5178 ਸਕੀਮ ਵਾਲੇ ਅਧਿਆਪਕਾਂ ਦੀ ਤਨਖਾਹ ''ਤੇ ਵਿੱਤ ਵਿਭਾਗ ਨੇ ਲਾਈ ਰੋਕ
Sunday, Jul 22, 2018 - 07:09 AM (IST)

ਚੰਡੀਗੜ੍ਹ (ਭੁੱਲਰ) - 5178 ਸਕੀਮ ਤਹਿਤ ਸਿੱਖਿਆ ਵਿਭਾਗ ਪੰਜਾਬ 'ਚ ਕੰਮ ਕਰ ਰਹੇ ਕੰਟ੍ਰੈਕਟ ਬੇਸਡ ਅਧਿਆਪਕਾਂ ਦੀ ਤਨਖਾਹ 'ਤੇ ਵਿੱਤ ਵਿਭਾਗ ਵਲੋਂ ਅਗਲੇ ਹੁਕਮਾਂ ਤੱਕ ਰੋਕ ਲਾ ਦਿੱਤੀ ਗਈ ਹੈ। ਇਸ ਸਬੰਧੀ ਜ਼ਿਲਾ ਸਿੱਖਿਆ ਅਧਿਕਾਰੀਆਂ ਨੂੰ ਜ਼ਿਲਾ ਖਜ਼ਾਨਾ ਅਫ਼ਸਰਾਂ ਰਾਹੀਂ ਪੱਤਰ ਜਾਰੀ ਕੀਤੇ ਗਏ ਹਨ। ਜ਼ਿਲਾ ਖਜ਼ਾਨਾ ਅਫ਼ਸਰ ਸ੍ਰੀ ਮੁਕਤਸਰ ਸਾਹਿਬ ਨੂੰ ਜ਼ਿਲਾ ਸਿੱਖਿਆ ਅਫ਼ਸਰ ਵਲੋਂ ਜਾਰੀ ਕੀਤੇ ਗਏ ਇਸ ਪੱਤਰ ਦੀ ਪ੍ਰਾਪਤ ਹੋਈ ਕਾਪੀ ਅਨੁਸਾਰ ਇਹ ਕਾਰਵਾਈ ਇਸ ਲਈ ਕੀਤੀ ਗਈ ਹੈ, ਕਿਉਂਕਿ ਇਸ ਸਕੀਮ ਵਾਲੇ ਅਧਿਆਪਕ ਕੰਟ੍ਰੈਕਟ ਖਤਮ ਹੋਣ ਤੋਂ ਬਾਅਦ ਵੀ ਕੰਟ੍ਰੈਕਟ 'ਚ ਸਰਕਾਰ ਵਲੋਂ ਵਾਧਾ ਨਾ ਕੀਤੇ ਜਾਣ ਦੇ ਬਾਵਜੂਦ ਕੰਮ ਕਰ ਰਹੇ ਹਨ। ਜ਼ਿਲਾ ਖ਼ਜ਼ਾਨਾ ਅਫ਼ਸਰ ਵਲੋਂ ਲਿਖੇ ਪੱਤਰ ਵਿਚ ਕਿਹਾ ਗਿਆ ਹੈ ਕਿ ਇਨ੍ਹਾਂ ਅਧਿਆਪਕਾਂ ਦੀ ਨਿਯੁਕਤੀ ਦਾ ਕੰਟ੍ਰੈਕਟ ਤਿੰਨ ਸਾਲ ਦਾ ਸੀ, ਜੋ ਕਿ ਦਸੰਬਰ, 2017 ਵਿਚ ਖਤਮ ਹੋ ਚੁੱਕਾ ਹੈ।
ਜਾਰੀ ਪੱਤਰ ਵਿਚ ਕਿਹਾ ਗਿਆ ਹੈ ਕਿ ਇਸ ਦੇ ਬਾਵਜੂਦ ਸਕੂਲਾਂ ਦੇ ਪ੍ਰਿੰਸੀਪਲਾਂ ਤੇ ਮੁੱਖ ਅਧਿਆਪਕਾਂ ਵਲੋਂ ਇਨ੍ਹਾਂ ਅਧਿਆਪਕਾਂ ਦੀ ਤਨਖਾਹ ਕਢਵਾਈ ਜਾ ਰਹੀ ਹੈ, ਜਦਕਿ ਸਿੱਖਿਆ ਵਿਭਾਗ ਜਾਂ ਸਰਕਾਰ ਨੇ ਕੰਟ੍ਰੈਕਟ ਦੀ ਮਿਆਦ ਵਿਚ ਕੋਈ ਵਾਧਾ ਨਹੀਂ ਕੀਤਾ ਤੇ ਨਾ ਹੀ ਇਨ੍ਹਾਂ ਅਧਿਆਪਕਾਂ ਨੂੰ ਰੈਗੂਲਰ ਕਰਨ ਦਾ ਕੋਈ ਫੈਸਲਾ ਹੋਇਆ ਹੈ। ਜ਼ਿਲਾ ਖਜ਼ਾਨਾ ਅਫ਼ਸਰ ਦੇ ਪੱਤਰ ਵਿਚ ਇਹ ਵੀ ਕਿਹਾ ਗਿਆ ਹੈ ਕਿ ਕੰਟ੍ਰੈਕਟ ਖਤਮ ਹੋਣ ਦੇ ਬਾਵਜੂਦ ਤਨਖਾਹਾਂ ਕਢਵਾਉਣ ਦਾ ਕੋਈ ਵੀ ਵਿੱਤੀ ਆਦੇਸ਼ ਸਰਕਾਰ ਵਲੋਂ ਜਾਰੀ ਨਹੀਂ ਹੋਇਆ ਤੇ ਨਾ ਹੀ ਇਨ੍ਹਾਂ ਪੋਸਟਾਂ ਦੀ ਮਨਜ਼ੂਰੀ ਦਿੱਤੀ ਗਈ ਹੈ।