ਸਿੱਖਿਆ ਵਿਭਾਗ ਦੀ ਟੀਮ ਨੇ ਸਕੂਲਾਂ ਦੀ ਕੀਤੀ ਚੈਕਿੰਗ

04/07/2018 3:56:35 AM

ਸੁਲਤਾਨਪੁਰ ਲੋਧੀ, (ਧੀਰ, ਅਸ਼ਵਨੀ)- ਸਿੱਖਿਆ ਨੂੰ ਮਿਆਰੀ ਤੇ ਪ੍ਰਾਈਵੇਟ ਤੇ ਕਾਨਵੈਂਟ ਸਕੂਲਾਂ ਵੱਲੋਂ ਮਾਪਿਆਂ ਦੀ ਕੀਤੀ ਜਾ ਰਹੀ ਕਥਿਤ ਤੌਰ 'ਤੇ ਲੁੱਟ-ਖਸੁੱਟ ਤੋਂ ਬਚਾਉਣ ਲਈ ਅੱਜ ਵਿਧਾਇਕ ਨਵਤੇਜ ਸਿੰਘ ਚੀਮਾ ਦੇ ਐਕਸ਼ਨ ਵਿਖਾਈ ਦਿੱਤੇ, ਜਦੋਂ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਤੇ ਸੈਕਟਰੀ ਐਜੂਕੇਸ਼ਨ ਕ੍ਰਿਸ਼ਨ ਕੁਮਾਰ ਦੇ ਨਿਰਦੇਸ਼ਾਂ 'ਤੇ ਅੱਜ ਜ਼ਿਲਾ ਸਿੱਖਿਆ ਵਿਭਾਗ ਤੇ ਉਪ ਜ਼ਿਲਾ ਸਿੱਖਿਆ ਅਫਸਰ ਸੈਕੰਡਰੀ, ਬਿਕਰਮਜੀਤ ਸਿੰਘ ਥਿੰਦ, ਜ਼ਿਲਾ ਸਿੱਖਿਆ ਅਫਸਰ ਪ੍ਰਾਇਮਰੀ ਗੁਰਚਰਨ ਸਿੰਘ ਤੇ ਸਟਾਫ ਨੇ ਅੱਜ ਸੀ. ਬੀ. ਐੱਸ. ਈ. ਤੇ ਬੋਰਡ ਦੇ ਸਕੂਲਾਂ ਤੇ ਵਿਭਾਗ ਦੇ ਨਿਯਮ 'ਤੇ ਕਾਨੂੰਨ ਲਾਗੂ ਕਰਨ ਲਈ ਵੱਖ-ਵੱਖ ਸਕੂਲਾਂ ਅਕਾਲ ਅਕੈਡਮੀ ਇੰਟਰਨੈਸ਼ਨਲ ਸਕੂਲ, ਫਾਲਕਨ ਇੰਟਰਨੈਸ਼ਨਲ ਸਕੂਲ, ਦਸ਼ਮੇਸ਼ ਅਕੈਡਮੀ, ਕਰਾਇਸਟ ਜਯੋਤੀ ਕਾਨਵੈਂਟ ਸਕੂਲ, ਲਾਰਡ ਕ੍ਰਿਸ਼ਨ ਇੰਟਰਨੈਸ਼ਨਲ ਸਕੂਲ 'ਚ ਵਿਧਾਇਕ ਨਵਤੇਜ ਸਿੰਘ ਚੀਮਾ ਨਾਲ ਦਬਿਸ਼ ਕੀਤੀ ਤੇ ਸਕੂਲ ਵੱਲੋਂ ਲਏ ਜਾ ਰਹੇ ਫੀਸ ਇਨਸਟਰੱਕਚਰ, ਟਰਾਂਸਪੋਰਟ ਸੇਵਾ, ਕਿਤਾਬਾਂ ਤੇ ਹੋਰ ਸਕੂਲਾਂ ਲਈ ਜ਼ਰੂਰੀ ਰਿਕਾਰਡਾਂ ਦੀ ਗਹਿਰੀ ਜਾਂਚ ਪੜਤਾਲ ਕੀਤੀ। 
ਚੈਕਿੰਗ ਦੌਰਾਨ ਸਕੂਲਾਂ 'ਚ ਪਾਈਆਂ ਜਾਣ ਵਾਲੀਆਂ ਕਮੀਆਂ ਬਾਰੇ ਪੂਰੀ ਤਰ੍ਹਾਂ ਸਕੂਲ ਸਟਾਫ ਤੇ ਮੈਨਜਿੰਗ ਕਮੇਟੀ ਕੋਲੋਂ ਵੀ ਸਵਾਲ ਪੁੱਛੇ। ਮਾਮੂਲੀ ਕਮੀਆਂ ਪਾਉਣ ਵਾਲੀਆਂ ਕੁਝ ਸਕੂਲਾਂ ਨੂੰ ਤਾਂ ਵਾਰਨਿੰਗ ਦਿੱਤੀ ਤੇ ਕੁਝ ਨੂੰ ਨੋਟਿਸ ਭੇਜਣ ਲਈ ਵੀ ਕਿਹਾ। ਵਿਭਾਗ ਵੱਲੋਂ ਕੀਤੀ ਜਾਂਚ ਪੜਤਾਲ ਤੇ ਇਹ ਵੇਖਿਆ ਗਿਆ ਕਿ ਪ੍ਰਾਈਵੇਟ ਤੇ ਕਾਨਵੈਂਟ ਵਾਲੇ ਕੁਝ ਸਕੂਲਾਂ ਜਿਥੇ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀਆਂ ਖੁੱਲ੍ਹੇ ਆਮ ਧੱਜੀਆਂ ਉਡਾਈਆਂ ਜਾ ਰਹੀਆਂ, ਉਥੇ ਬੱਚਿਆਂ ਦੇ ਜੀਵਨ ਦੀ ਸੁਰੱਖਿਆ ਨਾਲ ਵੀ ਸ਼ਰੇਆਮ ਖਿਲਵਾੜ ਕੀਤਾ ਜਾ ਰਿਹਾ ਹੈ। ਮਨਮਰਜ਼ੀ ਦੀਆਂ ਫੀਸਾਂ ਵਸੂਲਣਾ, ਟਿਊਸ਼ਨ ਫੀਸ ਤੇ ਸਕੂਲ ਡਿਵੈਲਪਮੈਂਟ ਦੇ ਨਾਲ ਤੇ ਗੋਰਖਧੰਦਾ, ਸਕੂਲ  ਦੀ ਮਾਨਤਾ ਹਾਸਲ ਕਰਨ ਵੇਲੇ ਵਿਭਾਗ ਨੂੰ ਕੁਝ ਲਿਖ ਕੇ ਦੇਣਾ ਤੇ ਸਮਾਰਟ ਕਲਾਸਾਂ ਦੇ ਨਾਂ 'ਤੇ ਕੀਤੀ ਜਾ ਰਹੀ ਲੁੱਟ-ਖਸੁੱਟ ਦੀ ਚੈਕਿੰਗ ਦੌਰਾਨ ਸਾਹਮਣੇ ਆਈ ਹੈ। ਵਰਦੀ ਦੇ ਲਈ ਤੇ ਕਾਪੀਆਂ ਕਿਤਾਬਾਂ ਖਰੀਦਣ ਲਈ ਬੱਚਿਆਂ ਨੂੰ ਮਜਬੂਰ ਕਰ ਕੇ ਮਾਪਿਆਂ ਦੇ ਕੋਲੋਂ ਮਨਮਰਜ਼ੀ ਦੇ ਰੇਟ ਵਸੂਲ ਕਰਕੇ ਉਨ੍ਹਾਂ ਦਾ ਸ਼ੋਸ਼ਨ ਕੀਤਾ ਜਾ ਰਿਹਾ ਹੈ ਤੇ ਜੇ ਕੋਈ ਮਾਪਿਆਂ ਵਲੋਂ ਇਸ ਦੇ ਵਿਰੁੱਧ ਆਵਾਜ਼ ਉਠਾਈ ਜਾਂਦੀ ਹੈ ਤਾਂ ਉਸ ਦੇ ਬੱਚੇ ਨੂੰ ਅਗਲੇ ਸਾਲ ਤੋਂ ਸਕੂਲ 'ਚ ਦਾਖਿਲਾ ਨਾ ਦੇਣ ਦੀਆਂ ਧਮਕੀਆਂ ਆਦਿ ਵੀ ਸਾਹਮਣੇ ਆਈਆਂ ਹਨ। ਸਕੂਲ ਦੀ ਬਿਲਡਿੰਗ ਵਾਸਤੇ ਜ਼ਰੂਰੀ ਜਗ੍ਹਾ ਸੀ. ਸੀ. ਟੀ. ਟੀ. ਕੈਮਰੇ, ਆਰ. ਓ. ਪਾਣੀ ਆਦਿ ਦੀਆਂ ਵੀ ਖਾਮੀਆਂ ਕਈ ਸਕੂਲਾਂ 'ਚ ਸਾਹਮਣੇ ਆਈਆਂ ਹਨ, ਜਿਸ ਸਬੰਧੀ ਕਈ ਸਕੂਲਾਂ ਨੂੰ ਲਿਖਿਤ ਤੌਰ 'ਤੇ ਵੀ ਸੂਚਨਾ ਦੇਣ ਨੂੰ ਕਿਹਾ ਗਿਆ ਹੈ।
ਮਾਪਿਆਂ ਵੱਲੋਂ ਮਿਲੀਆਂ ਸ਼ਿਕਾਇਤਾਂ ਦੇ ਆਧਾਰ 'ਤੇ ਕੀਤੀ ਚੈਕਿੰਗ : ਚੀਮਾ
