ਸਿੱਖਿਆ ਪੱਧਰ ਨੂੰ ਉੱਚਾ ਚੁੱਕਣ ਲਈ ਕੈਪਟਨ ਦਾ ਵੱਡਾ ਐਲਾਨ, ਸਰਕਾਰੀ ਸਕੂਲਾਂ ''ਚ ਪੜ੍ਹਾਈ ਜਾਵੇਗੀ ਇਟਾਲੀਅਨ ਤੇ ਫ੍ਰੈਂਚ

Tuesday, Jul 04, 2017 - 06:54 PM (IST)

ਜਲੰਧਰ(ਧਵਨ)— ਪੰਜਾਬ 'ਚ ਸਿੱਖਿਆ ਪੱਧਰ ਨੂੰ ਕੌਮਾਂਤਰੀ ਪੱਧਰ ਨਾਲ ਜੋੜਨ ਦੇ ਇਰਾਦੇ ਨਾਲ ਸਰਕਾਰ ਨੇ ਜਿੱਥੇ ਅੰਗਰੇਜ਼ੀ ਭਾਸ਼ਾ ਨੂੰ ਸਰਕਾਰੀ ਸਕੂਲਾਂ 'ਚ ਮਹੱਤਵ ਦੇਣ ਦਾ ਫੈਸਲਾ ਲਿਆ ਹੈ, ਉਥੇ ਹੀ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੱਡਾ ਐਲਾਨ ਕਰਦੇ ਹੋਏ ਸਿੱਖਿਆ ਵਿਭਾਗ ਨੂੰ ਨਿਰਦੇਸ਼ ਦਿੱਤੇ ਹਨ ਕਿ ਦਸਵੀਂ ਕਲਾਸ 'ਚ ਇਟਾਲੀਅਨ, ਫ੍ਰੈਂਚ ਸਮੇਤ 3 ਵਿਦੇਸ਼ੀ ਭਾਸ਼ਾਵਾਂ ਦੇ ਵਿਸ਼ਿਆਂ ਨੂੰ ਲਾਗੂ ਕੀਤਾ ਜਾਵੇ। ਇਨ੍ਹਾਂ ਭਾਸ਼ਾਵਾਂ ਨੂੰ ਬਦਲਵੇਂ ਵਿਸ਼ਿਆਂ ਦੇ ਰੂਪ 'ਚ ਸ਼ਾਮਲ ਕਰਨ ਬਾਰੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਸਰਕਾਰ ਦਾ ਮੰਨਣਾ ਹੈ ਕਿ ਪੰਜਾਬੀ ਵਿਦਿਆਰਥੀਆਂ ਨੂੰ ਰਾਸ਼ਟਰੀ ਅਤੇ ਕੌਮਾਂਤਰੀ ਮੁਕਾਬਲਿਆਂ 'ਚ ਹਿੱਸਾ ਲੈਣ ਦੇ ਸਮਰੱਥ ਬਣਾਉਣ ਲਈ ਅਜਿਹਾ ਕਰਨਾ ਜ਼ਰੂਰੀ ਹੈ।
ਸਰਕਾਰੀ ਹਲਕਿਆਂ ਤੋਂ ਪਤਾ ਲੱਗਾ ਹੈ ਕਿ ਸਰਕਾਰ ਕੁਝ ਵੱਡੀਆਂ ਕੰਪਨੀਆਂ ਨੂੰ ਸਰਕਾਰੀ ਸਕੂਲਾਂ ਨੂੰ ਅਡਾਪਟ ਕਰਨ ਲਈ ਕਹਿਣ ਜਾ ਰਹੀ ਹੈ। ਕਿਤੇ ਰਾਸ਼ਟਰੀ ਕੰਪਨੀਆਂ ਨੂੰ ਸਿੱਖਿਆ ਖੇਤਰ 'ਚ ਆਪਣਾ ਯੋਗਦਾਨ ਪਾਉਣ ਲਈ ਕਿਹਾ ਜਾ ਰਿਹਾ ਹੈ। ਪਤਾ ਲੱਗਾ ਹੈ ਕਿ ਇਸ ਸੰਬੰਧ 'ਚ ਮੁੱਖ ਮੰਤਰੀ ਦਫਤਰ ਵੱਲੋਂ ਵੀ ਕੁਝ ਵੱਡੀਆਂ ਰਾਸ਼ਟਰੀ ਕੰਪਨੀਆਂ ਨਾਲ ਸਿੱਧਾ ਸੰਪਰਕ ਬਣਾਇਆ ਜਾ ਰਿਹਾ ਹੈ। ਇਨ੍ਹਾਂ ਕੰਪਨੀਆਂ ਨੂੰ ਸਰਕਾਰ ਵੱਲੋਂ ਖੁਦ ਹੀ ਰਿਆਇਤਾਂ ਵੀ ਦਿੱਤੀਆਂ ਜਾਣਗੀਆਂ। ਭਾਵੇਂ ਕੁਝ ਲੋਕਾਂ ਨੇ ਅਮਰਿੰਦਰ ਸਰਕਾਰ ਵੱਲੋਂ ਅੰਗਰੇਜ਼ੀ ਭਾਸ਼ਾ ਨੂੰ ਮਹੱਤਵ ਦੇਣ ਦਾ ਵਿਰੋਧ ਵੀ ਕੀਤਾ ਪਰ ਸਰਕਾਰ ਨੇ ਆਪਣੇ ਫੈਸਲੇ 'ਤੇ ਟਿਕੇ ਰਹਿੰਦੇ ਹੋਏ ਕਿਹਾ ਕਿ ਜੇਕਰ ਅਸੀਂ ਪੰਜਾਬੀ ਨੌਜਵਾਨਾਂ ਨੂੰ ਰਾਸ਼ਟਰੀ ਅਤੇ ਕੌਮਾਂਤਰੀ ਮੁਕਾਬਲਿਆਂ 'ਚ ਉਤਰਨ ਦੇ ਕਾਬਿਲ ਨਹੀਂ ਬਣਾ ਸਕਾਂਗੇ ਤਾਂ ਫਿਰ ਉਹ ਕਿਸੇ ਵੀ ਮੁਕਾਬਲੇ 'ਚ ਅੱਗੇ ਨਹੀਂ ਵਧ ਸਕਣਗੇ। ਅਜਿਹਾ ਕਰਨ ਲਈ ਅੰਗਰੇਜ਼ੀ ਅਤੇ ਕੌਮਾਂਤਰੀ ਭਾਸ਼ਾਵਾਂ ਨੂੰ ਹੱਲਾਸ਼ੇਰੀ ਦੇਣੀ ਜ਼ਰੂਰੀ ਹੈ।


Related News