾ (ਵਿੱਕੀ) - ਸਟੇਟ ਕੌਂਸਲ ਫਾਰ ਰਿਸਰਚ ਐਂਡ ਟ੍ਰੇਨਿੰਗ (ਐੱਸ. ਸੀ. ਈ. ਆਰ. ਟੀ.) ਪੰਜਾਬ ਨੇ ਇਕ ਇਤਿਹਾਸਕ ਪਹਿਲ ਕਰਦਿਆਂ 8ਵੀਂ ਜਮਾਤ ਦੇ ਵਿਦਿਆਰਥੀਆਂ ਲਈ ਰਾਜ ਦੀਆਂ ਵਿਗਿਆਨ ਅਤੇ ਇਤਿਹਾਸਕ ਵਿਰਾਸਤਾਂ ਨਾਲ ਜੁੜੀਆਂ ਥਾਵਾਂ ਦੀਆਂ ਵਿੱਦਿਅਕ ਯਾਤਰਾਵਾਂ ਕਰਨ ਦਾ ਫੈਸਲਾ ਲਿਆ ਹੈ।
ਸਾਰੇ ਜ਼ਿਲਾ ਸਿੱਖਿਆ ਅਧਿਕਾਰੀਆਂ ਨੂੰ ਇਸ ਯੋਜਨਾ ਨੂੰ ਅਸਰਦਾਰ ਢੰਗ ਨਾਲ ਲਾਗੂ ਕਰਨ ਦੇ ਵਿਸਥਾਰਤ ਨਿਰਦੇਸ਼ ਜਾਰੀ ਕੀਤੇ ਹਨ। 2024-25 ਵਿੱਦਿਅਕ ਸੈਸ਼ਨ ਦੌਰਾਨ ਵਿਦਿਆਰਥੀਆਂ ਨੂੰ ਪੰਜਾਬ ਦੀਆਂ ਮਹੱਤਵਪੂਰਨ ਥਾਵਾਂ ਜਿਵੇਂ ਸਾਇੰਸ ਸਿਟੀ, ਜੰਗ-ਏ-ਆਜ਼ਾਦੀ ਮੈਮੋਰੀਅਲ, ਲਾਇਬ੍ਰੇਰੀ, ਆਰਟ ਗੈਲਰੀ, ਡੈਮ, ਬੋਟੈਨੀਕਲ ਗਾਰਡਨ, ਚਿੜੀਆਘਰ ਅਤੇ ਪੁਰਾਤਤਵ ਥਾਵਾਂ ਦਾ ਦੌਰਾ ਕਰਵਾਇਆ ਜਾਵੇਗਾ।
ਇਨ੍ਹਾਂ ਯਾਤਰਾਵਾਂ ਦਾ ਮਕਸਦ ਵਿਦਿਆਰਥੀਆਂ ਨੂੰ ਆਪਣੇ ਸੂਬੇ ਦੀ ਵਿਗਿਆਨ ਅਤੇ ਸੱਭਿਆਚਾਰ ਨਾਲ ਜੁੜਨ ਦਾ ਮੌਕਾ ਦੇਣਾ ਹੈ। ਸਾਰੇ ਜ਼ਿਲਾ ਸਿੱਖਿਆ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਇਹ ਯਾਤਰਾ ਯੋਜਨਾ 20 ਦਸੰਬਰ ਤੱਕ ਪੂਰੀਆਂ ਹੋਣ ਅਤੇ ਇਸ ਦੇ ਖਰਚ ਦੇ ਸਰਟੀਫਿਕੇਟ ਮੁੱਖ ਦਫਤਰ ’ਚ ਜਮ੍ਹਾ ਕਰਵਾਉਣਗੇ ਹੋਣਗੇ।
ਹਰ ਵਿਦਿਆਰਥੀ ਲਈ 500 ਰੁਪਏ ਦਾ ਫੰਡ
ਇਸ ਯੋਜਨਾ ਲਈ ਸੂਬਾ ਸਰਕਾਰ ਨੇ ਪ੍ਰਤੀ ਵਿਦਿਆਰਥੀ 500 ਰੁਪਏ ਦਾ ਫੰਡ ਨਿਰਧਾਰਿਤ ਕੀਤਾ ਹੈ, ਜਿਸ ਨੂੰ ਟ੍ਰਾਂਸਪੋਰਟ, ਭੋਜਨ ਅਤੇ ਹੋਰ ਲੋੜਾਂ ’ਤੇ ਖਰਚ ਕੀਤਾ ਜਾਵੇਗਾ। ਲੁਧਿਆਣਾ ਦੇ 21,752 ਬੱਚਿਆਂ ਲਈ 1.08 ਕਰੋੜ ਰੁਪਏ ਦਾ ਫੰਡ ਜਾਰੀ ਕੀਤਾ ਗਿਆ ਹੈ। ਕੁੱਲ 10.3 ਕਰੋੜ ਰੁਪਏ ਦਾ ਫੰਡ ਜਾਰੀ ਕੀਤਾ ਗਿਆ ਹੈ।
ਸੁਰੱਖਿਆ ਅਤੇ ਸੰਚਾਲਨ ਦੇ ਦਿਸ਼ਾ-ਨਿਰਦੇਸ਼
- ਸਿਰਫ ਸੁਰੱਖਿਅਤ ਅਤੇ ਮਾਨਤਾ ਪ੍ਰਾਪਤ ਵਾਹਨਾਂ ਨੂੰ ਕਿਰਾਏ ’ਤੇ ਲਿਆ ਜਾਵੇ।
- ਵਿਦਿਆਰਥੀ ਸਕੂਲ ਯੂਨੀਫਾਰਮ ’ਚ ਸਫਰ ਕਰਨਗੇ।
- ਹਰ ਸਫਰ ’ਚ ਢੁੱਕਵੀਂ ਗਿਣਤੀ ਵਿਚ ਅਧਿਆਪਕ ਮੌਜੂਦ ਹੋਣ ਅਤੇ ਮਹਿਲਾ ਅਧਿਆਪਕਾਂ ਦੀ ਡਿਊਟੀ ਲੜਕੀਆਂ ਨਾਲ ਜ਼ਰੂਰੀ ਤੌਰ ’ਤੇ ਲਾਈ ਜਾਵੇ।
- ਮਾਤਾ-ਪਿਤਾ ਤੋਂ ਸਹਿਮਤੀ ਪੱਤਰ (ਐੱਨ. ਓ. ਸੀ.) ਪ੍ਰਾਪਤ ਕਰਨਾ ਜ਼ਰੂਰੀ ਹੋਵੇਗਾ।
- ਫਸਟ-ਏਡ ਕਿੱਟ ਹਰ ਸਮੇਂ ਨਾਲ ਹੋਵੇ।
- ਖਰਾਬ ਮੌਸਮ ’ਚ ਯਾਤਰਾਵਾਂ ਰੱਦ ਕਰ ਦਿੱਤੀਆਂ ਜਾਣ।