ਜਦੋਂ ਇਸ ਸਬੰਧੀ ਸਥਾਨਕ ਵਿਧਾਇਕ ਨਵਤੇਜ ਸਿੰਘ ਚੀਮਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਲਗਾਤਾਰ ਮਾਪਿਆਂ ਵੱਲੋਂ ਮਿਲ ਰਹੀਆਂ ਸ਼ਿਕਾਇਤਾਂ ਦੇ ਆਧਾਰ 'ਤੇ ਹੀ ਸੁਲਤਾਨਪੁਰ ਲੋਧੀ ਦੇ ਪ੍ਰਾਈਵੇਟ ਸਕੂਲਾਂ ਦੀ ਚੈਕਿੰਗ ਕੀਤੀ ਗਈ ਹੈ । ਉਨ੍ਹਾਂ ਕਿਹਾ ਕਿ ਪ੍ਰਾਈਵੇਟ ਸਕੂਲਾਂ ਵੱਲੋਂ ਜਿਹੜੀਆਂ ਬੇਨਿਯਮੀਆਂ ਕੀਤੀਆਂ ਜਾ ਰਹੀਆਂ ਹਨ, ਉਨ੍ਹਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ । ਸਰਕਾਰ ਵੱਲੋਂ ਦਿੱਤੀਆਂ ਹਦਾਇਤਾਂ ਦੀ ਉਲੰਘਣਾ ਕਰਨ ਵਾਲੇ ਸਕੂਲਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ । 
ਬੇਨਿਯਮੀਆਂ ਕਰ ਰਹੇ ਸਕੂਲਾਂ ਵਿਰੁੱਧ ਹੋਵੇਗੀ ਸਖਤ ਕਾਰਵਾਈ : ਥਿੰਦ                       
ਇਸ ਅਚਨਚੇਤ ਕੀਤੇ ਵਿਸ਼ੇਸ਼ ਐਕਸ਼ਨ ਸਬੰਧੀ ਉਪ ਜ਼ਿਲਾ ਸਿੱਖਿਆ ਅਫ਼ਸਰ (ਸ) ਕਪੂਰਥਲਾ ਬਿਕਰਮਜੀਤ ਸਿੰਘ ਥਿੰਦ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਹੀ ਇਹ ਅਚਨਚੇਤ ਨਿਰੀਖਣ ਕੀਤਾ ਗਿਆ ਹੈ । ਉਨ੍ਹਾਂ ਦੱਸਿਆ ਕਿ ਜਿਨ੍ਹਾਂ ਸਕੂਲਾਂ ਨੇ ਨਿਯਮਾਂ ਦੇ ਉਲਟ ਬੇਨਿਯਮੀਆਂ ਕੀਤੀਆਂ ਹਨ, ਉਨ੍ਹਾਂ ਵਿਰੁੱਧ ਨੋਟਿਸ ਜਾਰੀ ਕੀਤੇ ਜਾਣਗੇ ਅਤੇ ਵਿਭਾਗ ਨੂੰ ਮਾਨਤਾ ਰੱਦ ਕਰਨ ਬਾਰੇ ਲਿਖਿਆ ਜਾਵੇਗਾ । ਉਨ੍ਹਾਂ ਅਜਿਹੇ ਸਕੂਲਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਜੇ ਕਿਸੇ ਵੀ ਪ੍ਰਾਈਵੇਟ ਸੰਸਥਾ ਵੱਲੋਂ ਵਾਧੂ ਫੀਸ ਲਈ ਜਾ ਰਹੀ ਹੈ ਤਾਂ ਉਹ ਵਿਭਾਗ ਨੂੰ ਸੂਚਿਤ ਕਰਨ ਤਾਂ ਜੋ ਅਜਿਹੇ ਸਕੂਲਾਂ ਵਿਰੁੱਧ ਬਣਦੀ ਵਿਭਾਗੀ ਕਾਰਵਾਈ ਕੀਤੀ ਜਾ ਸਕੇ ।


Related News