ਸਿੱਖਿਆ ਮੰਤਰੀ ਦੇ ਦਾਅਵਿਆਂ ਦੀ ਪੋਲ ਖੋਲਦਾ 'ਸਰਕਾਰੀ ਸਕੂਲ'(ਵੀਡੀਓ)
Tuesday, Dec 04, 2018 - 07:08 PM (IST)
ਮੋਗਾ (ਵਿਪਨ)—ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਚਾਹੇ ਪੰਜਾਬ ਸਰਕਾਰ ਵੱਡੇ-ਵੱਡੇ ਦਾਅਵੇ ਕਰ ਰਹੀ ਹੈ, ਪਰ ਜ਼ਮੀਨੀ ਹਕੀਕਤ ਕੁਝ ਹੋਰ ਹੀ ਬਿਆਨ ਕਰ ਰਹੀ ਹੈ। ਇਸ ਤਰ੍ਹਾਂ ਦੇਖਣ ਨੂੰ ਮਿਲਿਆ ਹੈ ਮੋਗਾ ਦੇ ਪਿੰਡ ਮੰਡੀਰਾ ਵਾਲਾ ਦੇ ਸਰਕਾਰੀ ਸੈਕੰਡਰੀ ਸਕੂਲ 'ਚ। ਜਿੱਥੇ ਸਾਲ 2016 ਦੀ ਬਿਲਡਿੰਗ ਨੂੰ ਅਸੁਰੱਖਿਅਤ ਘੋਸ਼ਿਤ ਕਰ ਦਿੱਤਾ ਗਿਆ ਸੀ, ਪਰ ਹੁਣ ਤੱਕ ਇਸ ਸਕੂਲ 'ਚ ਸਰਕਾਰ ਵਲੋਂ ਨਵੇਂ ਕਮਰੇ ਬਣਾਉਣ ਲਈ ਕੋਈ ਗ੍ਰਾਂਟ ਜਾਰੀ ਨਹੀਂ ਕੀਤੀ ਗਈ। ਜਿਸ ਕਾਰਨ ਪਿਛਲੇ ਦੋ ਸਾਲਾਂ ਤੋਂ ਬੱਚੇ ਗਰਮੀ ਅਤੇ ਸਰਦੀ 'ਚ ਖੁੱਲ੍ਹੇ ਆਸਮਾਨ ਹੇਠਾਂ ਬੈਠ ਕੇ ਪੜ੍ਹਾਈ ਕਰਨ ਲਈ ਮਜਬੂਰ ਹਨ। ਉੱਥੇ ਹੀ ਜਦੋਂ ਸਕੂਲ ਦੇ ਪ੍ਰਿੰਸੀਪਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਵਲੋਂ ਬਿਲਡਿੰਗ ਦਾ ਨਕਸ਼ਾ ਬਣਵਾ ਕੇ ਗ੍ਰਾਂਟ ਲਈ ਵਿਭਾਗ ਨੂੰ ਪੱਤਰ ਲਿਖਿਆ ਹੋਇਆ ਹੈ, ਪਰ ਅਜੇ ਤੱਕ ਕੋਈ ਵੀ ਗ੍ਰਾਂਟ ਜਾਰੀ ਨਹੀਂ ਹੋਈ। ਦੂਜੇ ਪਾਸੇ ਪਿੰਡ ਵਾਲਿਆਂ 'ਚ ਸਰਕਾਰ ਪ੍ਰਤੀ ਰੋਸ ਬਣਿਆ ਹੋਇਆ ਹੈ। ਜ਼ਿਲਾ ਮੋਗਾ ਦੇ ਪਿੰਡ ਮੰਡੀਰਾ ਵਾਲਾ ਪੁਰਾਣਾ ਦੇ ਸਰਕਾਰੀ ਸੈਕੰਡਰੀ ਸਕੂਲ ਦੀਆਂ ਤਸਵੀਰਾਂ ਤੋਂ ਪਤਾ ਲੱਗਦਾ ਹੈ ਕਿ ਬਿਲਡਿੰਗ ਨੂੰ ਸਰਵੇ ਦੌਰਾਨ ਸਾਲ 2016 'ਚ ਅਸਰੁੱਖਿਅਤ ਘੋਸ਼ਿਤ ਕਰ ਦਿੱਤਾ ਗਿਆ ਸੀ ਅਤੇ ਕਿਹਾ ਗਿਆ ਸੀ ਕਿ ਇਸ ਸਕੂਲ 'ਚ ਬਣੇ ਕਮਰੇ 'ਚ ਬੱਚਿਆਂ ਦੀ ਪੜ੍ਹਾਈ ਨਾ ਕਰਵਾਈ ਜਾਵੇ, ਕਿਉਂਕਿ ਕਦੀ ਵੀ ਕੋਈ ਵੱਡਾ ਹਾਦਸਾ ਹੋ ਸਕਦਾ ਹੈ। ਜਿਸ ਦੇ ਚਲਦੇ ਸਕੂਲ ਦੇ ਅਧਿਆਪਕਾਂ ਦੇ ਵਲੋਂ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਸਕੂਲ ਦੇ 65 ਤੋਂ ਵੱਧ ਬੱਚਿਆਂ ਨੂੰ ਖੁੱਲ੍ਹੇ ਆਸਮਾਨ ਹੇਠਾਂ ਪੜ੍ਹਾਇਆ ਜਾ ਰਿਹਾ ਹੈ।
